ਪ੍ਰਵਾਸੀ ਔਰਤ ਨੇ ਸ਼ਾਹਕੋਟ ਪੁਲਸ ’ਤੇ ਨਾਬਾਲਗ ਕੁੜੀਆਂ ਸਣੇ 3 ਘੰਟੇ ਨਜਾਇਜ਼ ਹਿਰਾਸਤ ’ਚ ਰੱਖਣ ਦੇ ਲਾਏ ਦੋਸ਼

03/08/2024 4:41:49 PM

ਸ਼ਾਹਕੋਟ (ਅਰਸ਼ਦੀਪ)- ਸ਼ਾਹਕੋਟ ਥਾਣੇ ’ਚ ਇਨਸਾਫ਼ ਲੈਣ ਗਈ ਇਕ ਪ੍ਰਵਾਸੀ ਮਜ਼ਦੂਰ ਔਰਤ ਵੱਲੋਂ ਸ਼ਾਹਕੋਟ ਥਾਣੇ ਦੇ ਇਕ ਏ. ਐੱਸ. ਆਈ. ’ਤੇ ਉਸ ਦੀਆਂ 2 ਨਾਬਾਲਗ ਲੜਕੀਆਂ ਨਾਲ ਬਦਸਲੂਕੀ ਕਰਨ ਅਤੇ 3 ਘੰਟੇ ਨਾਜਾਇਜ਼ ਹਿਰਾਸਤ ’ਚ ਰੱਖਣ ਦੇ ਦੋਸ਼ ਲਾਏ ਹਨ। ਇਸ ਸਬੰਧੀ ਪੇਂਡੂ ਮਜ਼ਦੂਰ ਯੂਨੀਅਨ ਦੀ ਜ਼ਿਲਾ ਪ੍ਰਧਾਨ ਬੀਬੀ ਗੁਰਬਖ਼ਸ਼ ਕੌਰ ਸਾਦਿਕਪੁਰ ਅਤੇ ਸਮਾਜ ਸੇਵਾ ਸੁਸਾਇਟੀ ਸ਼ਾਹਕੋਟ ਦੇ ਪ੍ਰਧਾਨ ਰਾਜੇਸ਼ ਕੁਮਾਰ ਬੌਬੀ ਕੰਡਾ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਔਰਤ ਸੁਗੰਤੀ ਦੇਵੀ ਪਤਨੀ ਮਿਠਾਈ ਲਾਲ ਵਾਸੀ ਮਹੱਲਾ ਨਿਊ ਕਰਤਾਰ ਨਗਰ ਸ਼ਾਹਕੋਟ ਵੱਲੋਂ ਬੀਤੇ ਦਿਨੀਂ ਕਿਸੇ ਵੱਲੋਂ ਤੰਗ-ਪ੍ਰੇਸ਼ਾਨ ਕਰਨ ’ਤੇ ਲਿਖਤੀ ਦਰਖਾਸਤ ਥਾਣਾ ਸ਼ਾਹਕੋਟ ਵਿਖੇ ਦਿੱਤੀ ਸੀ, ਜਿਸ ਸਬੰਧੀ ਸ਼ਾਹਕੋਟ ਥਾਣੇ ਦੇ ਏ. ਐੱਸ. ਆਈ. ਸੁਲਿੰਦਰ ਸਿੰਘ ਨੇ ਬੀਤੇ ਦਿਨੀਂ ਦੋਨਾਂ ਧਿਰਾਂ ਨੂੰ ਥਾਣੇ ਬੁਲਾਇਆ ਸੀ।

ਉਨ੍ਹਾਂ ਦੋਸ਼ ਲਾਇਆ ਕਿ ਇਸ ਦੌਰਾਨ ਪਹਿਲਾਂ ਤਾਂ ਏ. ਐੱਸ. ਆਈ. ਨੇ ਪ੍ਰਵਾਸੀ ਮਜ਼ਦੂਰ ਔਰਤ ਸੁਗੰਤੀ ਦੇਵੀ ਅਤੇ ਉਸ ਦੀਆਂ 2 ਨਾਬਾਲਗ ਕੁੜੀਆਂ ਨੂੰ ਤਿੰਨ ਘੰਟੇ ਨਾਜਾਇਜ਼ ਤੌਰ ’ਤੇ ਥਾਣੇ ਬਿਠਾਈ ਰੱਖਿਆ ਅਤੇ ਬਾਅਦ ’ਚ ਦੂਜੀ ਧਿਰ ਸਾਹਮਣੇ ਉਕਤ ਔਰਤ ਅਤੇ ਉਸ ਦੀਆਂ ਕੁੜੀਆਂ ਨਾਲ ਬਦਸਲੂਕੀ ਕੀਤੀ ਅਤੇ ਮਾੜੀ ਸ਼ਬਦਾਵਲੀ ਵੀ ਵਰਤੀ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਵੀ ਕੀਤਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਦਸੂਹਾ ਦੇ ਇਕੋ ਪਿੰਡ ਦੇ ਦੋ ਨੌਜਵਾਨਾਂ ਦੀ ਅਮਰੀਕਾ 'ਚ ਦਰਦਨਾਕ ਮੌਤ, ਇਕ ਸੀ 3 ਭੈਣਾਂ ਦਾ ਇਕਲੌਤਾ ਭਰਾ

