ਚਾਕੂ ਦੀ ਨੋਕ ’ਤੇ ਲੁੱਟਣ ਵਾਲੇ ਆਟੋ ਗਿਰੋਹ ਦੇ 3 ਮੈਂਬਰ ਕਾਬੂ
Tuesday, Jan 21, 2025 - 02:26 PM (IST)
ਚੰਡੀਗੜ੍ਹ (ਸੁਸ਼ੀਲ) : ਰਾਤ ਸਮੇਂ ਰਾਹਗੀਰਾਂ ਨੂੰ ਚਾਕੂ ਦਿਖਾ ਕੇ ਲੁੱਟਣ ਵਾਲੇ ਆਟੋ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਜ਼ਿਲ੍ਹਾ ਕ੍ਰਾਈਮ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੀ ਪਛਾਣ ਸਾਗਰ, ਲਕਸ਼ਮਣ ਤੇ ਗੌਰਵ ਵਾਸੀ ਧਨਾਸ ਵਜੋਂ ਹੋਈ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 19 ਮੋਬਾਇਲ, ਤਿੰਨ ਚਾਕੂ, 3 ਹਜ਼ਾਰ ਨਕਦ, ਆਟੋ ਤੇ ਦਸਤਾਵੇਜ਼ ਬਰਾਮਦ ਕੀਤੇ ਗਏ। ਟੀਮ ਨੇ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਸਾਰਿਆਂ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ।
ਇੰਚਾਰਜ ਜਸਮਿੰਦਰ ਸਿੰਘ ਅਨੁਸਾਰ 17 ਜਨਵਰੀ ਦੀ ਰਾਤ ਨੂੰ ਨਵਾਂਗਰਾਓਂ ਦੇ ਰਾਕੇਸ਼ ਨੂੰ ਪੈੱਕ ਲਾਈਟ ਪੁਆਇੰਟ ’ਤੇ ਲੁੱਟਿਆ ਸੀ। ਫੁਟੇਜ ਦੀ ਮਦਦ ਨਾਲ ਲੁਟੇਰਿਆਂ ਦੇ ਆਟੋ ਦਾ ਨੰਬਰ ਪਤਾ ਲਾਇਆ। ਇਸ ਤੋਂ ਬਾਅਦ ਤਿੰਨ ਮੁਲਜ਼ਮਾਂ ਨੂੰ ਸੈਕਟਰ-37 ਸਥਿਤ ਬੱਤਰਾ ਸਿਨੇਮਾ ਨੇੜੇ ਕਾਬੂ ਕਰ ਲਿਆ। ਲੁਟੇਰੇ ਨਸ਼ੇ ਲਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਸਾਗਰ ਆਟੋ ਚਾਲਕ ਹੈ ਤੇ ਲਕਸ਼ਮਣ ਸੂਪ ਦੀ ਰੇਹੜੀ ਤੇ ਗੌਰਵ ਨਾਈ ਦਾ ਕੰਮ ਕਰਦਾ ਹੈ।