ਸਮਾਰਟ ਸਿਟੀ ਅਤੇ ਨਿਗਮ ਦੇ ਕੰਮ ਚੋਣਾਂ ਤੋਂ ਪਹਿਲਾਂ ਪੂਰੇ ਨਾ ਹੋਏ ਤਾਂ ਹੋਵੇਗਾ ਨੁਕਸਾਨ

08/04/2020 6:48:02 PM

ਜਲੰਧਰ(ਖੁਰਾਣਾ) – ਪੰਜਾਬ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਡੇਢ ਸਾਲ ਤੋਂ ਵੀ ਘੱਟ ਸਮਾਂ ਬਚਿਆ ਹੈ। ਅਜਿਹੇ ਵਿਚ ਸ਼ਹਿਰ ਦੇ ਵਿਧਾਇਕਾਂ ਨੂੰ ਇਹ ਿਚੰਤਾ ਸਤਾ ਰਹੀ ਹੈ ਕਿ ਜੇਕਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਮਾਰਟ ਸਿਟੀ ਅਤੇ ਨਗਰ ਨਿਗਮ ਨਾਲ ਸਬੰਧਤ ਵਿਕਾਸ ਕਾਰਜ ਜਾਂ ਪ੍ਰਾਜੈਕਟ ਪੂਰੇ ਨਾ ਹੋਏ, ਉਨ੍ਹਾਂ ਨੂੰ ਚੋਣਾਂ ਵਿਚ ਇਨ੍ਹਾਂ ਦਾ ਫਾਇਦਾ ਨਹੀਂ ਮਿਲਣਾ, ਉਲਟਾ ਕਿਤੇ ਨੁਕਸਾਨ ਹੀ ਉਠਾਉਣਾ ਪੈ ਜਾਵੇ। ਜ਼ਿਕਰਯੋਗ ਹੈ ਕਿ ਵਿਧਾਇਕਾਂ ਦਾ ਕਰੀਬ ਸਾਢੇ 3 ਸਾਲ ਦਾ ਕਾਰਜਕਾਲ ਨਗਰ ਨਿਗਮ ਅਤੇ ਸਮਾਰਟ ਸਿਟੀ ਕੰਪਨੀ ਦੀਆਂ ਨਾਕਾਮੀਆਂ ਕਾਰਣ ਕਾਫੀ ਪ੍ਰਭਾਵਿਤ ਰਿਹਾ ਹੈ। ਸਮਾਰਟ ਸਿਟੀ ਦੇ ਖਾਤੇ ਵਿਚ ਕਰੋੜਾਂ ਰੁਪਏ ਦਾ ਫੰਡ ਆਉਣ ਦੇ ਬਾਵਜੂਦ ਇਕ ਵੀ ਪ੍ਰਾਜੈਕਟ ਅਜੇ ਤੱਕ ਸਿਰੇ ਨਹੀਂ ਚੜ੍ਹਿਆ ਅਤੇ ਅਜੇ ਤੱਕ ਲੋਕਾਂ ਨੂੰ ਕਿਸੇ ਇਕ ਵੀ ਪ੍ਰਾਜੈਕਟ ਦਾ ਲਾਭ ਨਹੀਂ ਪਹੁੰਚਿਆ।