ਉਨ੍ਹਾਂ ਦੱਸਿਆ ਕਿ ਸੁਗੰਤੀ ਦੇਵੀ ਵੱਲੋਂ ਹੀ ਝਗੜੇ ਸਬੰਧੀ ਦਰਾਖ਼ਸਤ ਦਿੱਤੀ ਗਈ ਹੈ ਅਤੇ ਇਕ ਦਰਖ਼ਾਸਤ ਕਰਤਾ ਨਾਲ ਹੀ ਅਜਿਹਾ ਮਾੜਾ ਸਲੂਕ ਪੁਲਸ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਏ. ਐੱਸ. ਆਈ. ਦੀ ਮੌਜੂਦਗੀ ’ਚ ਹੀ ਦੂਸਰੀ ਧਿਰ ਨੇ ਵੀ ਔਰਤ ਨੂੰ ਗਾਲ੍ਹਾਂ ਕੱਢੀਆਂ ਅਤੇ ਹੱਥੋਂਪਾਈ ਹੋਣ ਦੀ ਵੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਏ. ਐੱਸ. ਆਈ. ਸੁਲਿੰਦਰ ਸਿੰਘ ਨੇ ਦੂਜੀ ਧਿਰ ਦਾ ਪੱਖ ਲੈ ਕੇ ਇਨ੍ਹਾਂ ਨੂੰ ਜ਼ਲੀਲ ਕੀਤਾ ਹੈ। ਉਨ੍ਹਾਂ ਕਿਹਾ ਕਿ ਡੀ. ਐੱਸ. ਪੀ. ਸ਼ਾਹਕੋਟ ਨਰਿੰਦਰ ਸਿੰਘ ਔਜਲਾ ਨੂੰ ਏ. ਐੱਸ. ਆਈ. ਵੱਲੋਂ ਕੀਤੀ ਗਈ ਬਦਸਲੂਕੀ ਦੀ ਲਿਖਤੀ ਤੌਰ ’ਤੇ ਸ਼ਿਕਾਇਤ ਕਰ ਕੇ ਏ. ਐੱਸ. ਆਈ. ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਪ੍ਰਵਾਸੀ ਮਜ਼ਦੂਰ ਔਰਤ ਅਤੇ ਉਸ ਦੀਆਂ ਕੁੜੀਆਂ ਨਾਲ ਧੱਕਾ ਨਹੀਂ ਹੋਣ ਦੇਵਾਂਗੇ ਅਤੇ ਇਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਡੀ. ਐੱਸ. ਪੀ. ਸ਼ਾਹਕੋਟ ਨੇ ਏ. ਐੱਸ. ਆਈ. ਖ਼ਿਲਾਫ਼ ਬਣਦੀ ਕਾਰਵਾਈ ਨਾ ਕੀਤੀ ਤਾਂ ਡੀ. ਐੱਸ. ਪੀ. ਦਫ਼ਤਰ ਸ਼ਾਹਕੋਟ ਮੂਹਰੇ ਵਿਸ਼ਾਲ ਧਰਨਾ ਲਾਇਆ ਜਾਵੇਗਾ। ਇਸ ਸਬੰਧੀ ਡੀ. ਐੱਸ. ਪੀ. ਨਰਿੰਦਰ ਸਿੰਘ ਔਜਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸਬੰਧਤ ਏ. ਐੱਸ. ਆਈ. ਤੋਂ ਇਸ ਮਾਮਲੇ ਦੀ ਜਾਣਕਾਰੀ ਹਾਸਲ ਕਰਨਗੇ ਅਤੇ ਇਸ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ ਵਿਖੇ ਮਹਾਸ਼ਿਵਰਾਤਰੀ ਮੌਕੇ ਮੰਦਿਰਾਂ 'ਚ ਲੱਗੀਆਂ ਰੌਣਕਾਂ, 'ਹਰ-ਹਰ ਮਹਾਦੇਵ' ਦੇ ਲੱਗੇ ਜੈਕਾਰੇ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News