ਵਰਿਆਣਾ ਡੰਪ ''ਤੇ ਪਲਟੀ ਡਿੱਚ, ਡਰਾਈਵਰ ਨੂੰ ਲੱਗੀ ਸੱਟ

12/16/2019 10:53:25 AM

ਜਲੰਧਰ (ਖੁਰਾਣਾ)— ਸ਼ਹਿਰ ਦੇ 80 ਵਾਰਡਾਂ 'ਚੋਂ ਹਰ ਰੋਜ਼ 500 ਟਨ ਤੋਂ ਜ਼ਿਆਦਾ ਕੂੜਾ ਨਿਕਲਦਾ ਹੈ, ਜਿਨ੍ਹਾਂ 'ਚੋਂ ਥੋੜ੍ਹਾ-ਬਹੁਤ ਕੂੜਾ ਫੋਲੜੀਵਾਲ ਡਿਸਪੋਜ਼ਲ ਅਤੇ ਹੋਰ ਥਾਵਾਂ 'ਤੇ ਬਣੇ ਪਿਟਸ ਆਦਿ 'ਚ ਜਾਂਦਾ ਹੈ, ਜਦਕਿ 95 ਫੀਸਦੀ ਤੋਂ ਜ਼ਿਆਦਾ ਕੂੜਾ ਅਜੇ ਵੀ ਸ਼ਹਿਰ ਦੇ ਮੇਨ ਡੰਪ ਵਰਿਆਣਾ 'ਚ ਜਾ ਰਿਹਾ ਹੈ, ਜਿਸ ਦੀ ਹਾਲਤ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਵਰਿਆਣਾ ਡੰਪ ਦੀ ਹਾਲਤ ਸੁਧਾਰਣ ਲਈ ਨਗਰ ਨਿਗਮ ਹਰ ਸਾਲ ਕਰੋੜਾਂ ਰੁਪਏ ਖਰਚ ਕਰਦਾ ਹੈ ਪਰ ਇਸ ਦੇ ਬਾਵਜੂਦ ਕੋਈ ਪੱਕਾ ਹੱਲ ਨਹੀਂ ਕੱਢਿਆ ਜਾ ਸਕਿਆ।

ਬੀਤੇ ਦਿਨ ਵਰਿਆਣਾ ਡੰਪ 'ਚ ਇਕ ਬਹੁਤ ਵੱਡਾ ਹਾਦਸਾ ਹੁੰਦੇ-ਹੁੰਦੇ ਬਚਿਆ, ਜਦੋਂ ਕੂੜੇ ਦੀ ਢਲਾਣ ਖਿਸਕਣ ਨਾਲ ਇਕ ਡਿੱਚ ਮਸ਼ੀਨ ਹੀ ਪਲਟ ਗਈ ਅਤੇ ਉਸ ਦੇ ਡਰਾਈਵਰ ਸੰਜੀਵ ਦੀ ਬਾਂਹ 'ਤੇ ਸੱਟ ਲੱਗ ਗਈ। ਲੋਕਾਂ ਦਾ ਕਹਿਣਾ ਹੈ ਕਿ ਇਕ ਪਲਟੀ ਖਾਣ ਨਾਲ ਡਿੱਚ ਰੁਕ ਗਈ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਉਥੇ ਹੀ ਡੰਪ 'ਤੇ ਲੱਗੀ ਦੂਜੀ ਡਿੱਚ ਦੇ ਚਾਲਕ ਨੇ ਡਿੱਚ ਦੇ ਡਰਾਈਵਰ ਨੂੰ ਬਚਾਇਆ ਅਤੇ ਉਸ ਨੂੰ ਸਿੱਧਾ ਕੀਤਾ।

ਕੂੜੇ ਨਾਲ ਭਰੇ ਟਿੱਪਰ ਨੂੰ ਪਹਾੜ 'ਤੇ ਚੜ੍ਹਾਉਂਦੀਆਂ ਹਨ ਡਿੱਚਾਂ
ਵਰਿਆਣਾ ਡੰਪ ਦੀ ਗੱਲ ਕਰੀਏ ਤਾਂ ਉਥੇ ਕਰੀਬ 10 ਲੱਖ ਟਨ ਕੂੜਾ ਜਮ੍ਹਾ ਹੋ ਚੁੱਕਾ ਹੈ, ਜਿਸ ਦੇ ਵੱਡੇ-ਵੱਡੇ ਪਹਾੜ ਬਣੇ ਹੋਏ ਹਨ। ਪਹਾੜ ਦੀ ਸਿਖਰ ਤਕ ਜਾਣ ਲਈ ਘੁਮਾਓਦਾਰ ਰਸਤੇ ਤਿਆਰ ਕੀਤੇ ਹੋਏ ਹਨ ਤਾਂ ਜੋ ਕੂੜਾ ਉੱਪਰ ਪਹੁੰਚਦਾ ਰਹੇ। ਇਸ ਪ੍ਰਕਿਰਿਆ ਤਹਿਤ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ। ਹਾਲਾਂਕਿ ਕੂੜੇ ਨਾਲ ਭਰੇ ਟਿੱਪਰ ਨੂੰ ਪਹਾੜ 'ਤੇ ਚੜ੍ਹਾਉਣ 'ਚ ਮੁਸ਼ਕਲਾਂ ਪੇਸ਼ ਆਉਂਦੀਆਂ ਹਨ, ਇਸ ਲਈ ਟਿੱਪਰ ਨੂੰ ਪਿੱਛੋਂ ਡਿੱਚ ਮਸ਼ੀਨ ਵੱਲੋਂ ਧੱਕਾ ਲਾਇਆ ਜਾਂਦਾ ਹੈ, ਜਿਸ ਲਈ ਬੀ. ਐਂਡ ਆਰ. ਵਿਭਾਗ ਦੀਆਂ ਦੋ ਡਿੱਚਾਂ ਉਥੇ ਹਰ ਸਮੇਂ ਕੰਮ ਕਰਦੀਆਂ ਹਨ। ਬੀਤੇ ਦਿਨ ਵੀ ਇਕ ਡਿੱਚ ਟਿੱਪਰ ਨੂੰ ਧੱਕਾ ਲਾ ਕੇ ਚੜ੍ਹਾਈ ਵਾਲਾ ਰਸਤਾ ਪਾਰ ਕਰਵਾ ਰਹੀ ਸੀ ਕਿ ਹੇਠੋਂ ਕੂੜੇ ਦੀ ਢਲਾਨ ਖਿਸਕ ਗਈ ਅਤੇ ਡਿੱਚ ਪਲਟ ਗਈ।

PunjabKesari

ਪਤਾ ਨਹੀਂ ਕਦੋਂ ਸ਼ੁਰੂ ਹੋਵੇਗਾ ਬਾਇਓਮਾਈਨਿੰਗ ਪਲਾਂਟ
ਨਗਰ ਨਿਗਮ ਦੀ ਸੈਨੀਟੇਸ਼ਨ ਬ੍ਰਾਂਚ ਦੇ ਇੰਚਾਰਜ ਡਾ. ਸ਼੍ਰੀ ਕ੍ਰਿਸ਼ਨ ਨੇ ਅੱਜ ਤੋਂ ਢਾਈ ਸਾਲ ਪਹਿਲਾਂ ਜੂਨ 2017 'ਚ ਦੱਖਣ ਭਾਰਤ ਜਾ ਕੇ ਉਥੇ ਸਫਲਤਾਪੂਰਵਕ ਚੱਲ ਰਹੇ ਬਾਇਓਮਾਈਨਿੰਗ ਪਲਾਂਟ ਨੂੰ ਦੇਖਿਆ ਸੀ ਅਤੇ ਆਪਣੀ ਰਿਪੋਰਟ ਨਿਗਮ ਪ੍ਰਸ਼ਾਸਨ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਨਿਗਮ ਨੇ ਇਸ ਨੂੰ ਵਰਿਆਣਾ 'ਚ ਲਾਉਣ ਦਾ ਫੈਸਲਾ ਲਿਆ। ਅੱਜ ਢਾਈ ਸਾਲ ਬੀਤ ਜਾਣ ਦੇ ਬਾਅਦ ਵੀ ਇਹ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕਿਆ ਅਤੇ ਟੈਂਡਰਿੰਗ ਪ੍ਰੋਸੈੱਸ 'ਚ ਹੀ ਰੁਕਿਆ ਹੋਇਆ ਹੈ।

