‘ਚੰਦੂ ਚੈਂਪੀਅਨ’ ਮੇਰੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਅਤੇ ਮੌਕਾ : ਕਾਰਤਿਕ ਆਰੀਅਨ

06/11/2024 2:23:02 PM

ਕਾਰਤਿਕ ਆਰੀਅਨ ਦੀ ਫਿਲਮ ‘ਚੰਦੂ ਚੈਂਪੀਅਨ’ ਰਿਲੀਜ਼ ਤੋਂ ਪਹਿਲਾਂ ਹੀ ਸੁਰਖ਼ੀਆਂ ’ਚ ਹੈ। ਫਿਲਮ ਦੇ ਟ੍ਰੇਲਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ‘ਚੰਦੂ ਚੈਂਪੀਅਨ’ ਫ੍ਰੀ ਸਟਾਈਲ ਤੈਰਾਕੀ ’ਚ ਭਾਰਤ ਦੇ ਪਹਿਲੇ ਪੈਰਾਲੰਪਿਕ ਸੋਨ ਤਮਗਾ ਜੇਤੂ ਮੁਰਲੀਕਾਂਤ ਪੇਟਕਰ ਦੇ ਜੀਵਨ ’ਤੇ ਆਧਾਰਿਤ ਹੈ। ਫਿਲਮ ’ਚ ਕਾਰਤਿਕ ਨੇ ਮੁਰਲੀਕਾਂਤ ਦਾ ਕਿਰਦਾਰ ਨਿਭਾਇਆ ਹੈ। ਇਹ ਫਿਲਮ 14 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫਿਲਮ ਬਾਰੇ ਨਿਰਦੇਸ਼ਕ ਕਬੀਰ ਖ਼ਾਨ ਅਤੇ ਕਾਰਤਿਕ ਆਰੀਅਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :
ਮੈਂ ਹਰ ਚੀਜ਼ ਬਾਰੇ ਖਿਡਾਰੀ ਦੀ ਤਰ੍ਹਾਂ ਹੀ ਸੋਚਣਾ ਸ਼ੁਰੂ ਕਰ ਦਿੱਤਾ ਹੈ: ਕਾਰਤਿਕ ਆਰੀਅਨ

‘ਚੰਦੂ ਚੈਂਪੀਅਨ’ ਵੱਖਰੀ ਅਤੇ ਵਧੇਰੇ ਮਿਹਨਤ ਵਾਲੀ ਫਿਲਮ ਹੈ ਤਾਂ ਇਸ ਨੂੰ ਹਾਂ ਕਹਿਣ ਦਾ ਕਾਰਨ ਕੀ ਸੀ?
ਇਹ ਕਬੀਰ ਸਰ ਦੀ ਫਿਲਮ ਸੀ। ਇਸ ਤੋਂ ਇਲਾਵਾ ਇਸ ਦੀ ਸਕ੍ਰਿਪਟ ਨੂੰ ਹਾਂ ਕਹਿਣ ਦਾ ਇਕ ਖ਼ਾਸ ਕਾਰਨ ਸੀ। ਇਸ ਫਿਲਮ ਦੀ ਕਹਾਣੀ ਇੰਨੀ ਮਜ਼ਬੂਤ ਸੀ ਕਿ ਮੈਨੂੰ ਯਕੀਨ ਨਹੀਂ ਹੋਇਆ ਕਿ ਇਹ ਇਕ ਸੱਚੀ ਕਹਾਣੀ ਹੈ। ਜੇ ਇਹ ਕਾਲਪਨਿਕ ਕਹਾਣੀ ਹੁੰਦੀ ਤਾਂ ਸ਼ਾਇਦ ਕੋਈ ਇਸ ’ਤੇ ਭਰੋਸਾ ਵੀ ਨਾ ਕਰਦਾ। ਇਸ ਕਹਾਣੀ ਦਾ ਇਹੋ ਬਿੰਦੂ ਮੈਨੂੰ ਕਾਫ਼ੀ ਹੈਰਾਨ ਕਰਨ ਵਾਲਾ ਲੱਗਿਆ। ਨਾਲ ਹੀ ਥੋੜ੍ਹਾ ਦੁੱਖ ਵੀ ਹੋਇਆ ਸੀ ਕਿ ਇੰਨੀ ਵੱਡੀ ਕਹਾਣੀ ਕਿਸੇ ਨੂੰ ਪਤਾ ਹੀ ਨਹੀਂ ਹੈ, ਇਸ ਨੂੰ ਤਾਂ ਇਤਿਹਾਸਕ ਹੋਣਾ ਚਾਹੀਦਾ ਹੈ। ਲੋਕ ਇਸ ਕਹਾਣੀ ਤੋਂ ਪ੍ਰੇਰਿਤ ਹੋਣਗੇ। ਮੇਰੇ ਲਈ ਤਾਂ ਇਹ ਬਹੁਤ ਵੱਡੀ ਜ਼ਿੰਮੇਵਾਰੀ ਅਤੇ ਮੌਕਾ ਹੈ। ਇਸ ਫਿਲਮ ਨੂੰ ਹਾਂ ਕਹਿਣ ਲਈ ਸਿਰਫ਼ ਇਕ ਨਹੀਂ ਸਗੋਂ ਬਹੁਤ ਸਾਰੇ ਕਾਰਨ ਸਨ।

