ਗਲਾਸਗੋ: ਡਾ. ਮਰਿਦੁਲਾ ਚੱਕਰਬਰਤੀ ਦਾ ਬਰਤਾਨਵੀ ਸ਼ਾਹੀ ਪਰਿਵਾਰ ਵੱਲੋਂ ਵਿਸ਼ੇਸ਼ ਸਨਮਾਨ
05/25/2023 2:29:43 AM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ 'ਚ ਭਾਰਤੀ ਭਾਈਚਾਰੇ ਦੇ ਲੋਕ ਡਾ. ਮਰਿਦੁਲਾ ਚੱਕਰਬਰਤੀ ਦੇ ਨਾਂ ਤੋਂ ਭਲੀਭਾਂਤ ਜਾਣੂ ਹਨ। ਭਾਈਚਾਰੇ ਦੇ ਲੋਕਾਂ ਦੇ ਸੁੱਖ-ਦੁੱਖ ਵਿੱਚ ਸ਼ਰੀਕ ਹੋਣ, ਵੱਖ-ਵੱਖ ਸੰਸਥਾਵਾਂ ਦੇ ਕਾਰਜਾਂ 'ਚ ਨਿਸ਼ਕਾਮ ਸ਼ਮੂਲੀਅਤ ਉਨ੍ਹਾਂ ਦੇ ਸੁਭਾਅ ਦਾ ਵਿਸ਼ੇਸ਼ ਗੁਣ ਹੈ। ਯੂਕੇ 'ਚ ਪਹਿਲੀ ਔਰਤ ਰੋਬੋਟਿਕ ਇੰਜੀਨੀਅਰ ਹੋਣ ਦਾ ਮਾਣ ਹਾਸਲ ਡਾ. ਮਰਿਦੁਲਾ ਚੱਕਰਬਰਤੀ ਨੂੰ ਬਰਤਾਨਵੀ ਸ਼ਾਹੀ ਪਰਿਵਾਰ ਵੱਲੋਂ 'ਮੈਂਬਰ ਆਫ ਬ੍ਰਿਟਿਸ਼ ਐਂਪਾਇਰ' (ਐੱਮਬੀਈ) ਸਨਮਾਨ ਨਾਲ ਨਿਵਾਜਿਆ ਗਿਆ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਹੜ੍ਹ ਆ ਗਿਆ।
ਇਹ ਵੀ ਪੜ੍ਹੋ : ਇਸ ਦੇਸ਼ ਦੀ ਸੰਸਦ 'ਚ ਚੱਲੇ ਲੱਤਾਂ-ਮੁੱਕੇ, ਮਹਿਲਾ MPs ਨੇ ਇਕ-ਦੂਜੇ ਦੇ ਪੁੱਟੇ ਵਾਲ, ਜਾਣੋ ਕਿਉਂ ਹੋਇਆ ਝਗੜਾ?
ਸਕਾਟਲੈਂਡ 'ਚ ਭਾਰਤੀ ਮੂਲ ਦੀਆਂ ਸੰਸਥਾਵਾਂ ਲਈ ਛੱਤਰੀ ਵਾਂਗ ਕੰਮ ਕਰ ਰਹੀ ਸੰਸਥਾ ਐਸੋਸੀਏਸ਼ਨ ਆਫ਼ ਇੰਡੀਅਨ ਆਰਗੇਨਾਈਜ਼ੇਸ਼ਨਜ਼ (ਏਆਈਓ) ਵੱਲੋਂ ਬੰਬੇ ਬਲੂਅਜ਼ ਰੈਸਟੋਰੈਂਟ ਵਿਖੇ ਵਿਸ਼ੇਸ਼ ਸਮਾਗਮ ਕਰਕੇ ਡਾ. ਮਰਿਦੁਲਾ ਚੱਕਰਬਰਤੀ ਨੂੰ ਵਧਾਈ ਪੇਸ਼ ਕੀਤੀ ਗਈ। ਏਆਈਓ ਦੇ ਪ੍ਰਧਾਨ ਅੰਮ੍ਰਿਤਪਾਲ ਕੌਸ਼ਲ (ਐੱਮਬੀਈ) ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ। ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਪਹੁੰਚੇ ਕੌਂਸਲ ਜਨਰਲ ਆਫ਼ ਇੰਡੀਆ ਐਡਿਨਬਰਾ ਵਿਜੇ ਸੇਲਵਰਾਜ ਤੇ ਸੱਤਿਆਵੀਰ ਸਿੰਘ ਨੇ ਵੀ ਸ਼੍ਰੀਮਤੀ ਚੱਕਰਬਰਤੀ ਨੂੰ ਇਸ ਸਨਮਾਨ ਦੀ ਹਾਰਦਿਕ ਵਧਾਈ ਦਿੱਤੀ।
ਇਹ ਵੀ ਪੜ੍ਹੋ : ਅਜਬ-ਗਜ਼ਬ : 50 ਮਿੰਟ ਤੱਕ ਜਹਾਜ਼ ਦਾ ਪਿੱਛਾ ਕਰਦਾ ਰਿਹਾ ਏਲੀਅਨ!, ਕਿੰਨੀ ਸੱਚ ਹੈ ਇਸ 'ਐਨਕਾਊਂਟਰ' ਦੀ ਕਹਾਣੀ
ਕਾਰੋਬਾਰੀ ਸੋਹਣ ਸਿੰਘ ਰੰਧਾਵਾ ਵੱਲੋਂ ਸੁੰਦਰ ਗੁਲਦਸਤਾ ਭੇਟ ਕਰਕੇ ਆਪਣੀ ਖੁਸ਼ੀ ਸਾਂਝੀ ਕੀਤੀ ਗਈ। ਇਸ ਸਮੇਂ ਹੋਏ ਰੰਗਾਰੰਗ ਸਮਾਗਮ ਦੌਰਾਨ ਗਾਇਕ ਸੰਤੋਖ ਸੋਹਲ ਅਤੇ ਅਭੀਜੀਤ ਕੜਵੇ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀਨ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸਮਾਗਮ 'ਚ ਗਲਾਸਗੋ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਅਖ਼ੀਰ 'ਚ ਡਾ. ਮਰਿਦੁਲਾ ਚੱਕਰਬਰਤੀ ਨੇ ਸਮਾਗਮ 'ਚ ਪਹੁੰਚੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।