ਅਦਾਲਤ ’ਚ ਵੀ ਚੈਲੇਂਜ ਕੀਤੀ ਜਾ ਸਕਦੀ ਹੈ ਆਮ ਆਦਮੀ ਪਾਰਟੀ ਵੱਲੋਂ ਕੀਤੀ ਵਾਰਡਬੰਦੀ
Tuesday, May 30, 2023 - 12:07 PM (IST)

ਜਲੰਧਰ (ਖੁਰਾਣਾ)–ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਲੋਕਲ ਬਾਡੀਜ਼ ਵਿਭਾਗ ਦੇ ਅਧਿਕਾਰੀਆਂ ਨੇ ਅਜੇ ਤੱਕ ਭਾਵੇਂ ਜਲੰਧਰ ਨਗਰ ਨਿਗਮ ਦੀ ਨਵੀਂ ਵਾਰਡਬੰਦੀ ਦੇ ਡਰਾਫਟ ਨੂੰ ਫਾਈਨਲ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਸ ਵਾਰਡਬੰਦੀ ਵਿਚ ਬਦਲਾਅ ਨਾ ਕੀਤੇ ਗਏ ਤਾਂ ਇਸ ਨੂੰ ਅਦਾਲਤ ਵਿਚ ਚੈਲੇਂਜ ਵੀ ਕੀਤਾ ਜਾ ਸਕਦਾ ਹੈ। ਜੇਕਰ ਆਉਣ ਵਾਲੇ ਸਮੇਂ ਵਿਚ ਅਜਿਹਾ ਹੁੰਦਾ ਹੈ ਤਾਂ ਜਲੰਧਰ ਨਿਗਮ ਦੀਆਂ ਚੋਣਾਂ ਕੁਝ ਮਹੀਨਿਆਂ ਲਈ ਹੋਰ ਲਟਕ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਕਾਂਗਰਸੀ ਵਿਧਾਇਕਾਂ ਸਮੇਤ ਕਈ ਆਗੂ ਵਾਰਡਬੰਦੀ ਦੇ ਹਾਲ ਹੀ ਵਿਚ ਵਾਇਰਲ ਹੋਏ ਡਰਾਫਟ ’ਤੇ ਇਤਰਾਜ਼ ਜਤਾ ਚੁੱਕੇ ਹਨ। ਡੀਲਿਮਿਟੇਸ਼ਨ ਬੋਰਡ ਦੀ ਮੀਟਿੰਗ ਵਿਚ ਵੀ ਕਾਂਗਰਸੀ ਵਿਧਾਇਕਾਂ ਦਾ ਕਹਿਣਾ ਸੀ ਕਿ ਵਾਰਡਾਂ ਦੀ ਬਨਾਵਟ ਨਿਯਮਾਂ ਦੇ ਅਨੁਸਾਰ ਨਹੀਂ ਹੋਈ। ਸਭ ਤੋਂ ਵੱਡਾ ਪਹਿਲੂ ਇਹ ਹੈ ਕਿ ਐੱਸ. ਸੀ. ਰਿਜ਼ਰਵ ਵਾਰਡ ਬਣਾਉਣ ਵਿਚ ਨਿਯਮਾਂ ਦੀ ਅਣਦੇਖੀ ਕੀਤੀ ਗਈ ਲੱਗਦੀ ਹੈ। ਕਈ ਅਜਿਹੇ ਵਾਰਡ ਜਨਰਲ ਸ਼੍ਰੇਣੀ ਦੇ ਕਰ ਦਿੱਤੇ ਗਏ ਹਨ, ਜਿੱਥੇ ਐੱਸ. ਸੀ. ਜਨਸੰਖਿਆ ਜ਼ਿਆਦਾ ਹੈ। ਡਰਾਫਟ ਦੀ ਕਾਪੀ ਸੋਸ਼ਲ ਮੀਡੀਆ ਵਿਚ ਲੀਕ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਵਿਚ ਇਸਨੂੰ ਲੈ ਕੇ ਹੜਕੰਪ ਮਚਿਆ ਰਿਹਾ ਅਤੇ ਹੁਣ ਕੁਝ ਆਗੂਆਂ ਦੀ ਡਿਊਟੀ ਲਾਈ ਗਈ ਹੈ ਕਿ ਉਹ ਵਾਰਡਬੰਦੀ ਵਿਚ ਕੁਝ ਫੇਰਬਦਲ ਕਰਨ, ਜਿਸ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਇਹ ਵੀ ਪੜ੍ਹੋ - ਬ੍ਰਿਟੇਨ ’ਚ ਸਮਲਿੰਗੀ ਫ਼ੌਜੀਆਂ ਨੂੰ ਲੈ ਕੇ ਵੱਡਾ ਖ਼ੁਲਾਸਾ, ਔਰਤਾਂ ਦੀਆਂ ਵਿਖਾਈਆਂ ਤਸਵੀਰਾਂ ਵਿਖਾ ਇੰਝ ਹੁੰਦਾ ਸੀ ਸ਼ੋਸ਼ਣ
ਦਲ-ਬਦਲੂਆਂ ਉੱਪਰ ਸਰਜੀਕਲ ਸਟ੍ਰਾਈਕ ਹੈ ਇਹ ਵਾਰਡਬੰਦੀ : ਰਾਣਾ
ਇਸੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਨਵੀਂ ਵਾਰਡਬੰਦੀ ਬਣਾਈ ਹੈ, ਉਹ ਉਨ੍ਹਾਂ ਦਲ-ਬਦਲੂਆਂ ’ਤੇ ਸਰਜੀਕਲ ਸਟ੍ਰਾਈਕ ਦੇ ਸਮਾਨ ਹੈ, ਜੋ ਹਾਲ ਹੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਦੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ ਹਨ। ਅਜਿਹੀ ਵਾਰਡਬੰਦੀ ਕਰ ਕੇ ਜਿਥੇ ਸੱਤਾ ਧਿਰ ਨੇ ਪੁਰਾਣੇ ਵਾਰਡ ਹੀ ਗਾਇਬ ਕਰ ਦਿੱਤੇ ਹਨ ਅਤੇ ਨਵੇਂ ਵਾਰਡਾਂ ਦੀਆਂ ਹੱਦਾਂ ਨੂੰ ਕੁਤਰ ਕੇ ਰੱਖ ਦਿੱਤਾ ਹੈ, ਉਥੇ ਹੀ ਇਕ ਤੀਰ ਨਾਲ ਵੀ ਕਈ ਨਿਸ਼ਾਨੇ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਵਿਚ ਸ਼ਾਮਲ ਹੋਏ ਕਈ ਆਗੂ ਇਸ ਵਾਰਡਬੰਦੀ ਤੋਂ ਮਾਯੂਸ ਸਨ। ਉਨ੍ਹਾਂ ਨਵੀਂ ਵਾਰਡਬੰਦੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜੇਕਰ ਸਹੀ ਢੰਗ ਨਾਲ ਵਾਰਡ ਫਾਈਨਲ ਨਾ ਕੀਤੇ ਗਏ ਤਾਂ ਹਾਈਕਮਾਨ ਨਾਲ ਗੱਲ ਕਰ ