ਸਪਾਈਸ ਜੈੱਟ 20 ਦਸੰਬਰ ਤੋਂ ਸ਼ੁਰੂ ਕਰੇਗੀ 30 ਨਵੀਂਆਂ ਘਰੇਲੂ ਉਡਾਣਾਂ

12/17/2020 8:28:07 PM

ਨਵੀਂ ਦਿੱਲੀ- ਸਪਾਈਸ ਜੈੱਟ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਗਲੇ ਹਫਤੇ ਤੋਂ ਨਵੀਆਂ ਘਰੇਲੂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਸਪਾਈਸ ਜੈੱਟ ਨੇ ਕਿਹਾ ਕਿ ਉਹ 30 ਨਵੀਂਆਂ ਘਰੇਲੂ ਸੇਵਾਵਾਂ ਦੀ ਸ਼ੁਰੂਆਤ ਕਰੇਗੀ, ਜਿਸ ਵਿਚ ਬਿਹਾਰ ਦੇ ਦਰਭੰਗਾ ਤੋਂ ਛੇ ਨਵੀਆਂ ਉਡਾਣਾਂ ਸ਼ਾਮਲ ਹਨ। ਏਅਰਲਾਈਨ ਅਨੁਸਾਰ, ਨਵੀਂਆਂ ਉਡਾਣਾਂ 20 ਦਸੰਬਰ 2020 ਤੋਂ ਪੜਾਅਵਾਰ ਤਰੀਕੇ ਨਾਲ ਸ਼ੁਰੂ ਹੋਣਗੀਆਂ। 


ਸਪਾਈਸ ਜੈੱਟ ਦਰਭੰਗਾ ਤੋਂ ਅਹਿਮਦਾਬਾਦ, ਪੁਣੇ ਅਤੇ ਹੈਦਰਾਬਾਦ ਨਾਲ ਜੋੜਨ ਵਾਲੀਆਂ ਉਡਾਣਾਂ ਸ਼ੁਰੂ ਕਰੇਗੀ। ਅਹਿਮਦਾਬਾਦ-ਦਰਭੰਗਾ-ਅਹਿਮਦਾਬਾਦ ਦੀਆਂ ਉਡਾਣਾਂ ਰੋਜ਼ਾਨਾ ਚੱਲਣਗੀਆਂ, ਪੁਣੇ-ਦਰਭੰਗਾ-ਪੁਣੇ ਅਤੇ ਹੈਦਰਾਬਾਦ-ਦਰਭੰਗਾ-ਹੈਦਰਾਬਾਦ ਉਡਾਣਾਂ ਸ਼ਨੀਵਾਰ ਨੂੰ ਛੱਡ ਕੇ ਸਾਰੇ ਦਿਨ ਚੱਲਣਗੀਆਂ।

ਏਅਰਲਾਈਨ ਨੇ 8 ਨਵੰਬਰ, 2020 ਨੂੰ ਦਰਭੰਗਾ ਨੂੰ ਦਿੱਲੀ, ਮੁੰਬਈ ਅਤੇ ਬੰਗਲੁਰੂ ਨਾਲ ਜੋੜਨ ਵਾਲੀਆਂ ਰੋਜ਼ਾਨਾ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਸਨ। ਦਰਭੰਗਾ ਏਅਰਲਾਈਨ ਦੀ 13ਵੀਂ ਉਡਾਣ ਮੰਜ਼ਿਲ ਹੈ। ਕੰਪਨੀ ਨੇ ਕਿਹਾ ਕਿ ਨਵੀਆਂ ਉਡਾਣਾਂ ਹੈਦਰਾਬਾਦ-ਵਿਸ਼ਾਖਾਪਟਨਮ, ਮੁੰਬਈ-ਗੋਆ, ਕੋਲਕਾਤਾ-ਗੋਆ, ਅਹਿਮਦਾਬਾਦ-ਗੋਆ, ਮੁੰਬਈ ਤੋਂ ਗੁਜਰਾਤ ਦੇ ਕੰਡਲਾ, ਮੁੰਬਈ-ਗੁਹਾਟੀ ਤੇ ਗੁਹਾਟੀ-ਕੋਲਕਾਤਾ ਅਤੇ ਚੇਨਈ-ਸ਼ਿਰਡੀ ਮਾਰਗਾਂ 'ਤੇ ਚੱਲਣਗੀਆਂ।
 


Sanjeev

Content Editor Sanjeev