ਲੰਡਨ ’ਚ ਘੁੱਲੂਘਾਰੇ ਦੀ 41ਵੀਂ ਯਾਦ ’ਚ ਰੋਸ ਮੁਜ਼ਾਹਰਾ ਤੇ ਸ਼ਰਧਾਂਜਲੀ ਸਮਾਗਮ
Sunday, Jun 01, 2025 - 11:43 PM (IST)

ਲੰਡਨ, (ਬਨੂੜ)- ਲੰਡਨ ’ਚ ਸਿੱਖ ਭਾਈਚਾਰੇ ਵੱਲੋਂ ਜੂਨ ’84 ਯਾਦਗਾਰੀ ਮਾਰਚ ਅਤੇ ਆਜ਼ਾਦੀ ਰੈਲੀ” ਕੱਢੀ ਗਈ। ਇਹ ਮਾਰਚ ’84 ਵਿਚ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਹਮਲੇ ਦੀ 41ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ। ਯੂ. ਕੇ. ਦੀਆਂ ਸਿੱਖ ਸੰਗਤਾਂ ਵੱਲੋਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ’ਤੇ ਹੋਏ ਫ਼ੌਜੀ ਹਮਲੇ ’ਚ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਖਾਲਿਸਤਾਨ ਲਈ ਆਪਣਾ ਹੱਕ ਜਤਾਇਆ ਗਿਆ। ਫੈੱਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਸੱਦੇ ’ਤੇ ਯੂ. ਕੇ. ਦੇ ਵੱਖ ਵੱਖ ਸ਼ਹਿਰਾਂ ’ਚੋਂ ਹਜ਼ਾਰਾਂ ਸਿੱਖ ਦਰਬਾਰ ਸਾਹਿਬ ਸਮੂਹ ’ਚ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ।
ਰੋਸ ਮੁਜ਼ਾਹਰਾ ਲੰਡਨ ਦੇ ਹਾਇਡ ਪਾਰਕ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਇਆ ਤੇ ਲੰਡਨ ਦੀਆਂ ਵੱਖ-ਵੱਖ ਸੜਕਾਂ ਤੋਂ ਹੁੰਦਾ ਹੋਇਆ ਟ੍ਰੈਫਲਗਰ ਸਕੁਏਅਰ ਜਾ ਕੇ ਸਮਾਪਤੀ ਦੀ ਅਰਦਾਸ ਤੋਂ ਬਾਅਦ ਸਮਾਪਤ ਹੋਇਆ। ਇਸ ਮੌਕੇ ਬੁਲਾਰਿਆਂ ਨੇ ਯੂ. ਕੇ. ਦੇ ਸਿੱਖ ਭਾਈਚਾਰੇ ਵੱਲੋਂ ਲੇਬਰ ਪਾਰਟੀ ਨੇ ’84 ਦੀ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲੇ ’ਚ ਬ੍ਰਿਟੇਨ ਦੀ ਸੰਭਾਵਿਤ ਭੂਮਿਕਾ ਬਾਰੇ ਕੀਤੇ ਵਾਅਦੇ ਜਾਂਚ ਦੀ ਸ਼ੁਰੂਆਤ ਨਾ ਕਰਨ ’ਤੇ ਨਾਰਾਜ਼ਗੀ ਜਤਾਈ। ਉਨ੍ਹਾਂ ਲੇਬਰ ਐੱਮ. ਪੀਜ਼ ਨੂੰ ਨੋ ਪਲੇਟਫਾਰਮ ਕਰਨ ਦੀ ਚਿਤਾਵਨੀ ਦਿੱਤੀ ਹੈ, ਜਿਸਦਾ ਅਰਥ ਹੈ ਕਿ ਉਨ੍ਹਾਂ ਨੂੰ ਭਾਈਚਾਰੇ ਦੇ ਸਮਾਗਮਾਂ ’ਚ ਸੱਦਾ ਨਹੀਂ ਦਿੱਤਾ ਜਾਵੇਗਾ।
ਇਸ ਮੌਕੇ ਫੈੱਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਕੋਆਡੀਨੇਟਰ ਜੋਗਾ ਸਿੰਘ, ਕੁਲਦੀਪ ਸਿੰਘ ਚਹੇੜੂ, ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਹਰਵਿੰਦਰ ਸਿੰਘ, ਭਾਈ ਮਨਿੰਦਰ ਸਿੰਘ ਕਨੇਡਾ, ਬ੍ਰਿਟਿਸ਼ ਸਿੱਖ ਕੌਂਸਲ ਦੇ ਜਨਰਲ ਸਕੱਤਰ ਭਾਈ ਤਰਸੇਮ ਸਿੰਘ ਦਿਉਲ, ਭਾਈ ਜਗਵਿੰਦਰ ਸਿੰਘ, ਭਾਈ ਮਨਜੀਤ ਸਿੰਘ ਬਰਮਿੰਘਮ, ਭਾਈ ਬਲਵਿੰਦਰ ਸਿੰਘ, ਭਾਈ ਬਲਦੇਵ ਸਿੰਘ ਡਰਟ ਫੋਰਡ, ਸਿੱਖ ਫੈੱਡਰੇਸ਼ਨ ਦੇ ਚੇਅਰਮੈਨ ਅਮਰੀਕ ਸਿੰਘ ਗਿੱਲ, ਮਨਪ੍ਰੀਤ ਸਿੰਘ ਖ਼ਾਲਸਾ, ਕੁਲਵੰਤ ਸਿੰਘ ਮੁਠੱਡਾ, ਬਲਵਿੰਦਰ ਸਿੰਘ ਢਿੱਲੋਂ ਆਦਿ ਨੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਦਿੱਤੀ।