ਮੌਸਮ ਨੇ ਬਦਲਿਆ ਮਿਜ਼ਾਜ, ਮੀਂਹ ਕਾਰਨ ਡਿੱਗਿਆ ਪਾਰਾ

01/23/2019 3:57:36 AM

ਫਗਵਾੜਾ, (ਹਰਜੋਤ)- ਕੱਲ ਤੋਂ ਲਗਾਤਾਰ ਸ਼ੁਰੂ ਹੋਏ ਮੀਂਹ ਨੇ ਜਿਥੇ ਲੋਕਾਂ ਦੇ ਜੀਵਨ ਦੀ ਰਫ਼ਤਾਰ ਮੱਠੀ ਕਰ ਕੇ ਰੱਖ ਦਿੱਤੀ ਹੈ ਉਥੇ ਹੀ ਲਗਾਤਾਰ ਮੀਂਹ ਪੈਣ ਨਾਲ ਪਾਰਾ ਡਿੱਗਣ ਕਾਰਨ ਠੰਡ 'ਚ ਵੀ ਵਾਧਾ ਹੋ ਗਿਆ ਹੈ। ਮੀਂਹ ਕਾਰਨ ਅੱਜ ਬੱਚੇ ਸਕੂਲਾਂ ਨੂੰ ਜਾਣ ਤੋਂ ਵਾਂਝੇ ਰਹਿ ਗਏ, ਉਥੇ ਨਾਲ ਹੀ ਕੰਮ 'ਤੇ ਜਾਣ ਵਾਲੇ ਲੋਕ ਵੀ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕੇ ਅਤੇ ਕਈ ਦੁਕਾਨਦਾਰਾਂ ਨੇ ਤਾਂ ਦੁਕਾਨਾਂ ਬੰਦ ਕਰ ਕੇ ਛੁੱਟੀ ਹੀ ਮਨਾਈ।
ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਇੱਥੋਂ ਦੀ ਚੱਢਾ ਮਾਰਕੀਟ, ਲੋਹਾ ਮੰਡੀ, ਗਊਸ਼ਾਲਾ ਬਾਜ਼ਾਰ, ਵਾਲਮੀਕਿ ਮੁਹੱਲਾ, ਸੁਭਾਸ਼ ਨਗਰ, ਹਰਿਗੋਬਿੰਦ ਨਗਰ, ਖੇੜਾ ਰੋਡ, ਪਲਾਹੀ ਰੋਡ, ਸ਼ਿਵਪੁਰੀ, ਉਂਕਾਰ ਨਗਰ, ਮੁਹੱਲਾ ਬਾਬਾ ਗਧੀਆ, ਗੋਬਿੰਦਪੁਰਾ ਪਾਣੀ ਨਾਲ ਭਰੇ ਗਏ ਅਤੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ। ਮੀਂਹ ਕਾਰਨ ਅੱਜ ਬਾਜ਼ਾਰਾਂ 'ਚ ਵਿਰਾਨਤਾ ਛਾਈ ਰਹੀ ਅਤੇ  ਦੁਕਾਨਾਂ 'ਤੇ ਕੋਈ ਗਾਹਕ ਵੀ ਨਾ ਆਇਆ, ਜਿਸ ਕਾਰਨ ਦੁਕਾਨਦਾਰਾਂ ਨੂੰ ਵੀ ਮੀਂਹ ਨਾਲ ਮੰਦੀ ਦਾ ਸ਼ਿਕਾਰ ਹੋਣਾ ਪਿਆ।
ਮੀਂਹ ਕਾਰਨ ਸੜਕਾਂ 'ਤੇ ਪੂਰੀ ਤਰ੍ਹਾਂ ਪਾਣੀ ਭਰ ਗਿਆ ਅਤੇ ਲੋਕ ਘਰਾਂ ਅੰਦਰ ਹੀ ਰਹੇ। ਨੀਵੇਂ ਇਲਾਕਿਆਂ 'ਚ ਤਾਂ ਪਾਣੀ ਲੋਕਾਂ ਦੇ ਘਰਾਂ 'ਚ ਹੀ ਜਾ ਵੜਿਆ ਅਤੇ ਲੋਕ ਇਸ ਪਾਣੀ ਨੂੰ ਬਾਹਰ ਕੱਢਣ 'ਚ ਹੀ ਲੱਗੇ ਰਹੇ। ਕਈ ਥਾਵਾਂ 'ਤੇ ਸੀਵਰੇਜ ਜਾਮ ਹੋਣ ਕਾਰਨ  ਪਾਣੀ ਓਵਰਫਲੋਅ ਹੋ ਕੇ ਸੜਕਾਂ 'ਤੇ ਖੜ੍ਹਾ ਰਿਹਾ ਤੇ ਲੋਕਾਂ ਨੂੰ  ਇਸ ਪਾਣੀ 'ਚੋਂ ਹੀ ਗੁਜ਼ਰਨਾ ਪਿਆ। 
