60 ਸਾਲਾ ਬਜ਼ੁਰਗ ਬੀਬੀ ਨੇ ਸਰਪੰਚ ਤੇ ਇਕ ਹੋਰ ਵਿਅਕਤੀ ''ਤੇ ਲਾਏ ਕੁੱਟਮਾਰ ਕਰਨ ਦੇ ਦੋਸ਼

Friday, Aug 14, 2020 - 05:39 PM (IST)

ਨਕੋਦਰ (ਪਾਲੀ)— ਥਾਣਾ ਸਦਰ ਅਧੀਨ ਆਉਦੇ ਪਿੰਡ ਬਜੂਹਾ ਕਲਾਂ, ਪਿੰਡ ਚੱਕ ਮੁਗਲਾਨੀ ਅਤੇ ਪਿੰਡ ਸ਼ੰਕਰ ਆਦਿ 'ਚ ਔਰਤਾਂ ਨਾਲ ਧੱਕਾ-ਮੁੱਕੀ, ਕੁੱਟਮਾਰ ਅਤੇ ਜਾਤੀਸੂਚਕ ਸ਼ਬਦ ਬੋਲਣ ਦੀਆਂ ਵਾਪਰੀਆਂ ਘਟਨਾਵਾਂ ਸਬੰਧੀ ਅਖ਼ਬਾਰਾਂ 'ਚ ਲੱਗੀਆਂ ਖਬਰਾਂ ਦੀ ਸਿਆਹੀ ਹਾਲੇ ਸੁੱਕੀ ਵੀ ਨਹੀਂ ਸੀ, ਪਿੰਡ ਗਿੱਲਾਂ ਦੀ ਇਕ 60 ਸਾਲਾ ਬਜ਼ੁਰਗ ਔਰਤ ਨੇ ਪਿੰਡ ਦੇ ਸਰਪੰਚ ਅਤੇ ਇਕ ਹੋਰ ਵਿਅਕਤੀ 'ਤੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾ ਦਿੱਤੇ। ਘਟਨਾ 10 ਅਗਸਤ ਸ਼ਾਮ ਦੀ ਦੱਸੀ ਜਾ ਰਹੀ ਹੈ। ਔਰਤ ਨੂੰ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਸੀ ਪਰ ਦੂਜੇ ਦਿਨ ਡਾਕਟਰ ਨੇ ਔਰਤ ਨੰ ਜਲੰਧਰ ਰੈਫਰ ਕਰ ਦਿੱਤਾ।

ਪ੍ਰੇੱਸ ਨੂੰ ਭੇਜੇ ਵੀਡੀਓ ਕਲਿੱਪ 'ਚ ਬਲਵੀਰ ਕੌਰ (60) ਨੇ ਦੱਸਿਆ ਕਿ ਸਾਡੀ ਗਲੀ ਦੀ ਢਲਾਣ ਉੱਚੀ-ਨੀਵੀਂ ਹੋਣ ਕਾਰਨ ਮੇਰੇ ਘਰ ਦੇ ਬਾਹਰ ਪਾਣੀ ਖੜ੍ਹਾ ਹੋ ਜਾਂਦਾ ਹੈ। ਬੀਤੀ 10 ਅਗਸਤ ਨੂੰ ਮੀਂਹ ਦਾ ਪਾਣੀ ਗਲੀ 'ਚ ਖੜ੍ਹਾ ਸੀ। ਮੈਂ ਝਾੜੂ ਨਾਲ ਕੱਢਣ ਲੱਗੀ ਤਾਂ ਮੇਰੇ ਗੁਆਢੀ ਨੇ ਸਰਪੰਚ ਨਾਲ ਮਿਲ ਕੇ ਮੇਰੀ ਕੁੱਟਮਾਰ ਕੀਤੀ। ਉੁਧਰ ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੇ 'ਤੇ ਲੱਗੇ ਦੋਸ਼ ਨੂੰ ਨਕਾਰਦੇ ਹੋਏ ਕਿਹਾ ਕਿ ਔਰਤ ਗੁਆਂਢੀ ਨਾਲ ਝਗੜ ਰਹੀ ਸੀ। ਮੈ ਮੌਕੇਂ 'ਤੇ ਜਾ ਕੇ ਦੋਹਾਂ ਨੂੰ ਸ਼ਾਂਤ ਕੀਤਾ। ਔਰਤ ਨਾਲ ਕਿਸੇ ਨੇ ਕੋਈ ਕੁੱਟਮਾਰ ਨਹੀਂ ਕੀਤੀ।

