ਮੁਦਰਾ ਯੋਜਨਾ ਤਹਿਤ 6 ਸਾਲ ’ਚ ਬੈਂਕਾਂ ਨੇ 15 ਕਰੋੜ ਕਰਜ਼ੇ ਮਨਜ਼ੂਰ ਕੀਤੇ

04/08/2021 10:38:34 AM

ਨਵੀਂ ਦਿੱਲੀ– ਵਿੱਤ ਮੰਤਰਾਲਾ ਨੇ ਕਿਹਾ ਕਿ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਨੇ ਪਿਛਲੇ 6 ਸਾਲ ਦੌਰਾਨ ਮੁਦਰਾ ਯੋਜਨਾ ਦੇ ਤਹਿਤ 28.68 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ 14.96 ਲੱਖ ਕਰੋੜ ਰੁਪਏ ਦੇ ਕਰਜ਼ੇ ਮਨਜੂਰ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਅਪ੍ਰੈਲ 2015 ਨੂੰ ਦੇਸ਼ ’ਚ ਉੱਦਮਿਤਾ ਨੂੰ ਪ੍ਰੋਤਸਾਹਨ ਦੇਣ ਲਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀ. ਐੱਮ. ਐੱਮ. ਵਾਈ.) ਦੀ ਸ਼ੁਰੂਆਤ ਕੀਤੀ ਸੀ।

ਵਿੱਤ ਮੰਤਰਾਲਾ ਦਾ ਕਹਿਣਾ ਹੈ ਕਿ ਉਹ ਹਾਸ਼ੀਏ ’ਤੇ ਪਹੁੰਚੇ ਸਮਾਜਿਕ ਅਤੇ ਆਰਥਿਕ ਰੂਪ ਨਾਲ ਪੱਛੜੇ ਵਰਗ ਨੂੰ ਸਮਰਥਨ ਦੇਣ ਅਤੇ ਉਸ ਦੀ ਵਿੱਤੀ ਸ਼ਮੂਲੀਅਤ ਲਈ ਵਚਨਬੱਧ ਹੈ। ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਨਵੇਂ ਉੱਦਮੀਆਂ ਤੋਂ ਲੈ ਕੇ ਮਿਹਨਤਕਸ਼ ਕਿਸਾਨਾਂ ਤੱਕ ਸਾਰੇ ਸਬੰਧਤ ਪੱਖਾਂ ਦੀਆਂ ਵਿੱਤੀ ਲੋੜਾਂ ਨੂੰ ਵੱਖ-ਵੱਖ ਪਹਿਲ ਰਾਹੀਂ ਪੂਰਾ ਕੀਤਾ ਗਿਆ ਹੈ। ਇਸ ਦਿਸ਼ਾ ’ਚ ਇਕ ਅਹਿਮ ਪਹਿਲ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀ. ਐੱਮ. ਐੱਮ. ਵਾਈ.) ਕੀਤੀ ਗਈ। ਇਸ ਦੇ ਰਾਹੀਂ ਲੱਖਾਂ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਮੌਕਾ ਮਿਲਿਆ ਹੈ, ਨਾਲ ਹੀ ਉਨ੍ਹਾਂ ਨੂੰ ਆਤਮ-ਸਨਮਾਨ ਅਤੇ ਆਜ਼ਾਦੀ ਦਾ ਵੀ ਅਹਿਸਾਸ ਹੋਇਆ ਹੈ।

ਬਿਆਨ ’ਚ ਅੱਗੇ ਕਿਹਾ ਗਿਆ ਹੈ ਕਿ 19 ਮਾਰਚ 2021 ਦੀ ਸਥਿਤੀ ਮੁਤਾਬਕ 2020-21 ’ਚ 4.20 ਲੱਖ ਕਰੋੜ ਰੁਪਏ ਪੀ. ਐੱਮ. ਐੱਮ. ਵਾਈ. ਕਰਜ਼ਿਆਂ ਨੂੰ ਮਨਜੂਰੀ ਦਿੱਤੀ ਗਈ ਅਤੇ ਇਸ ’ਚੋਂ 2.66 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ। ਇਸ ’ਚ ਕਿਹਾ ਗਿਆ ਹੈ ਕਿ ਹਰੇਕ ਕਰਜ਼ੇ ਦਾ ਔਸਤ ਆਕਾਰ 52,000 ਰੁਪਏ ਰਿਹਾ ਹੈ। ਇਹ ਕਰਜ਼ਾ ਨਿਰਮਾਣ, ਵਪਾਰ ਅਤੇ ਸੇਵਾਵਾਂ ਦੇ ਖੇਤਰ ’ਚ ਆਮਦਨ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਲਈ ਦਿੱਤਾ ਜਾਂਦਾ ਹੈ। ਇਸ ਦੇ ਤਹਿਤ ਕਰਜ਼ਾ ਦੇਣ ਵਾਲੇ ਸੰਸਥਾਨਾਂ ਵਲੋਂ 10 ਲੱਖ ਰੁਪਏ ਤੱਕ ਦਾ ਗਾਰੰਟੀ ਮੁਕਤ ਕਰਜ਼ਾ ਦਿੱਤਾ ਜਾਂਦਾ ਹੈ।


Sanjeev

Content Editor

Related News