ਵਰਿਆਣਾ ਡੰਪ ਨੂੰ ਲੱਗੀ ਅੱਗ ਕਾਰਨ ਵਗੀ ''ਮੌਤ ਰੂਪੀ'' ਹਵਾ

02/22/2020 4:29:57 PM

ਜਲੰਧਰ (ਵਰਿਆਣਾ)— ਇਕ ਪਾਸੇ ਜਿੱਥੇ ਵਰਿਆਣਾ ਡੰਪ 'ਚ ਪਏ ਕੂੜੇ ਦੇ ਵੱਡੇ-ਵੱਡੇ ਢੇਰਾਂ ਕਾਰਨ ਪਿੰਡ ਵਰਿਆਣਾ ਅਤੇ ਇਲਾਕੇ ਦੇ ਲੋਕ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਸ ਦੇ ਬੁਰੇ ਪ੍ਰਭਾਵਾਂ ਕਾਰਨ ਇਲਾਕੇ ਦਾ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਉਥੇ ਹੀ ਦੂਜੇ ਪਾਸੇ ਆਏ ਦਿਨ ਇਨ੍ਹਾਂ ਕੂੜੇ ਦੇ ਢੇਰਾਂ 'ਚ ਲੱਗੀ ਅੱਗ ਕਾਰਨ ਨਿਕਲ ਰਹੇ ਜ਼ਹਿਰੀਲੇ ਧੂੰਏਂ ਵਿਚ ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਹੋਇਆ ਪਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਵਰਿਆਣਾ ਦੇ ਕਿਸਾਨ ਮਨਦੀਪ ਸਿੰਘ ਮਨੂ ਅਤੇ ਹੋਰਾਂ ਨੇ ਦੱਸਿਆ ਕਿ ਆਏ ਦਿਨ ਜਾਣ-ਬੁੱਝ ਕੇ ਕਿਸੇ ਸਾਜ਼ਿਸ਼ ਤਹਿਤ ਡੰਪ ਵਿਚ ਲੱਗੇ ਕੂੜੇ ਢੇਰਾਂ ਨੂੰ ਅੱਗ ਲਾਈ ਜਾ ਰਹੀ ਹੈ, ਜਿਸ ਕਾਰਨ ਇਲਾਕੇ ਦਾ ਵਾਤਾਵਰਣ ਤਾਂ ਪ੍ਰਦੂਸ਼ਿਤ ਹੋ ਹੀ ਰਿਹਾ ਹੈ, ਨਾਲ ਹੀ ਲੋਕ ਇਸ ਜ਼ਹਿਰੀਲੀ ਹਵਾ ਦੀ ਲਪੇਟ 'ਚ ਆ ਕੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਘਿਰਦੇ ਜਾ ਰਹੇ ਹਨ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਕਰੀਬ 4 ਦਿਨਾਂ ਤੋਂ ਉਕਤ ਡੰਪ ਵਿਚ ਢੇਰਾਂ ਨੂੰ ਅੱਗ ਲੱਗਣ ਨਾਲ ਸਾਰਾ ਇਲਾਕਾ ਧੂੰਏਂ ਦੀ ਲਪੇਟ 'ਚ ਆਇਆ ਹੋਇਆ ਹੈ, ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਹੈ। ਕਈ ਲੋਕ ਸਾਹ ਦੀਆਂ ਬੀਮਾਰੀ ਨਾਲ ਜੂਝ ਰਹੇ ਹਨ। ਇਥੋਂ ਤੱਕ ਕਿ ਕਰੀਬੀ ਖੇਤਾਂ ਵਿਚ ਫਸਲਾਂ ਦੀ ਬੀਜਾਈ ਅਤੇ ਗੋਡੀ ਲਈ ਲਗਾਈ ਲੇਬਰ ਵੀ ਜ਼ਹਿਰੀਲੇ ਧੂੰਏਂ ਕਾਰਨ ਕੰਮ ਤੋਂ ਛੁੱਟੀ ਕਰ ਗਈ ਹੈ ਪਰ ਇਸ ਪਾਸੇ ਨਾ ਤਾਂ ਸਬੰਧਤ ਵਿਭਾਗ ਕੋਈ ਧਿਆਨ ਦੇ ਰਿਹਾ ਹੈ ਅਤੇ ਨਾ ਹੀ ਸੂਬਾ ਸਰਕਾਰ ਵਲੋਂ ਕੋਈ ਠੋਸ ਕਦਮ ਚੁੱਕਿਆ ਜਾ ਰਿਹਾ ਹੈ।

