ਜਲੰਧਰ-ਲੁਧਿਆਣਾ ਹਾਈਵੇ ''ਤੇ ਵਾਪਰੇ ਹਾਦਸੇ ''ਚ ਔਰਤ ਦੀ ਮੌਤ

Wednesday, Mar 06, 2024 - 07:05 PM (IST)

ਜਲੰਧਰ-ਲੁਧਿਆਣਾ ਹਾਈਵੇ ''ਤੇ ਵਾਪਰੇ ਹਾਦਸੇ ''ਚ ਔਰਤ ਦੀ ਮੌਤ

ਜਲੰਧਰ (ਮਹੇਸ਼)- ਰਾਮਾ ਮੰਡੀ ਥਾਣਾ ਅਧੀਨ ਪੈਂਦੇ ਪਿੰਡ ਧਨੋਵਾਲੀ ਦੇ ਨਜ਼ਦੀਕ ਜਲੰਧਰ-ਲੁਧਿਆਣਾ ਮੁੱਖ ਮਾਰਗ 'ਤੇ ਸਥਿਤ ਮੈਰੀਟੋਨ ਹੋਟਲ ਦੇ ਬਾਹਰ ਅੱਜ ਸਵੇਰੇ 8 ਵਜੇ ਦੇ ਕਰੀਬ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਔਰਤ ਦੀ ਮੌਤ ਹੋ ਗਈ, ਜਿਸ ਦੀ ਉਮਰ 40 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਚੌਕੀ ਦਕੋਹਾ (ਨੰਗਲ ਸ਼ਾਮਾ) ਦੇ ਏ.ਐੱਸ.ਆਈ. ਮਨਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਔਰਤ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮਨਜੀਤ ਸਿੰਘ ਨੇ ਦੱਸਿਆ ਕਿ ਅਜੇ ਤੱਕ ਮ੍ਰਿਤਕ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਨਾ ਹੀ ਇਹ ਪਤਾ ਲੱਗ ਸਕਿਆ ਹੈ ਕਿ ਔਰਤ ਨੂੰ ਕਿਸ ਵਾਹਨ ਨੇ ਟੱਕਰ ਮਾਰੀ ਹੈ।

ਦੱਸਿਆ ਜਾ ਰਿਹਾ ਹੈ ਕਿ ਔਰਤ ਸੜਕ ਪਾਰ ਕਰ ਰਹੀ ਸੀ ਕਿ ਤੇਜ਼ ਰਫਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਔਰਤ ਕੋਲੋਂ ਅਜਿਹਾ ਕੋਈ ਦਸਤਾਵੇਜ਼ ਬਰਾਮਦ ਨਹੀਂ ਹੋਇਆ, ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਉਨ੍ਹਾਂ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਇਸ ਤੋਂ ਪਹਿਲਾਂ ਔਰਤ ਦੀ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਮੋਰਚਰੀ 'ਚ ਰਖਵਾਇਆ ਗਿਆ ਹੈ। ਔਰਤ ਅਤੇ ਔਰਤ ਨੂੰ ਟੱਕਰ ਮਾਰਨ ਵਾਲੇ ਅਣਪਛਾਤੇ ਵਾਹਨ ਦੀ ਪਹਿਚਾਣ ਸਬੰਧੀ ਵੀ ਪੁਲਸ ਆਪਣੇ ਪੱਧਰ 'ਤੇ ਜਾਂਚ ਕਰ ਰਹੀ ਹੈ |


author

Aarti dhillon

Content Editor

Related News