36 ਘੰਟਿਆ ਬਾਅਦ ਉੱਗੀ ਪੁਲਸ ਨੇ ਲਏ ਪੀੜਤਾਂ ਦੇ ਬਿਆਨ
ਇਸ ਸਬੰਧੀ ਜਦੋਂ ਉੱਗੀ ਚੌਕੀ ਇੰਚਾਰਜ ਲਵਨੀਨ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਔਰਤ ਨਾਲ ਕੋਈ ਕੁੱਟਮਾਰ ਨਹੀਂ ਹੋਈ ਸਿਰਫ ਮਾਮੂਲੀ ਝਗੜਾ ਹੋਇਆ ਹੈ। ਔਰਤ ਵੱਲੋਂ ਦਿੱਤੇ ਬਿਆਨਾਂ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੀੜਤ ਬਜ਼ੁਰਗ ਔਰਤ ਅਤੇ ਉਸ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਪਿੰਡ 'ਚ ਬੀਤੀ 10 ਅਗਸਤ ਸ਼ਾਮ ਨੂੰ ਝਗੜਾ ਹੋਇਆ ਸੀ ਪਰ ਉੱਗੀ ਪੁਲਸ ਨੇ ਅੱਜ ਸਵੇਰੇ ਸਾਡੇ ਬਿਆਨ ਲਏ। ਜਿਸ ਤੋਂ ਸਾਫ ਜ਼ਾਹਿਰ ਹੈ, ਕਿ ਉੱਗੀ ਪੁਲਸ ਦੂਜੀ ਧਿਰ ਦੇ ਸਿਆਸੀ ਦਬਾਅ ਕਾਰਨ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ।

ਨਕੋਦਰ 'ਚ ਔਰਤਾਂ ਨਾਲ ਵਾਪਰੀਆਂ ਘਟਨਾਵਾਂ
-16 ਜੁਲਾਈ ਨੂੰ ਪਿੰਡ ਬਜੂਹਾ ਕਲਾਂ ਦੀ ਇਕ ਔਰਤ ਰਜਨੀ ਨੇ ਪਿੰਡ ਦੀ ਸਰਪੰਚ, 2 ਪੰਚਾਇਤ ਮੈਂਬਰਾਂ ਅਤੇ ਇਕ ਔਰਤ ਤੋਂ ਤੰਗ ਆ ਕੇ ਆਪਣੇ ਘਰ ਵਿਚ ਹੀ ਪੱਖੇ ਨਾਲ ਫਾਹ ਲੈ ਕੇ ਆਤਮਹੱਤਿਆ ਕਰ ਲਈ ਸੀ।
- 30 ਜੁਲਾਈ ਨੂੰ ਪਿੰਡ ਚੱਕ ਮੁਗਲਾਨੀ ਵਿਚ ਆਪਣੇ ਪੁੱਤਰ ਦੇ ਹੋਏ ਝਗੜੇ ਨੂੰ ਸਲਝਾਉਣ ਪੰਚਾਇਤ 'ਚ ਆਈ ਦਲਿਤ ਔਰਤ ਦੇ ਪਿੰਡ ਦੇ ਇਕ ਨੌਜਵਾਨ ਨੇ ਮੋਹਤਬਰਾਂ ਦੀ ਹਾਜ਼ਰੀ 'ਚ ਨੇ ਥੱਪੜ ਮਾਰਿਆ ਅਤੇ ਜਾਤੀਸੂਚਕ ਸ਼ਬਦ ਬੋਲੇ ਸਨ।
- ਪਿੰਡ ਸ਼ੰਕਰ ਦੀ ਇਕ ਔਰਤ ਰਾਣੋ ਨੇ ਪੰਚਾਇਤ ਘਰ 'ਚ ਸਰਪੰਚ ਅਤੇ ਉਸ ਦੇ ਸਾਥੀਆਂ 'ਤੇ ਧੱਕੇ-ਮੁੱਕੀ ਕਰ ਕੇ ਜਾਤੀਸੂਚਕ ਸ਼ਬਦ ਬੋਲਣਅਤੇ ਕੱਪੜੇ ਪਾੜ੍ਹਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਦੀ ਸ਼ਿਕਾਇਤ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਦਿੱਤੀ ਅਤੇ ਸੁਣਵਾਈ ਨਾ ਹੋਣ ਕਾਰਨ ਇਨਸਾਫ ਲੈਣ ਲਈ 4 ਅਗਸਤ ਨੂੰ ਥਾਣੇ ਦਾ ਘਿਰਾਓ ਕਰਕੇ ਧਰਨਾ ਦਿੱਤਾ ਸੀ।


shivani attri

Content Editor

Related News