ਪੰਚਾਇਤੀ ਜਗ੍ਹਾ ’ਤੇ ਕਾਬਜ਼ ਲੋਕਾਂ ਦੇ ਘਰਾਂ ’ਤੇ ਚਲਿਆ ਪੀਲਾ ਪੰਜਾ
Friday, Nov 16, 2018 - 04:36 AM (IST)

ਕਪੂਰਥਲਾ, (ਗੁਰਵਿੰਦਰ ਕੌਰ)- ਅੱਜ ਬਲਾਕ ਕਪੂਰਥਲਾ ਦੇ ਪਿੰਡ ਮੈਣਵਾਂ ਵਿਖੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਬਲਾਕ ਵਿਕਾਸ , ਪੰਚਾਇਤ ਅਧਿਕਾਰੀ ਅਤੇ ਪੰਚਾਇਤ ਸੈਕਟਰੀ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਪੰਚਾਇਤੀ ਜਗ੍ਹਾ ’ਤੇ ਉਸਾਰੇ ਗਏ ਘਰਾਂ ਨੂੰ ਢਾਹੁਣ ਲਈ ਪੁੱਜੇ। ਪੰਚਾਇਤ ਅਧਿਕਾਰੀ ਦਾ ਕਹਿਣਾ ਹੈ ਕਿ ਪਿੰਡ ਦੇ ਕੁਝ ਲੋਕ ਪੰਚਾਇਤ ਦੀ ਜਗ੍ਹਾ ’ਤੇ ਕਾਬਜ਼ ਹੈ ਤੇ ਡੀ. ਡੀ. ਪੀ. ਓ. ਦੀ ਅਦਾਲਤ ’ਚ ਚੱਲ ਰਹੇ ਕੇਸ ’ਚ ਹਾਰ ਚੁੱਕੇ ਹਨ, ਜਿਸ ਦੇ ਬਾਅਦ ਹੀ ਪੰਚਾਇਤੀ ਜਗ੍ਹਾ ਦੀ ਮਿਣਤੀ ਤੇ ਗਿਣਤੀ ਤਹਿਸੀਲਦਾਰ ਤੇ ਪਿੰਡ ਦੇ ਲੋਕਾਂ ਦੇ ਸਾਹਮਣੇ ਕਰਵਾ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।
ਸਵੇਰੇ 11 ਤੋਂ ਦੁਪਹਿਰ 4 ਵਜੇ ਤਕ ਦਿੱਤਾ ਗਿਆ ਕਾਰਵਾਈ ਨੂੰ ਅੰਜਾਮ : ਅੱਜ ਸਵੇਰੇ ਲਗਭਗ 11 ਵਜੇ ਦੇ ਕਰੀਬ ਕਪੂਰਥਲਾ ਬੀ. ਡੀ. ਪੀ. ਓ. ਅਮਰਜੀਤ ਸਿੰਘ ਆਪਣੇ ਕਰਮਚਾਰੀਆਂ ਤੇ ਪੁਲਸ ਫੋਰਸ ਨੂੰ ਲੈ ਕੇ ਪਿੰਡ ਮੈਣਵਾਂ ’ਚ ਪਹੁੰਚੇ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਤਹਿਸੀਲਦਾਰ ਮਨਵੀਰ ਸਿੰਘ ਢਿੱਲੋਂ ਵੀ ਪਹੁੰਚੇ। ਮਾਲ ਵਿਭਾਗ ਵਲੋਂ 3 ਕਾਨੂੰਨਗੋ ਤੇ ਚਾਰ ਪਟਵਾਰੀਆਂ ਨੇ ਮਿਲ ਕੇ ਬੀ. ਡੀ. ਪੀ. ਓ. ਤੇ ਤਹਿਸੀਲਦਾਰ ਦੇ ਆਦੇਸ਼ਾਂ ’ਤੇ 11.30 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤਕ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ। ਇਸ ਮੌਕੇ ’ਤੇ ਪੂਰਾ ਪਿੰਡ ਮੌਜੂਦ ਸੀ।
