ਪੌਂਗ ਡੈਮ ’ਚ ਪਾਣੀ ਦਾ ਪੱਧਰ ਵਧਣ ਕਾਰਨ ਬਿਆਸ ਦਰਿਆ ’ਚ ਛੱਡਿਆ ਪਾਣੀ, ਮੰਡ ਖੇਤਰ ਨਿਵਾਸੀ ਸਹਿਮੇ

Monday, Jun 15, 2026 - 12:34 AM (IST)

ਪੌਂਗ ਡੈਮ ’ਚ ਪਾਣੀ ਦਾ ਪੱਧਰ ਵਧਣ ਕਾਰਨ ਬਿਆਸ ਦਰਿਆ ’ਚ ਛੱਡਿਆ ਪਾਣੀ, ਮੰਡ ਖੇਤਰ ਨਿਵਾਸੀ ਸਹਿਮੇ

ਸੁਲਤਾਨਪੁਰ ਲੋਧੀ (ਧੀਰ) - ਕੀ ਕੁਦਰਤ ਦਾ ਕਹਿਰ ਇਸ ਸਾਲ ਵੀ ਬੀਤੇ ਸਾਲ ਵਾਂਗ ਵਰ੍ਹੇਗਾ?, ਇਹ ਸਵਾਲ ਅੱਜ ਹਲਕਾ ਸੁਲਤਾਨਪੁਰ ਲੋਧੀ ਵਿਚ ਪੈਂਦੇ ਮੰਡ ਖੇਤਰ ਦੇ ਕਿਸਾਨਾਂ ਦੀ ਜ਼ੁਬਾਨ ’ਤੇ ਉਭਰਨਾ ਸ਼ੁਰੂ ਹੋ ਗਿਆ ਕਿਉਂਕਿ ਹਾਲੇ ਮਾਨਸੂਨ ਸ਼ੁਰੂ ਨਾ ਹੋਣ ਦੇ ਬਾਵਜੂਦ ਪਹਾੜੀ ਤੇ ਮੈਦਾਨੀ ਖੇਤਰ ’ਚ ਪੈ ਰਹੇ ਮੀਂਹ ਕਾਰਨ ਪੌਗ ਡੈਮ ’ਚ ਪਾਣੀ ਦਾ ਪੱਧਰ ਵਧਣ ਕਾਰਨ ਬੀ. ਬੀ. ਐੱਮ. ਬੀ. ਵੱਲੋਂ ਦਰਿਆ ਬਿਆਸ ਵਿਚ ਪਹਿਲਾਂ ਪਾਣੀ ਛੱਡਣਾ ਪਿਆ। ਹਾਲਾਂਕਿ ਇਸ ਸਮੇਂ ਅਜਿਹੀ ਕੋਈ ਵੀ ਖਤਰਨਾਕ ਸੂਰਤ ਨਹੀਂ ਹੈ ਪਰ ਫਿਰ ਵੀ ਜੇ ਮਾਨਸੂਨ ਵਿਚ ਭਾਰੀ ਬਾਰਿਸ਼ ਤੇ ਡੈਮਾਂ ਤੋਂ ਪਾਣੀ ਛੱਡਣਾ ਪਿਆ ਤਾਂ ਅਜਿਹੇ ਹਾਲਾਤ ਪੈਦਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਜ਼ਿਕਰਯੋਗ ਹੈ ਕਿ 2023 ਤੇ ਫਿਰ 2025 ਵਿਚ ਦਰਿਆ ਬਿਆਸ ਵਿਚ ਪੈਂਦੇ ਪਿੰਡ ਬਾਊਪੁਰ ਜਦੀਦ ਆਰਜੀ ਬੰਨ੍ਹ ਟੁੱਟਣ ਕਾਰਨ ਇਸ ਦਰਿਆ ਦੇ ਪਾਣੀ ਨੇ ਕਰੀਬ 20-25 ਪਿੰਡਾਂ ਵਿਚ ਆਪਣਾ ਪੂਰਾ ਕਹਿਰ ਮਚਾਇਆ ਸੀ ਤੇ 25 ਤੋਂ 40 ਹਜ਼ਾਰ ਏਕੜ ਫਸਲ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ ਅਤੇ ਇਹ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ।