‘ਚੰਦੂ ਚੈਂਪੀਅਨ’ ਕਰਨ ਤੋਂ ਬਾਅਦ ਤੁਹਾਡੇ ’ਚ ਅਦਾਕਾਰ ਅਤੇ ਵਿਅਕਤੀ ਹੋਣ ਦੇ ਨਾਤੇ ਕੀ ਬਦਲਾਅ ਆਇਆ ਹੈ?
ਮੇਰੇ ਦੋ ਸਾਲ ਇਸ ’ਚ ਲੱਗੇ ਸਨ, ਇਸੇ ਕਾਰਨ ਇਹ ਕਿਰਦਾਰ ਲੰਬੇ ਸਮੇਂ ਤੱਕ ਮੇਰੇ ਦਿਮਾਗ਼ ’ਚ ਰਿਹਾ। ਉਹ ਕਿਵੇਂ ਸੋਚਦੇ ਸਨ, ਉਨ੍ਹਾਂ ਦੀਆਂ ਭਾਵਨਾਵਾਂ ਕੀ ਸਨ ਜਾਂ ਜਦੋਂ ਕੋਈ ਦੁੱਖਦਾਈ ਦ੍ਰਿਸ਼ ਹੁੰਦਾ ਸੀ ਤਾਂ ਉਨ੍ਹਾਂ ਨੇ ਕੀ ਅਨੁਭਵ ਕੀਤਾ ਹੋਵੇਗਾ, ਇਹ ਸਭ ਮੇਰੇ ਦਿਮਾਗ਼ ’ਚ ਚੱਲਦਾ ਰਹਿੰਦਾ ਸੀ। ਅਜਿਹੇ ਸਮੇਂ ਤੁਹਾਡੀ ਸੋਚ ਉਸ ਵਿਅਕਤੀ ਨਾਲ ਅੰਦਰੂਨੀ ਤੌਰ ’ਤੇ ਜੁੜਨ ਲੱਗਦੀ ਹੈ ਕਿਉਂਕਿ ਉਸ ਕਿਰਦਾਰ ’ਚ ਮੇਰਾ ਕਾਫ਼ੀ ਸਮਾਂ ਲੱਗਾ ਹੈ ਤਾਂ ਸੋਚ ਤੁਹਾਡੀ ਹੈ ਜਾਂ ਉਸ ਕਿਰਦਾਰ ਦੀ, ਇਹ ਵੀ ਫ਼ਰਕ ਕਰਨਾ ਹੁੰਦਾ ਹੈ।

ਮੈਂ ਹੁਣ ਤੱਕ ਜਿੰਨੇ ਵੀ ਕਿਰਦਾਰ ਨਿਭਾਏ ਹਨ, ਉਨ੍ਹਾਂ ’ਚੋਂ ਸਭ ਤੋਂ ਵੱਧ ਸਮਾਂ ਚੰਦੂ ਚੈਂਪੀਅਨ ਨੂੰ ਦਿੱਤਾ ਹੈ। ਇਸ ਕਰਕੇ ਮੇਰੀ ਜੀਵਨ ਸ਼ੈਲੀ ਵੀ ਬਦਲੀ ਹੋਈ ਹੈ। ਮੈਂ ਹਰ ਚੀਜ਼ ਬਾਰੇ ਖਿਡਾਰੀ ਦੀ ਤਰ੍ਹਾਂ ਸੋਚਣ ਲੱਗਾ ਹਾਂ। ਭਾਵੇਂ ਉਹ ਖਾਣਾ ਹੋਵੇ, ਸੌਣਾ ਹੋਵੇ, ਜਿਮ ਰੁਟੀਨ ਹੋਵੇ, ਉਨ੍ਹਾਂ ਨੇ ਹਰ ਹਾਲਤ ’ਚ ਖ਼ੁਦ ਨੂੰ ਸਾਬਿਤ ਕੀਤਾ। ਇਨ੍ਹਾਂ ਸਾਰੀਆਂ ਗੱਲਾਂ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ। ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਮੇਰੇ ਦਿਲ-ਦਿਮਾਗ਼ ’ਚ ਰਹਿ ਗਈਆਂ।

ਕਹਾਣੀ ਦੀ ਦੁਨੀਆ ਨੂੰ ਬਹੁਤ ਅਸਲੀ ਰੱਖਣ ਦੀ ਕੋਸ਼ਿਸ਼ ਕਰਦਾ ਹਾਂ: ਕਬੀਰ ਖ਼ਾਨ

ਕੀ ‘ਚੰਦੂ ਚੈਂਪੀਅਨ’ ਜ਼ਿੰਦਗੀ ਤੋਂ ਵੱਡੀ ਪਰ ਇਕ ਲਾਈਟ ਸਟੋਰੀ ਹੈ?
‘ਚੰਦੂ ਚੈਂਪੀਅਨ’ ਦੀ ਕਹਾਣੀ ਲਾਰਜਰ ਦੈਨ ਲਾਈਫ ਹੈ। ਜੇ ਇਹ ਕਾਲਪਨਿਕ ਕਹਾਣੀ ਹੁੰਦੀ ਤਾਂ ਲੋਕ ਇਸ ਨੂੰ ਓਵਰ ਦਿ ਟਾਪ ਸਟੋਰੀ ਕਹਿੰਦੇ ਜਾਂ ਇਸ ਨੂੰ ਜ਼ਿਆਦਾ ਹੀ ਫੈਂਟਾਸਟਿਕ ਜ਼ੋਨ ’ਚ ਲੈ ਗਏ, ਅਜਿਹਾ ਕਹਿਣਗੇ ਪਰ ਇਹ ਕਹਾਣੀ ਬਹੁਤ ਭਾਵੁਕ, ਡਰਾਮਾ ਤੇ ਮਨੋਰੰਜਕ ਹੈ। ਮੇਰੀ ਹਮੇਸ਼ਾ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਕਹਾਣੀ ਦੀ ਦੁਨੀਆ ਨੂੰ ਬਹੁਤ ਹੀ ਅਸਲੀ ਰੱਖਿਆ ਜਾਵੇ ਤੇ ਕਿਤੇ ਨਾ ਕਿਤੇ ਦਰਸ਼ਕ ਮੇਰੀਆਂ ਕਹਾਣੀਆਂ ’ਚ ਇਹੋ ਚੀਜ਼ ਪਸੰਦ ਕਰਦੇ ਹਨ।
ਕਹਾਣੀ ਤੁਹਾਡੀ ਵੱਡੀ ਹੋ ਸਕਦੀ ਹੈ ਪਰ ਜੋ ਤੁਸੀਂ ਉਸ ਨੂੰ ਟ੍ਰੀਟਮੈਂਟ ਦਿੰਦੇ ਹੋ, ਉਹ ਬਹੁਤ ਅਸਲੀ ਹੋਣਾ ਚਾਹੀਦਾ ਹੈ। ਭਾਵੇਂ ਉਹ ਕੱਪੜਿਆਂ ਦੀ ਡਿਟੇਲਿੰਗ ਹੋਵੇ ਜਾਂ ਲੋਕੇਸ਼ਨ, ਜਦੋਂ ਇਨ੍ਹਾਂ ਸਾਰੀਆਂ ਗੱਲਾਂ ਵੱਲ ਧਿਆਨ ਦਿੱਤਾ ਜਾਂਦਾ ਹੈ ਤਾਂ ਉਹ ਵੀ ਅਸਲੀ ਦਿਸਦਾ ਵੀ ਹੈ। ਇਹ ਤਾਂ ਇਕ ਸੱਚੀ ਕਹਾਣੀ ਹੈ ਤੇ ਇਸ ’ਚ ਤਾਂ ਲੱਗਣਾ ਹੀ ਚਾਹੀਦਾ ਹੈ। ਇਸ ਲਈ ਸਾਨੂੰ ਜ਼ਿਆਦਾ ਤਿਆਰੀ ਕਰਨੀ ਪਈ।

ਤੁਹਾਡੀਆਂ ਫਿਲਮਾਂ ਦਾ ਕੰਟੈਂਟ ਕਦੇ ਬੋਰ ਨਹੀਂ ਕਰਦਾ, ਇਸ ਦਾ ਸੀਕ੍ਰੇਟ ਫਾਰਮੂਲਾ ਕੀ ਹੈ?
ਇਸ ਦਾ ਕੋਈ ਸੀਕ੍ਰੇਟ ਫਾਰਮੂਲਾ ਨਹੀਂ ਹੈ, ਬਸ ਇਹੋ ਫਾਰਮੂਲਾ ਹੈ ਕਿ ਮੈਂ ਸਕ੍ਰੀਨਪਲੇਅ ’ਤੇ ਬਹੁਤ ਕੰਮ ਕਰਦਾ ਹਾਂ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਸਿਰਫ਼ ਉਹੀ ਸੀਨ ਹੋਣ, ਜੋ ਤੁਹਾਡਾ ਮਨੋਰੰਜਨ ਕਰਦੇ ਹਨ ਤੇ ਕਹਾਣੀ ਨੂੰ ਅੱਗੇ ਲੈ ਜਾਂਦੇ ਹਨ। ਜੇ ਕਿਸੇ ਸੀਨ ਨੂੰ ਹਟਾ ਦਿਓ ਅਤੇ ਅੱਗੇ-ਪਿੱਛੇ ਕਹਾਣੀ ’ਚ ਕੋਈ ਫ਼ਰਕ ਨਾ ਪਵੇ ਤਾਂ ਉਸ ਸੀਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਜੇ ਸੀਨ ਹਟੇ ਤੇ ਫਿਰ ਕਹਾਣੀ ਪ੍ਰਭਾਵਿਤ ਹੋਵੇ ਤਾਂ ਮੈਂ ਸੀਨ ’ਤੇ ਫੋਕਸ ਕਰਦਾ ਹਾਂ। ਮੈਂ ਇਸ ਨੂੰ ਰਿਅਲ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਜਦੋਂ ਚੀਜ਼ਾਂ ਪ੍ਰਵਾਹ ਨਾਲ ਚੱਲਦੀਆਂ ਹਨ ਤਾਂ ਕਹਾਣੀ ਮਨੋਰੰਜਨ ਕਰਦੀ ਹੈ। ਹਿਊਮਰ, ਇਮੋਸ਼ਨ ਸਾਰਿਆਂ ਨੂੰ ਰਿਅਲ ਰੱਖਣ ਦੀ ਕੋਸ਼ਿਸ਼ ਕਰਦਾ ਹਾਂ।

ਤੁਹਾਡੀਆਂ ਫਿਲਮਾਂ ’ਚ ਸਟਾਰ ਨੂੰ ਇਕ ਵੱਖਰੇ ਤਰੀਕੇ ਨਾਲ ਦਿਖਾਇਆ ਜਾਂਦਾ ਹੈ, ਜਿਸ ’ਚ ਸਿਰਫ਼ ਕਿਰਦਾਰ ਹੀ ਨਜ਼ਰ ਆਉਂਦਾ ਹੈ। ਤੁਸੀਂ ਇਸ ’ਤੇ ਕੀ ਕਹੋਗੇ?
ਸਟਾਰ ਨਾਲ ਅਜਿਹਾ ਹੁੰਦਾ ਹੈ ਕਿ ਉਹ ਕਿਸੇ ਫਿਲਮ ਲਈ ਦਰਸ਼ਕਾਂ ਨੂੰ ਆਕਰਸ਼ਿਤ ਕਰਦਾ ਹੈ। ਉਹ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਲਿਆਉਂਦਾ ਹੈ ਪਰ ਮੇਰਾ ਇਕ ਫ਼ਰਜ਼ ਹੈ ਕਿ ਫਿਲਮ ਸ਼ੁਰੂ ਹੋਣ ਤੋਂ 10 ਮਿੰਟ ਬਾਅਦ ਲੋਕ ਭੁੱਲ ਜਾਣ ਕਿ ਉਹ ਇਕ ਸਟਾਰ ਹੈ, ਬਸ ਉਸ ਦਾ ਕਿਰਦਾਰ ਨਜ਼ਰ ਆਵੇ। ਜਿਵੇਂ ‘ਬਜਰੰਗੀ ਭਾਈਜਾਨ’ ਸ਼ੁਰੂ ਹੋਣ ਤੋਂ ਬਾਅਦ ਲੋਕ ਭੁੱਲ ਜਾਣ ਕਿ ਉਹ ਸਲਮਾਨ ਖ਼ਾਨ ਹੈ, ਉਹ ਸਿਰਫ਼ ਬਜਰੰਗੀ ਲੱਗੇ। ਇਹ ਅਸੀਂ ‘ਚੰਦੂ ਚੈਂਪੀਅਨ’ ’ਚ ਵੀ ਅਚੀਵ ਕੀਤਾ ਹੈ। ਜਦੋਂ ਤੁਸੀਂ ਫਿਲਮ ਦੇਖਣਾ ਸ਼ੁਰੂ ਕਰੋਗੇ, ਉਦੋਂ ਤੁਹਾਨੂੰ ਲੱਗੇਗਾ ਕਿ ਇਹ ਕਾਰਤਿਕ ਆਰੀਅਨ ਹੈ ਪਰ ਉਸ ਤੋਂ ਬਾਅਦ ਸਿਰਫ਼ ਮੁਰਲੀਕਾਂਤ ਪੇਟਕਰ ਹੀ ਨਜ਼ਰ ਆਉਣਗੇ। ਜਦੋਂ ਲੋਕ ਤੁਹਾਨੂੰ ਤੁਹਾਡੀ ਪਛਾਣ ਦੀ ਬਜਾਏ ਤੁਹਾਡੇ ਕਿਰਦਾਰ ਨਾਲ ਜਾਣਨ ਤਾਂ ਉਹ ਇਕ ਸ਼ਾਨਦਾਰ ਅਨੁਭਵ ਹੁੰਦਾ ਹੈ।

ਫਿਲਮ ’ਚ ਤੁਹਾਡੀ ਜ਼ਬਰਦਸਤ ਬਾਡੀ ਦੇਖਣ ਨੂੰ ਮਿਲ ਰਹੀ ਹੈ ਤਾਂ ਕੀ ਤੁਸੀਂ ਫਿਟਨੈੱਸ ਦੇ ਕੁਝ ਟਿਪਸ ਦਿਓਗੇ?
‘ਚੰਦੂ ਚੈਂਪੀਅਨ’ ’ਚ ਅਜਿਹੀ ਬਾਡੀ ਲਈ ਮੈਂ ਬਹੁਤ ਕੁਝ ਕੀਤਾ ਹੈ। ਜੇ ਤੁਸੀਂ ਖੰਡ ਛੱਡ ਦਿੰਦੇ ਹੋ ਤਾਂ ਇਹ ਕਾਫ਼ੀ ਹੋਵੇਗਾ। ਸਧਾਰਨ ਟਿਪਸ ਇਹ ਹਨ ਕਿ ਹੈਵੀ ਡਿਨਰ ਕਰਨਾ ਛੱਡ ਦਿਓ। ਸੌਣ ਤੋਂ ਇਕ ਘੰਟਾ ਪਹਿਲਾਂ ਖਾਣਾ ਖਾ ਲੈਣਾ ਚਾਹੀਦਾ ਹੈ। ਸਾਡੀਆਂ ਆਦਤਾਂ ਵਿਗੜਦੀਆਂ ਜਾ ਰਹੀਆਂ ਹਨ।

ਤੁਸੀਂ ਫਿਲਮ ਦਾ ਟਾਈਟਲ ਕਿਵੇਂ ਚੁਣਿਆ?
‘ਚੰਦੂ ਚੈਂਪੀਅਨ’ ਇਕ ਫਿਲਾਸਫੀ ਹੈ। ਟ੍ਰੇਲਰ ’ਚ ਇਕ ਲਾਈਨ ਹੈ, ਜਦੋਂ ਕਾਰਤਿਕ ਕਹਿੰਦੇ ਹਨ ਕਿ ਮੈਂ ਹਰ ਉਸ ਚੰਦੂ ਲਈ ਲੜਨਾ ਚਾਹੁੰਦਾ ਹਾਂ, ਜੋ ਚੈਂਪੀਅਨ ਬਣ ਸਕਦਾ ਹੈ। ਕਈ ਵਾਰ ਲੋਕਾਂ ਦੇ ਸੁਪਨਿਆਂ ਨੂੰ ਲੈ ਕੇ ਜੱਜ ਕੀਤਾ ਜਾਂਦਾ ਹੈ, ਕੁਝ ਲੋਕ ਹੱਸਦੇ ਹਨ ਪਰ ਉਨ੍ਹਾਂ ’ਚ ਚੈਂਪੀਅਨ ਬਣਨ ਲਈ ਯੋਗਤਾ ਹੁੰਦੀ ਹੈ ਤੇ ਉਨ੍ਹਾਂ ਨੂੰ ਕੋਈ ਵੀ ਰੋਕ ਨਹੀਂ ਸਕਦਾ। ਇਹ ਇਕ ਸਪੈਸ਼ਲ ਸਟੇਟਮੈਂਟ ਹੈ, ਜੋ ਲੋਕਾਂ ਨੂੰ ਪ੍ਰੇਰਿਤ ਵੀ ਕਰੇ ਕਿ ਚੰਦੂ ਹੀ ਚੈਂਪੀਅਨ ਹੈ।


sunita

Content Editor

Related News