ਕੀ ਕਹਿਣਾ ਹੈ ਸਬੰਧਿਤ ਲੋਕਾਂ ਦਾ : ਪੰਚਾਇਤੀ ਜ਼ਮੀਨ ’ਤੇ ਕਾਬਜ਼ ਹੋਏ ਲੋਕਾਂ ਦਾ ਕਹਿਣਾ ਹੈ ਕਿ ਇਹ ਪੂਰਾ ਮਾਮਲਾ ਸਿਰਫ ਰਾਜਨੀਤਕ ਨਾਲ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਰੀਬ 50 ਸਾਲਾਂ ਤੋਂ ਇਸ ਜਗ੍ਹਾ ’ਤੇ ਕਾਬਜ਼ ਹਨ ਤੇ ਉਨ੍ਹਾਂ ਵਲੋਂ ਇਸ ਜਗ੍ਹਾ ’ਤੇ ਪੱਕੇ ਘਰ ਵੀ ਬਣਾਏ ਗਏ ਹਨ। ਮੌਕੇ ’ਤੇ ਖੜ੍ਹੀ ਮਹਿੰਦਰ ਕੌਰ ਪਤਨੀ ਲੇਟ ਬਲਵਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਜ਼ਮੀਨੀ ਵਿਵਾਦ ਪਿੰਡ ਦੇ ਲਖਵਿੰਦਰ ਸਿੰਘ ਤੇ ਉਸ ਦੇ ਭਰਾ ਦੇ ਨਾਲ ਅਦਾਲਤ ’ਚ ਚੱਲ ਰਿਹਾ ਸੀ ਤੇ ਉਨ੍ਹਾਂ ਦੇ ਘਰਾਂ ਦੇ ਨਾਲ ਪੰਚਾਇਤ ਦੀ ਫਿਰਨੀ (ਗਲੀ) ਲੱਗਦੀ ਹੈ ਜੋ ਕਿ ਲਖਵਿੰਦਰ ਸਿੰਘ ਨੇ ਗਲੀ ਨੂੰ ਆਪਣੀ ਜ਼ਮੀਨ ਦੇ ਨਾਲ ਮਿਲਾ ਲਿਆ ਸੀ, ਜਿਸ ਦੇ ਬਾਅਦ ਗਲੀ ਤੰਗ ਹੋ ਗਈ। ਇਸ ਗੱਲ ਦੀ ਸ਼ਿਕਾਇਤ ਉਨ੍ਹਾਂ ਨੇ ਉੱਚ ਅਧਿਕਾਰੀਆਂ ਨਾਲ ਵੀ ਕੀਤੀ ਸੀ ਪਰ ਮਾਮਲੇ ਨੂੰ ਰਾਜਨੀਤਕ ਨਾਲ ਜੋਡ਼ ਦਿੱਤਾ ਗਿਆ, ਜਿਸ ਦੇ ਚਲਦੇ ਵੀਰਵਾਰ ਨੂੰ ਬੀ. ਡੀ. ਪੀ. ਓ. ਪੁਲਸ ਫੋਰਸ ਨੂੰ ਲੈ ਕੇ ਉਨ੍ਹਾਂ ਦੇ ਘਰਾਂ ਨੂੰ ਢਾਹੁਣ ਦੇ ਲਈ ਆ ਗਏ।
ਨਿਸ਼ਾਨਦੇਹੀ ਤੋਂ ਬਾਅਦ ਘਰ ਪੰਚਾਇਤੀ ਜਗ੍ਹਾ ’ਤੇ ਬਣਾਏ ਗਏ : ਅਮਰਜੀਤ ਸਿੰਘ- ਇਸ ਸਬੰਧ ’ਚ ਬਲਾਕ ਅਧਿਕਾਰੀ ਤੇ ਪੰਚਾਇਤ ਅਧਿਕਾਰੀ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਕਤ ਦੋਵੇਂ ਧਿਰਾਂ ਦਾ ਮਾਮਲਾ ਹਾਈਕੋਰਟ ’ਚ ਚੱਲ ਰਿਹਾ ਸੀ, ਜਿਥੇ ਅਦਾਲਤ ’ਚ ਮਾਮਲੇ ਨੂੰ ਐਕਸ ਪਾਰਟੀ ਕਰ ਦਿੱਤਾ ਗਿਆ, ਜਿਸ ਦੇ ਬਾਅਦ ਇਕ ਪੱਖ ਵਲੋਂ ਮਾਮਲਾ ਡੀ. ਡੀ. ਪੀ. ਓ. ਦੇ ਸਾਹਮਣੇ ਪੇਸ਼ ਕਰ ਦਿੱਤਾ ਸੀ। ਜ਼ਮੀਨ ਦੇ ਪੂਰੇ ਕਾਗਜ਼ਾਤ ਦੇਖ ਕੇ ਪਟਵਾਰੀ ਨੇ ਨਿਸ਼ਾਨਦੇਹੀ ਕਰਨ ਦੇ ਆਦੇਸ਼ ਦਿੱਤੇ ਗਏ। ਨਿਸ਼ਾਨਦੇਹੀ ਤੋਂ ਬਾਅਦ ਉਕਤ ਲੋਕਾਂ ਦੇ ਘਰ ਪੰਚਾਇਤੀ ਜਗ੍ਹਾ ’ਤੇ ਪਾਏ ਗਏ।