ਦੂਜੇ ਪਾਸੇ ਜਲੰਧਰ ਨਿਗਮ ਦੇ ਪ੍ਰਾਜੈਕਟਾਂ ਦੀ ਗੱਲ ਕਰੀਏ ਤਾਂ ਵਧੇਰੇ ਪ੍ਰਾਜੈਕਟ ਸ਼ੁਰੂ ਹੀ ਨਹੀਂ ਸਕੇ, ਜਿਸ ਨਾਲ ਲੋਕਾਂ ਦੀਆਂ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ। ਅੱਜ ਜਲੰਧਰ ਨਾਰਥ ਅਤੇ ਵੈਸਟ ਦੇ ਵੱਡੇ ਇਲਾਕੇ ਨੂੰ ਸੀਵਰੇਜ ਓਵਰਫਲੋਅ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਰੇ ਸ਼ਹਿਰ ਵਿਚ ਕੂੜੇ ਅਤੇ ਗੰਦਗੀ ਦੀ ਸਮੱਸਿਆ ਕਾਫੀ ਵੱਡੀ ਚੁਣੌਤੀ ਵਜੋਂ ਉਭਰ ਰਹੀ ਹੈ। ਬੇਸ਼ੱਕ ਸਮਾਰਟ ਸਿਟੀ ਨਾਲ ਸਬੰਧਤ ਕਈ ਪ੍ਰਾਜੈਕਟਾਂ ਨੇ ਰਫਤਾਰ ਫੜੀ ਹੈ ਪਰ ਫਿਰ ਵੀ ਸਰਕਾਰੀ ਅਧਿਕਾਰੀਆਂ ਦੇ ਰਵੱਈਏ ਨੂੰ ਦੇਖ ਕੇ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਸਾਰੇ ਪ੍ਰਾਜੈਕਟ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਪੂਰੇ ਹੋ ਜਾਣਗੇ। ਨਿਗਮ ਦੀ ਗੱਲ ਕਰੀਏ ਤਾਂ ਇਸ ਕੋਲੋਂ ਵਰਿਆਣਾ ਡੰਪ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਅਤੇ ਅਜੇ ਤੱਕ ਬਾਇਓ ਮਾਈਨਿੰਗ ਪਲਾਂਟ ਵੀ ਨਹੀਂ ਲੱਗ ਸਕਿਆ।

ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕੰਮ ਵੀ ਲਟਕੇ, ਠੇਕੇਦਾਰਾਂ ਦੀਆਂ ਮਨਮਾਨੀਆਂ ਬਰਕਰਾਰ

ਇਸ ਸਮੇਂ ਜਲੰਧਰ ਨਿਗਮ ਨੂੰ ਸ਼ਹਿਰ ਦੀਆਂ ਕਈ ਮੇਨ ਸੜਕਾਂ ਨੂੰ ਪੁੱਟ ਰੱਖਿਆ ਹੈ, ਜਿਥੇ ਨਿਰਮਾਣ ਕਾਰਜ ਤਾਂ ਚੱਲ ਰਹੇ ਹਨ ਪਰ ਇਹ ਪੂਰੇ ਕਦੋਂ ਹੋਣਗੇ, ਯਕੀਨੀ ਤੌਰ ’ਤੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਨਿਗਮ ਨਾਲ ਸਬੰਧਤ ਠੇਕੇਦਾਰਾਂ ਦੀਆਂ ਮਨਮਾਨੀਆਂ ਬਰਕਰਾਰ ਹਨ ਅਤੇ ਇਨ੍ਹਾਂ ’ਤੇ ਕੋਈ ਰੋਕ ਨਹੀਂ ਲੱਗ ਸਕੀ ਹੈ। ਪਟੇਲ ਚੌਕ ਤੋਂ ਲੈ ਕੇ ਰੇਲਵੇ ਸਟੇਸ਼ਨ, ਭਗਤ ਸਿੰਘ ਚੌਕ ਤੋਂ ਲੈ ਕੇ ਲਕਸ਼ਮੀ ਸਿਨੇਮਾ, ਭੈਰੋਂ ਬਾਜ਼ਾਰ ਤੋਂ ਲੈ ਕੇ ਕਿਲਾ ਬਾਜ਼ਾਰ, ਲੰਮਾ ਪਿੰਡ ਚੌਕ ਤੋਂ ਲੈ ਕੇ ਹੁਸ਼ਿਆਰਪੁਰ ਰੋਡ ਜੰਡੂਸਿੰਘਾ ਤੱਕ, ਕਾਲਾ ਸੰਘਿਆਂ ਰੋਡ ਅਤੇ ਮਾਸਟਰ ਗੁਰਬੰਤਾ ਸਿੰਘ ਰੋਡ ਆਦਿ ਦੇ ਕੰਮ ਸ਼ੁਰੂ ਤਾਂ ਹਨ ਪਰ ਬਹੁਤ ਹੌਲੀ ਰਫਤਾਰ ਨਾਲ ਚੱਲ ਰਹੇ ਹਨ।