ਇਸ ਸਮੇਂ ਸ਼ਹਿਰ ਦੀ ਸਭ ਤੋਂ ਵੱਡੀ ਜ਼ਰੂਰਤ ਕੂੜੇ ਨੂੰ ਮੈਨੇਜ ਕਰਨ ਦੀ ਹੈ, ਜਿਸ ਵੱਲ ਨਗਰ ਨਿਗਮ ਜਾਂ ਸੱਤਾਧਾਰੀ ਕਾਂਗਰਸੀ ਆਗੂ ਕੋਈ ਧਿਆਨ ਨਹੀਂ ਦੇ ਰਹੇ ਹਨ। ਸਵੱਛ ਭਾਰਤ ਮਿਸ਼ਨ ਨੂੰ ਜਲੰਧਰ 'ਚ ਲਾਗੂ ਹੋਏ ਕਈ ਸਾਲ ਹੋ ਚੁੱਕੇ ਹਨ ਅਤੇ ਇਸ ਮਿਸ਼ਨ ਤਹਿਤ ਜਲੰਧਰ ਨਿਗਮ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਵੀ ਮਿਲ ਚੁੱਕੀ ਹੈ। ਇਸ ਦੇ ਬਾਵਜੂਦ ਵਰਿਆਣਾ ਡੰਪ ਦੇ ਕੂੜੇ ਨੂੰ ਟਿਕਾਣੇ ਲਾਉਣ ਦੀ ਅਜੇ ਤੱਕ ਕੋਈ ਕੋਸ਼ਿਸ਼ ਨਹੀਂ ਹੋਈ। ਸਾਲਾਂ ਤੋਂ ਉਥੇ ਕੂੜੇ ਦੇ ਪਹਾੜਾਂ 'ਤੇ ਚੜ੍ਹਨ ਦੀ ਸਮੱਸਿਆ ਆ ਰਹੀ ਹੈ, ਜਿਸ ਕਾਰਨ ਵੱਡੀਆਂ-ਵੱਡੀਆਂ ਡਿੱਚ ਮਸ਼ੀਨਾਂ ਦਾ ਸਹਾਰਾ ਲੈ ਕੇ ਕੂੜੇ ਨੂੰ ਇਧਰ-ਉਧਰ ਹੀ ਕੀਤਾ ਜਾਂਦਾ ਹੈ। ਸਾਲਾਂ ਤੋਂ ਵਰਿਆਣਾ ਡੰਪ 'ਤੇ ਬਾਇਓਮਾਈਨਿੰਗ ਪਲਾਂਟ ਲਾਉਣ ਦੀਆਂ ਗੱਲਾਂ ਚੱਲ ਰਹੀਆਂ ਹਨ ਪਰ ਇਹ ਕੰਮ ਇੰਨਾ ਹੌਲੀ ਚੱਲ ਰਿਹਾ ਹੈ ਕਿ ਸ਼ਾਇਦ ਹੀ ਇਸ ਸਰਕਾਰ ਦੇ ਕਾਰਜਕਾਲ 'ਚ ਇਹ ਪਲਾਂਟ ਸ਼ੁਰੂ ਹੋ ਸਕੇ। ਇੰਨੇ ਮਹੱਤਵਪੂਰਣ ਕੰਮ ਲਈ ਨਿਗਮ ਵਲੋਂ ਲਾਈ ਜਾ ਰਹੀ ਦੇਰੀ ਇਸ ਦੀ ਸਮਰੱਥਾ 'ਤੇ ਪ੍ਰਸ਼ਨ ਚਿੰਨ੍ਹ ਖੜ੍ਹਾ ਕਰ ਰਹੀ ਹੈ।


shivani attri

Content Editor

Related News