ਸਰਕਾਰ ਦੇ ਸੈਟੇਲਾਈਟ ਵਰਿਆਣਾ ਡੰਪ 'ਤੇ ਕਿਉਂ ਨਹੀਂ ਚਲਦੇ?
ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਅਤੇ ਸਬੰਧਤ ਵਿਭਾਗ ਕਿਸਾਨਾਂ 'ਤੇ ਤਾਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਦਾ ਹੁਕਮ ਲਾਗੂ ਕਰ ਰਹੀ ਹੈ ਅਤੇ ਉਨ੍ਹਾਂ 'ਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਦੇ ਦੋਸ਼ ਲਗਾ ਰਹੀ ਹੈ, ਉਨ੍ਹਾਂ ਨੂੰ ਵਰਿਆਣਾ ਡੰਪ 'ਚ ਲੱਗੀ ਅੱਗ ਕਿਉਂ ਨਹੀਂ ਦਿਖਾਈ ਦੇ ਰਹੀ। ਸੈਟੇਲਾਈਟ ਰਾਹੀਂ ਕਿਸਾਨਾਂ ਦੇ ਖੇਤਾਂ ਵਿਚ ਲੱਗੀ ਅੱਗ ਨੂੰ ਨੋਟ ਕਰ ਕੇ ਕਿਸਾਨਾਂ 'ਤੇ ਪਰਚੇ ਦਰਜ ਕਰਨ ਵਾਲਾ ਵਿਭਾਗ, ਹੁਣ ਸਾਨੂੰ ਦੱਸੇ ਕਿ ਉਨ੍ਹਾਂ ਦੇ ਉਕਤ ਸੈਟੇਲਾਈਟ ਹੁਣ ਇਸ ਡੰਪ 'ਤੇ ਕਿਉਂ ਨਹੀਂ ਚਲਦੇ ਜਾਂ ਫਿਰ ਉਹ ਜਾਣ-ਬੁੱਝ ਕੇ ਇਸ ਪਾਸੇ ਧਿਆਨ ਨਹੀਂ ਦੇਣਾ ਚਾਹੁੰਦੇ।

ਲੋਕਾਂ ਨੇ ਕੀਤੀ ਡੰਪ 'ਚ ਆਏ ਦਿਨ ਲੱਗ ਰਹੀ ਅੱਗ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਮੰਗ
ਉਧਰ ਪਿੰਡ ਵਰਿਆਣਾ, ਜਲੰਧਰ ਕੁੰਜ, ਜਲੰਧਰ ਵਿਹਾਰ, ਨਾਗਰਾ, ਸ਼ਿਵ ਨਗਰ, ਗੁਰੂ ਰਾਮਦਾਸ ਨਗਰ, ਨੰਦਨਪੁਰ ਕਾਲੋਨੀ, ਰਾਜ ਨਗਰ, ਬਸਤੀ ਬਾਵਾ ਖੇਲ, ਮਾਤਾ ਸੰਤ ਕੌਰ ਨਗਰ, ਗੌਤਮ ਨਗਰ, ਨਿਊ ਗੁਰੂ ਨਾਨਕ ਨਗਰ ਆਦਿ ਇਲਾਕਿਆਂ ਦੇ ਲੋਕਾਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਆਏ ਦਿਨ ਵਰਿਆਣਾ ਡੰਪ 'ਚ ਲੱਗ ਰਹੀ ਕੂੜੇ ਢੇਰਾਂ ਨੂੰ ਅੱਗ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ ਅਤੇ ਜੇਕਰ ਕੋਈ ਜਾਣ-ਬੁੱਝ ਕੇ ਇਨ੍ਹਾਂ ਨੂੰ ਅੱਗ ਲਾਉਂਦਾ ਹੈ ਤਾਂ ਉਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਲੋਕ ਸ਼ੁੱਧ ਵਾਤਾਵਰਣ 'ਚ ਰਹਿ ਕੇ ਤੰਦਰੁਸਤ ਜੀਵਨ ਬਤੀਤ ਕਰ ਸਕਣ।


shivani attri

Content Editor

Related News