ਸਿੱਪੀ ਕਤਲ ਕੇਸ ਦੀ ਸੁਣਵਾਈ 3 ਮਹੀਨਿਆਂ ਲਈ ਮੁਲਤਵੀ, 21 ਅਪ੍ਰੈਲ ਨੂੰ ਹੋਵੇਗੀ
Tuesday, Jan 21, 2025 - 01:48 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਸਿੱਪੀ ਕਤਲ ਮਾਮਲੇ 'ਚ ਸੋਮਵਾਰ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ 'ਚ ਹੋਣ ਵਾਲੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 21 ਅਪ੍ਰੈਲ ਨੂੰ ਹੋਵੇਗੀ। ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਸੀ. ਬੀ. ਆਈ. ਜੱਜ ਨੇ ਸੁਣਵਾਈ ਤਿੰਨ ਮਹੀਨਿਆਂ ਲਈ ਟਾਲਦਿਆਂ ਸੁਣਵਾਈ ਲਈ ਇਹ ਤਾਰੀਖ਼ ਦਿੱਤੀ। ਪਿਛਲੇ ਸਾਲ ਅਦਾਲਤ ਨੇ ਸਿੱਪੀ ਕਤਲ ਮਾਮਲੇ ਨੂੰ ਦਸੰਬਰ ਦੇ ਅਖ਼ੀਰ ਤੱਕ ਖ਼ਤਮ ਕਰਨ ਦਾ ਟੀਚਾ ਰੱਖਿਆ ਸੀ, ਪਰ ਅਦਾਲਤ 'ਚ ਪੈਂਡਿੰਗ ਕੁੱਝ ਹੋਰ ਮਾਮਲਿਆਂ ਦੇ ਨਿਪਟਾਰੇ ਕਾਰਨ ਇਸ ਮਾਮਲੇ ਦੀ ਸੁਣਵਾਈ ਅੱਗੇ ਵਧਾ ਦਿੱਤੀ ਗਈ ਹੈ। ਇਸ ਮਾਮਲੇ 'ਚ ਹਾਲੇ ਕਈ ਗਵਾਹਾਂ ਦੇ ਬਿਆਨ ਲਏ ਜਾਣੇ ਬਾਕੀ ਹਨ। ਸਿੱਪੀ ਦੇ ਭਰਾ ਦਾ ਕਹਿਣਾ ਹੈ ਕਿ ਸਾਲ 2015 'ਚ ਉਸ ਦੇ ਭਰਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਦੇ ਕਰੀਬ ਸਾਢੇ ਨੌਂ ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਇਨਸਾਫ਼ ਨਹੀਂ ਮਿਲ ਸਕਿਆ ਹੈ।
ਸਾਲ 2015 'ਚ ਹੋਇਆ ਸੀ ਕਤਲ
ਜ਼ਿਕਰਯੋਗ ਹੈ ਕਿ ਕਰੀਬ 9 ਸਾਲ ਪਹਿਲਾਂ 20 ਸਤੰਬਰ 2015 ਨੂੰ ਸੈਕਟਰ-27 ਦੇ ਪਾਰਕ 'ਚ ਕੌਮੀ ਨਿਸ਼ਾਨੇਬਾਜ਼ ਅਤੇ ਪੰਜਾਬ-ਹਰਿਆਣਾ ਹਾਈਕੋਰਟ ਦੇ ਵਕੀਲ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਾਮਲੇ 'ਚ ਸੈਕਟਰ-26 ਥਾਣਾ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੁਲਸ ਇਸ ਕਤਲ ਮਾਮਲੇ ਨੂੰ ਸੁਲਝਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ। ਪੀੜਤ ਪਰਿਵਾਰ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਲ 2016 'ਚ ਇਹ ਮਾਮਲਾ ਸੀ. ਬੀ. ਆਈ. ਨੂੰ ਟਰਾਂਸਫਰ ਕੀਤਾ ਗਿਆ।
ਸੀ. ਬੀ. ਆਈ. ਇਸ ਮਾਮਲੇ ’ਚ ਪੁੱਛਗਿਛ-ਪੜਤਾਲ ਕਰਦੀ ਰਹੀ, ਪਰ 7 ਸਾਲ ਬੀਤ ਜਾਣ ਦੇ ਬਾਵਜੂਦ ਇਹ ਕਤਲ ਮਾਮਲਾ ਨਹੀਂ ਸੁਲਝਿਆ। ਫਿਰ ਸੀ. ਬੀ. ਆਈ. ਨੇ ਅਣਟਰੇਸ ਰਿਪੋਰਟ ਵੀ ਫਾਈਲ ਕਰ ਦਿੱਤੀ। ਇਸ ਤੋਂ ਬਾਅਦ ਵੀ ਸੀ. ਬੀ. ਆਈ. ਨੇ ਜਾਂਚ ਨੂੰ ਜਾਰੀ ਰੱਖਦੇ ਹੋਏ ਇਸ ਕਤਲ ਮਾਮਲੇ ’ਚ ਜੂਨ 2022 ’ਚ ਕਲਿਆਣੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਦੋਵੇਂ ਪਹਿਲਾਂ ਚੰਗੇ ਦੋਸਤ ਸਨ ਅਤੇ ਉਨ੍ਹਾਂ ਦੇ ਰਿਸ਼ਤੇ ਦੀ ਵੀ ਗੱਲਬਾਤ ਚੱਲੀ ਸੀ, ਪਰ ਫਿਰ ਦੋਵਾਂ ਵਿਚਾਲੇ ਕੁੱਝ ਤਕਰਾਰ ਹੋ ਗਈ। ਫਿਰ ਅਚਾਨਕ ਇੱਕ ਰਾਤ ਸਿੱਪੀ ਦੀ ਖੂਨ ਨਾਲ ਲੱਥਪੱਥ ਲਾਸ਼ ਪਾਰਕ ਵਿਚੋਂ ਮਿਲੀ। ਹਾਲਾਂਕਿ ਸੀ. ਬੀ. ਆਈ. ਅੱਜ ਤੱਕ ਉਸ ਸ਼ੂਟਰ ਨੂੰ ਨਹੀਂ ਫੜ੍ਹ ਸਕੀ ਹੈ। ਇਸ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਤਿੰਨ ਮਹੀਨੇ ਬਾਅਦ ਹੀ ਕਲਿਆਣੀ ਨੂੰ ਜ਼ਮਾਨਤ ਮਿਲ ਗਈ ਸੀ।