ਪਿਛਲੀ ਵਾਰ ਇਸ ਖੇਤਰ ਵਿਚ ਮਚਾਈ ਪਾਣੀ ਦੀ ਤਬਾਹੀ ਕਾਰਨ 11 ਘਰ ਵੀ ਪਾਣੀ ਵਿਚ ਰੁੜ ਗਏ ਸਨ। ਖੇਤਾਂ ਵਿਚ ਭਰੀ ਰੇਤ ਅੱਜ ਵੀ ਕਈ ਕਿਸਾਨਾਂ ਲਈ ਮੁਸੀਬਤ ਬਣੀ ਹੋਈ ਹੈ। ਵਾਰ-ਵਾਰ ਹੜ੍ਹਾਂ ਦੀ ਮਾਰ ਕਾਰਨ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ, ਜਦਕਿ ਕਈ ਪਰਿਵਾਰਾਂ ਨੂੰ ਅਜੇ ਤੱਕ ਮੁਆਵਜ਼ਾ ਵੀ ਨਹੀਂ ਮਿਲਿਆ। ਹੜ੍ਹ ਦੇ ਸੰਭਾਵੀ ਖਤਰੇ ਨੂੰ ਵੇਖਦਿਆਂ ਹਾਲੇ ਤੱਕ ਇਹ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ।

ਦਰਿਆ ਦੀ ਸਫਾਈ ਤੇ ਹੋਰ ਡੁੰਘਾਈ ਕੀਤੀ ਜਾਵੇ : ਬਾਊਪੁਰ, ਮਹੀਂਵਾਲ, ਸਾਂਗਰਾ
ਮੰਡ ਖੇਤਰ ਦੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ, ਸਰਵਣ ਸਿੰਘ ਬਾਊਪੁਰ, ਸ਼ੇਰ ਸਿੰਘ ਮਹੀਂਵਾਲ, ਕੁਲਦੀਪ ਸਿੰਘ ਸਾਂਗਰਾ, ਸਰਪੰਚ ਗੁਰਮੀਤ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਹੜ੍ਹ ਆਉਣ ਦੀ ਉਡੀਕ ਕਰਨ ਦੀ ਬਜਾਏ ਹੁਣ ਤੋਂ ਹੀ ਬਿਆਸ ਦਰਿਆ ਦੀ ਸਫਾਈ ਅਤੇ ਡੁੰਘਾਈ ਵਧਾਉਣ ਦੇ ਕੰਮ ਨੂੰ ਸ਼ੁਰੂ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਪਾਣੀ ਹੇਠਲੇ ਪਾਸੇ ਨਿਕਲ ਸਕੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ 2019-2023-2025 ਵਿਚ ਪ੍ਰਭਾਵਿਤ ਹੋਏ ਬੰਨ੍ਹਾਂ ਨੂੰ ਤੁਰੰਤ ਮਜ਼ਬੂਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਕਿਸੇ ਵੱਡੀ ਤਬਾਹੀ ਤੋਂ ਬਚਿਆ ਜਾ ਸਕੇ। ਇਹ ਕਮਜ਼ੋਰ ਬੰਨ੍ਹ ਹਜ਼ਾਰਾਂ ਏਕੜ ਫਸਲ ਅਤੇ ਦਰਜਨਾਂ ਪਿੰਡਾਂ ਲਈ ਖਤਰਨਾਕ ਬਣ ਸਕਦੇ ਹਨ।

ਡੈਮ ਤੋਂ ਪਾਣੀ ਲਗਾਤਾਰ ਰਿਲੀਜ਼ ਕਰਨ ਦੀ ਕੀਤੀ ਮੰਗ
ਮੰਡ ਖੇਤਰ ਦੇ ਕਿਸਾਨ ਆਗੂ ਅਮਰ ਸਿੰਘ ਮੰਡ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੜਾਂ ਦਾ ਮੁੱਖ ਕਾਰਨ ਡੈਮ ’ਚੋਂ ਪਾਣੀ ਇਕੱਠੇ ਰਿਲੀਜ਼ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਬੀ. ਬੀ. ਐੱਮ. ਬੀ. ਵਾਧੂ ਪਾਣੀ ਨੂੰ ਸਟੋਰ ਕਰਨ ਦੀ ਬਜਾਏ ਲਗਾਤਾਰ ਰਿਲੀਜ਼ ਕਰਦੀ ਰਹੇ ਤਾਂ ਹੜ੍ਹਾਂ ਦਾ ਖਤਰਾ ਘੱਟ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪਾਣੀ ਫਿਰ ਹਰੀਕੇ ਤੋਂ ਵੀ ਲਗਾਤਾਰ ਰਿਲੀਜ਼ ਕੀਤਾ ਜਾਵੇ, ਜਿਸ ਨਾਲ ਕਿਸਾਨ ਤੇ ਫਸਲਾਂ ਦੋਵੇਂ ਬਚ ਸਕਦੀਆਂ ਹਨ।
 


author

Inder Prajapati

Content Editor

Related News