ਸੀ. ਆਈ. ਏ. ਸਟਾਫ ਦੀ ਟੀਮ ਨੇ ਸ਼ਰਾਬ ਦੀਆਂ ਪੇਟੀਆਂ ਸਮੇਤ ਇਕ ਨੌਜਵਾਨ ਕੀਤਾ ਕਾਬੂ

05/14/2020 10:37:48 PM

ਟਾਂਡਾ ਉੜਮੁੜ,(ਵਰਿੰਦਰ ਪੰਡਿਤ)- ਸੀ. ਆਈ. ਏ. ਸਟਾਫ਼ ਦਸੂਹਾ ਦੀ ਟੀਮ ਨੇ ਪਿੰਡ ਮੂਨਕ ਕਲਾਂ ਨਿਵਾਸੀ ਇਕ ਨੌਜਵਾਨ ਨੂੰ ਸ਼ਰਾਬ ਦੀਆਂ 10 ਪੇਟੀਆਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣੇਦਾਰ ਮੇਜਰ ਸਿੰਘ ਅਤੇ ਸਤਵਿੰਦਰ ਸਿੰਘ ਦੀ ਟੀਮ ਵਲੋਂ ਕੀਤੀ ਗਈ। ਇਸ ਕਾਰਵਾਈ ਦੌਰਾਨ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਪਵਨ ਮਸੀਹ ਪੰਨਾ ਪੁੱਤਰ ਰਾਵਲ ਮਸੀਹ ਨਿਵਾਸੀ ਮੂਨਕ ਕਲਾਂ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਮੁਤਾਬਕ ਜਦੋਂ ਪੁਲਸ ਦੀ ਟੀਮ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸ਼ੱਕੀ ਅਤੇ ਮਾੜੇ ਅਨਸਰਾਂ ਦੀ ਚੈਕਿੰਗ ਦੌਰਾਨ ਗਸ਼ਤ ਕਰਦੇ ਹੋਏ ਪਿੰਡ ਮੂਨਕ ਕਲਾਂ ਪਹੁੰਚੀ ਤਾਂ ਪੁਲਸ ਟੀਮ ਦੇਖ ਕੇ ਆਪਣੀ ਟਾਟਾ ਸਫਾਰੀ ਗੱਡੀ ਨੂੰ ਖੜ੍ਹੇ ਕਰਕੇ ਭੱਜਣ ਦੀ ਫਿਰਾਕ ਵਿੱਚ ਉਕਤ ਮੁਲਜ਼ਮ ਨੂੰ ਪੁਲਸ ਟੀਮ ਨੇ ਜਦੋਂ ਕਾਬੂ ਕਰਕੇ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ 'ਚੋਂ ਕੈਸ਼ ਵਿਸਕੀ ਦੀਆਂ 10 ਪੇਟੀਆਂ ਬਰਾਮਦ ਹੋਈਆਂ । ਜਿਸ ਸਬੰਧੀ ਉਕਤ ਮੁਲਜ਼ਮ ਕੋਈ ਵੀ ਲਾਇਸੈਂਸ ਅਤੇ ਪਰਮਿਟ ਪੇਸ਼ ਨਹੀਂ ਕਰ ਸਕਿਆ। ਪੁਲਸ ਟੀਮ ਨੇ ਪੇਟੀਆਂ ਵਿੱਚ ਪਈਆਂ ਬੋਤਲਾਂ ਦੀ 90 ਹਜ਼ਾਰ ਮਿਲੀਲੀਟਰ ਸ਼ਰਾਬ ਬਰਾਮਦ ਕੀਤੀ। ਟਾਂਡਾ ਪੁਲਸ ਨੇ ਇਸ ਸਬੰਧੀ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Deepak Kumar

Content Editor

Related News