ਕੋਵਿਡ-19 ਇਨਫੈਕਸ਼ਨ ਦੇ ਡਰ ਕਾਰਨ ਸੇਵਾ ਖੇਤਰ ਦੀਆਂ ਸਰਗਰਮੀਆਂ ’ਚ ਸੁਸਤੀ
Thursday, Apr 08, 2021 - 10:40 AM (IST)
ਨਵੀਂ ਦਿੱਲੀ (ਭਾਸ਼ਾ) – ਕੋਰੋਨਾ ਵਾਇਰਸ ਇਨਫੈਕਸ਼ਨ ’ਚ ਤੇਜ਼ੀ ਅਤੇ ਲਾਗਤ ਵਧਣ ਕਾਰਨ ਭਾਰਤ ’ਚ ਸੇਵਾ ਖੇਤਰ ਦੀਆਂ ਸਰਗਰਮੀਆਂ ਮਾਰਚ ’ਚ ਥੋੜੀਆਂ ਸੁਸਤ ਹੋਈਆਂ। ਇਕ ਮਹੀਨਾਵਾਰ ਸਰਵੇਖਣ ’ਚ ਬੁੱਧਵਾਰ ਨੂੰ ਇਹ ਕਿਹਾ ਗਿਆ।
ਭਾਰਤ ਸੇਵਾ ਕਾਰੋਬਾਰ ਗਤੀਵਿਧੀ ਸੂਚਕ ਅੰਕ ਫਰਵਰੀ ਦੇ 55.3 ਤੋਂ ਘਟ ਕੇ ਮਾਰਚ ’ਚ 54.6 ’ਤੇ ਪਹੁੰਚ ਗਿਆ। ਇਸ ਤਰ੍ਹਾਂ ਹਾਲਾਂਕਿ ਪਿਛਲੇ ਮਹੀਨੇ ਦੇ ਮੁਕਾਬਲੇ ਸਰਗਰਮੀਆਂ ਕੁਝ ਸੁਸਤ ਹੋਈਆਂ ਹਨ ਪਰ ਇਹ ਪਿਛਲੇ ਲਗਾਤਾਰ ਛੇ ਮਹੀਨੇ ਤੋਂ ਵਾਧੇ ਨੂੰ ਦਰਸਾਉਂਦਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਨਾਲ ਕਾਰੋਬਾਰੀ ਭਰੋਸੇ ’ਚ ਸੁਧਾਰ ਹੋਇਆ ਹੈ। ਇਸ ਕਾਰਨ ਮਾਰਚ ’ਚ ਸੂਚਕ ਅੰਕ ਲਗਾਤਾਰ ਛੇਵੇਂ ਮਹੀਨੇ 50 ਤੋਂ ਉੱਪਰ ਰਿਹਾ। ਸੂਚਕ ਅੰਕ ਦਾ 50 ਤੋਂ ਉੱਪਰ ਰਹਿਣਾ ਵਾਧੇ ਯਾਨੀ ਵਿਸਤਾਰ ਦਾ ਸੰਕੇਤ ਦਿੰਦਾ ਹੈ ਜਦੋਂ ਕਿ 50 ਤੋਂ ਹੇਠਾਂ ਦਾ ਸੂਚਕ ਅੰਕ ਦੱਸਦਾ ਹੈ ਕਿ ਉਤਪਾਦਨ ’ਚ ਗਿਰਾਵਟ ਆਈ ਹੈ। ਆਈ. ਐੱਚ. ਐੱਸ. ਮਾਰਕੀਟ ਦੀ ਸਹਾਇਕ ਡਾਇਰੈਕਟਰ (ਅਰਥਸ਼ਾਸਤਰ) ਪਾਲੀਆਨਾ ਲੀ ਲੀਮਾ ਨੇ ਕਿਹਾ ਕਿ ਚੋਣਾਂ ਕਾਰਨ ਮੰਗ ’ਚ ਵਾਧਾ ਹੋਇਆ ਪਰ ਕੋਵਿਡ-19 ਮਹਾਮਾਰੀ ਅਤੇ ਆਵਾਜਾਈ ’ਚ ਰੋਕਥਾਮ ਨਾਲ ਚੁਣੌਤੀਆਂ ਵਧੀਆਂ ਹਨ। ਲੀਮਾ ਨੇ ਚਿਤਾਵਨੀ ਦਿੱਤੀ ਕਿ ਮਹਾਮਾਰੀ ਦਾ ਪ੍ਰਕੋਪ ਵਧਣ ਅਤੇ ਰੋਕਥਾਮ ਵਧਣ ਨਾਲ ਅਪ੍ਰੈਲ ’ਚ ਜ਼ਿਕਰਯੋਗ ਸੁਸਤੀ ਆ ਸਕਦੀ ਹੈ।