23 ਸਾਲਾਂ ਤੋਂ ਲੁਕ ਕੇ ਰਹਿ ਰਹੀ ਭਗੌੜੀ ਲੁਧਿਆਣਾ ਤੋਂ ਗ੍ਰਿਫਤਾਰ

Monday, Jan 28, 2019 - 11:17 AM (IST)

23 ਸਾਲਾਂ ਤੋਂ ਲੁਕ ਕੇ ਰਹਿ ਰਹੀ ਭਗੌੜੀ ਲੁਧਿਆਣਾ ਤੋਂ ਗ੍ਰਿਫਤਾਰ

ਜਲੰਧਰ (ਕਮਲੇਸ਼)— 23 ਸਾਲਾਂ ਤੋਂ ਪੁਲਸ ਨੂੰ ਚਕਮਾ ਦੇ ਕੇ ਫਰਾਰ ਚੱਲ ਰਹੀ ਭਗੌੜੀ ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ। ਔਰਤ ਕਾਫੀ ਸਾਲਾਂ ਤੋਂ ਲੁਧਿਆਣਾ 'ਚ ਹੀ ਰਹਿ ਰਹੀ ਸੀ। ਔਰਤ ਨੂੰ ਅਗਸਤ 1991 ਨੂੰ ਥਾਣਾ ਤਿੰਨ ਦੀ ਪੁਲਸ ਨੇ ਨਾਮਜ਼ਦ ਕੀਤਾ ਸੀ। ਉਸ ਸਮੇਂ ਕਾਜ਼ੀ ਮੰਡੀ ਥਾਣਾ ਨੰ. 3 ਅਧੀਨ ਪੈਂਦਾ ਸੀ।
ਥਾਣਾ ਰਾਮਾ ਮੰਡੀ ਦੇ ਮੁਖੀ ਜੀਵਨ ਸਿੰਘ ਨੇ ਦੱਸਿਆ ਕਿ 13 ਅਗਸਤ 1991 ਨੂੰ ਕਾਜ਼ੀ ਮੰਡੀ ਦੇ ਰਹਿਣ ਵਾਲੇ ਅਮਾਰਸੀ ਪੁੱਤਰ ਪਰੀਅਨ ਅਤੇ ਉਸ ਦੇ ਸਾਥੀ ਪਲਨੀਅੱਪਾ, ਮੀਨਾ, ਮਨੇਸ਼ ਦੀ ਵਿਜੇ ਧਰਮਾ, ਛੋਟੂ, ਨਾਗਰਾਜ, ਖੰਨਾ, ਗੁਨਸੇਖਰ, ਮਨੀਕਮ, ਸ਼ਰਪ, ਸਿਕਵੀ ਅਤੇ ਵੱਲੀ ਪਤਨੀ ਗੁਨਸੇਖਰ ਨੇ ਕੁੱਟਮਾਰ ਕੀਤੀ ਸੀ। ਥਾਣਾ ਨੰ. 3 ਦੇ ਏ. ਐੱਸ. ਆਈ. ਲਹਿੰਬਰ ਸਿੰਘ ਨੇ ਹਮਲਾਵਰ ਧਿਰ 'ਤੇ ਕੇਸ ਦਰਜ ਕਰ ਲਿਆ ਸੀ ਪਰ ਚਲਾਨ ਪੇਸ਼ ਹੋਣ ਤੋਂ ਬਾਅਦ ਵੱਲੀ ਪਤਨੀ ਗੁਨਸੇਖਰ ਵਾਸੀ ਕਾਜ਼ੀ ਮੰਡੀ ਫਰਾਰ ਹੋ ਗਈ ਅਤੇ ਅਦਾਲਤ 'ਚ ਪੇਸ਼ ਨਹੀਂ ਹੋਈ। ਅਜਿਹੇ 'ਚ ਮਾਣਯੋਗ ਅਦਾਲਤ ਨੇ ਵੱਲੀ ਨੂੰ ਭਗੌੜੀ ਕਰਾਰ ਦੇ ਦਿੱਤਾ ਸੀ। ਕਾਜ਼ੀ ਮੰਡੀ ਥਾਣਾ ਰਾਮਾ ਮੰਡੀ ਦੀ ਹੱਦ 'ਚ ਆਉਣ ਤੋਂ ਬਾਅਦ ਕੇਸ ਥਾਣਾ ਰਾਮਾ ਮੰਡੀ 'ਚ ਟਰਾਂਸਫਰ ਹੋ ਗਿਆ ਸੀ। ਵੱਲੀ ਦੀ ਭਾਲ ਕੀਤੀ ਜਾ ਰਹੀ ਸੀ ਕਿ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਸੂਚਨਾ ਮਿਲੀ ਕਿ ਵੱਲੀ ਲੁਧਿਆਣਾ ਦੇ ਬਿੰਦਰਾ ਕਾਲੋਨੀ ਨਜ਼ਦੀਕ ਸੁੰਦਰ ਨਗਰ ਬਸਤੀ ਜੋਧੇਵਾਲ 'ਚ ਰਹਿ ਰਹੀ ਹੈ। ਪੁਲਸ ਨੇ ਸ਼ਨੀਵਾਰ ਨੂੰ ਵੱਲੀ ਦੇ ਘਰ 'ਚ ਰੇਡ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਵੱਲੀ 23 ਸਾਲ ਤੱਕ ਪੁਲਸ ਕੋਲੋਂ ਲੁਕ ਕੇ ਰਹਿ ਰਹੀ ਸੀ।


author

shivani attri

Content Editor

Related News