ਭਗਤ ਸਿੰਘ ਚੌਕ ਤੋਂ ਲਕਸ਼ਮੀ ਸਿਨੇਮਾ ਵਲ ਜਾਂਦੀ ਸੜਕ ਨੂੰ ਬਣਾਉਣ ਦਾ ਕੰਮ ਇਨ੍ਹੀਂ ਦਿਨੀਂ ਜਾਰੀ ਹੈ, ਜਿਥੇ ਇੰਟਰਲਾਕਿੰਗ ਟਾਈਲਾਂ ਲਾਈਆਂ ਜਾ ਰਹੀਆਂ ਹਨ। (ਮੋਹਨ)

ਸਮੂਹਿਕ ਨਾਰਾਜ਼ਗੀ ਮੁੱਲ ਲੈ ਰਿਹੈ ਨਗਰ ਨਿਗਮ

ਨਗਰ ਨਿਗਮ ਦੀ ਗੱਲ ਕਰੀਏ ਤਾਂ ਉਹ ਲੋਕਾਂ ਦੀ ਸਮੂਹਿਕ ਨਾਰਾਜ਼ਗੀ ਮੁੱਲ ਲੈ ਰਿਹਾ ਜਾਪਦਾ ਹੈ। ਜ਼ਿਕਰਯੋਗ ਹੈ ਕਿ ਨਿਗਮ ਨੇ ਉਨ੍ਹਾਂ ਵਿਕਾਸ ਕਾਰਜਾਂ ਨੂੰ ਲਟਕਾਇਆ ਹੋਇਆ ਹੈ, ਜਿਨ੍ਹਾਂ ਦਾ ਲੋਕਾਂ ਨਾਲ ਹਰ ਰੋਜ਼ ਸਿੱਧਾ ਵਾਹ ਪੈਂਦਾ ਹੈ। ਸਥਾਨਕ ਨਵੀਂ ਦਾਣਾ ਮੰਡੀ ਦੀ ਗੱਲ ਕਰੀਏ ਤਾਂ ਉਥੇ ਸੜਕ ਅਤੇ ਸੀਵਰੇਜ ਦਾ ਕੰਮ ਪਿਛਲੇ 6 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ, ਜੋ ਅਜੇ ਤੱਕ ਲਟਕਿਆ ਹੋਇਆ ਹੈ, ਜਿਸ ਕਾਰਣ ਮੰਡੀ ਦੇ ਦੁਕਾਨਦਾਰ ਕਾਫੀ ਪ੍ਰਭਾਵਿਤ ਹਨ ਅਤੇ ਮੰਡੀ ਵਿਚ ਗਾਹਕਾਂ ਨੇ ਵੀ ਆਉਣਾ-ਜਾਣਾ ਬੰਦ ਕਰ ਦਿੱਤਾ ਹੈ। ਇਹੀ ਹਾਲ ਟਰਾਂਸਪੋਰਟ ਨਗਰ ਦਾ ਹੈ, ਜਿੱਥੇ ਸੈਂਕੜੇ ਟਰਾਂਸਪੋਰਟਰ ਅਤੇ ਉਨ੍ਹਾਂ ਦੇ ਕਰਮਚਾਰੀ ਤੇ ਗਾਹਕ ਟੁੱਟੀਆਂ ਸੜਕਾਂ ਅਤੇ ਓਵਰਫਲੋਅ ਸੀਵਰੇਜ ਆਦਿ ਤੋਂ ਕਾਫੀ ਪ੍ਰੇਸ਼ਾਨ ਹਨ।


Harinder Kaur

Content Editor

Related News