ਪਕੌੜਿਆਂ ਤੇ ਚਾਹ ਵਾਲੀਆਂ ਦੁਕਾਨਾਂ 'ਤੇ ਦੇਖਣ ਨੂੰ ਮਿਲੀ ਲੋਕਾਂ ਦੀ ਭੀੜ
ਮੀਂਹ ਪੈਣ ਕਾਰਨ  ਠੰਡ ਦੇ ਮੌਸਮ 'ਚ  ਪਕੌੜਿਆਂ ਤੇ ਚਾਹ ਦੀਆਂ ਦੁਕਾਨਾਂ 'ਤੇ ਲੋਕਾਂ ਦੀ  ਭੀੜ  ਦੇਖਣ ਨੂੰ ਮਿਲੀ। ਲੋਕ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ  ਦਾ ਆਨੰਦ ਮਾਣਦੇ ਨਜ਼ਰ ਆਏ। ਕਾੲੀ ਲੋਕਾਂ ਨੂੰ ਮੀਂਹ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਕਈ ਥਾਵਾਂ 'ਤੇ ਲੋਕ ਮੌਸਮ ਦਾ ਆਨੰਦ ਮਾਨਦੇ ਵੀ ਨਜ਼ਰ ਆਏ। ਜ਼ਿਆਦਾਤਰ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਲੱਕੜਾਂ ਬਾਲ ਕੇ ਅੱਗ ਸੇਕਦੇ ਨਜ਼ਰ ਆਏ।
ਡੀ. ਸੀ. ਦਫਤਰ ਬਾਹਰ ਮੀਂਹ ਦਾ ਪਾਣੀ ਖੜ੍ਹਨ ਕਾਰਨ ਬਣਿਆ ਛੱਪੜ
ਕਪੂਰਥਲਾ, (ਜ. ਬ.)-2 ਦਿਨਾਂ ਤੋਂ ਪੈ ਰਹੇ ਮੀਂਹ ਨੇ ਜਨ-ਜੀਵਨ ਅਸਥ-ਵਿਅਸਥ ਕਰ ਦਿੱਤਾ। ਮੀਂਹ ਕਾਰਨ ਜਿਥੇ ਠੰਡ 'ਚ ਵਾਧਾ  ਹੋਇਆ ਹੈ  ਤੇ ਦੂਜੇ ਪਾਸੇ ਗਰੀਬ ਤੇ ਦਿਹਾੜੀਦਾਰ ਮਜ਼ਦੂਰਾਂ ਲਈ ਇਹ ਮੀਂਹ ਆਫਤ ਬਣ ਕੇ ਆਇਆ ਹੈ।  
ਮੀਂਹ ਕਾਰਨ  ਸ਼ਹਿਰ ਦੀਆਂ ਕਈ ਥਾਵਾਂ 'ਤੇ ਫੁੱਟ-ਫੁੱਟ ਪਾਣੀ ਖੜ੍ਹਾ ਹੋ ਗਿਆ, ਉਥੇ ਹੀ ਡੀ. ਸੀ. ਦਫਤਰ ਦੇ ਬਾਹਰ ਪਾਣੀ ਖੜ੍ਹਨ ਕਾਰਨ  ਛੱਪੜ ਬਣ ਗਿਆ।ਇਸੇ ਤਰ੍ਹਾਂ ਪੁਰਾਣੀ ਕਚਹਿਰੀ, ਕੋਟੂ ਚੌਕ, ਮਾਲ ਰੋਡ ਆਦਿ ਥਾਵਾਂ  'ਤੇ ਵੀ ਸਾਰਾ ਦਿਨ ਪਾਣੀ ਖੜ੍ਹਾ ਰਿਹਾ, ਜਿਸ ਕਾਰਨ ਆਉਣ-ਜਾਣ ਵਾਲੇ ਰਾਹੀਆਂ ਤੇ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।


Related News