ਟੈਸਲਾ ਨੇ 2020 'ਚ 5 ਲੱਖ ਕਾਰਾਂ ਦੀ ਵਿਕਰੀ ਨਾਲ ਭਰੀ ਫਰਾਟਾ ਰਫ਼ਤਾਰ

01/02/2021 11:19:04 PM

ਨਿਊਯਾਰਕ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਵਿਚਕਾਰ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੀ ਵਿਕਰੀ 2020 ਵਿਚ ਸ਼ਾਨਦਾਰ ਰਹੀ। ਇਸ ਦੌਰਾਨ ਟੈਸਲਾ ਨੇ 4,99,550 ਕਾਰਾਂ ਦੀ ਵਿਕਰੀ ਕੀਤੀ, ਜੋ ਕਿ 5 ਲੱਖ ਦੇ ਮਿੱਥੇ ਟੀਚੇ ਦੇ ਬਿਲਕੁਲ ਆਸਪਾਸ ਹੈ। ਕੰਪਨੀ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਟੈਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਐਲਨ ਮਸਕ ਨੇ 2020 ਵਿਚ ਕੋਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ 5 ਲੱਖ ਕਾਰਾਂ ਦੀ ਵਿਕਰੀ ਦਾ ਟੀਚਾ ਮਿੱਥਿਆ ਸੀ। ਹਾਲਾਂਕਿ, ਮਹਾਮਾਰੀ ਦੇ ਪ੍ਰਭਾਵ ਦੇ ਬਾਵਜੂਦ ਟੈਸਲਾ ਇਸ ਟੀਚੇ 'ਤੇ ਟਿਕੀ ਰਹੀ।

ਇਲੈਕਟ੍ਰਿਕ ਕਾਰ ਕੰਪਨੀ ਦੀ ਦਸੰਬਰ ਤਿਮਾਹੀ ਸਭ ਤੋਂ ਸ਼ਾਨਦਾਰ ਰਹੀ, ਜਿਸ ਵਿਚ ਇਸ ਨੇ 180,570 ਇਲੈਕਟ੍ਰਿਕ ਕਾਰਾਂ ਦੀ ਡਿਲਿਵਰੀ ਕੀਤੀ। ਇਸ ਤੋਂ ਪਿਛਲੀ ਯਾਨੀ ਸਤੰਬਰ ਤਿਮਾਹੀ ਵਿਚ ਇਸ ਨੇ 1,39,300 ਕਾਰਾਂ ਦੀ ਡਿਲਿਵਰੀ ਕੀਤੀ ਸੀ, ਇਹ ਵੀ ਇਸ ਦੀ ਬਿਹਤਰ ਤਿਮਾਹੀ ਸੀ। ਦਸੰਬਰ ਤਿਮਾਹੀ ਵਿਚ ਕੰਪਨੀ ਨੇ 1,61,650 ਮਾਡਲ 3 ਅਤੇ ਮਾਡਲ ਵਾਈ ਕਾਰਾਂ ਦੀ ਡਿਲਿਵਰੀ ਕੀਤੀ ਅਤੇ 18,920 ਮਾਡਲ ਐੱਸ ਅਤੇ ਮਾਡਲ ਐਕਸ ਡਿਲਿਵਰ ਕੀਤੇ। ਟੈਸਲਾ ਨੇ ਕਿਹਾ ਕਿ ਉਸ ਨੇ ਮਾਡਲ ਵਾਈ ਦਾ ਉਤਪਾਦਨ ਸ਼ੰਘਾਈ ਦੇ ਨਵੇਂ ਪਲਾਂਟ ਵਿਚ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਜਲਦ ਹੀ ਚੀਨ ਵਿਚ ਬਣੇ ਇਸ ਮਾਡਲ ਦੇ ਬਾਜ਼ਾਰ ਵਿਚ ਉਤਰਨ ਦੀ ਉਮੀਦ ਹੈ।

ਗੌਰਤਲਬ ਹੈ ਕਿ ਅਮਰੀਕਾ ਦੀ ਇਲਕੈਟ੍ਰਿਕ ਕਾਰ ਕੰਪਨੀ ਟੈਸਲਾ ਜੂਨ 2021 ਵਿਚ ਭਾਰਤੀ ਬਾਜ਼ਾਰ ਵਿਚ ਵੀ ਉਤਰ ਸਕਦੀ ਹੈ। ਕੰਪਨੀ ਮਾਡਲ 3 ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਦੇ ਸੀ. ਈ. ਓ. ਨੇ ਅਕਤੂਬਰ ਵਿਚ ਟਵੀਟ ਵਿਚ ਕਿਹਾ ਸੀ ਕਿ ਉਨ੍ਹਾਂ ਦੀ ਕੰਪਨੀ 2021 ਵਿਚ ਭਾਰਤੀ ਬਾਜ਼ਾਰ ਵਿਚ ਦਾਖ਼ਲ ਹੋਵੇਗੀ।


Sanjeev

Content Editor

Related News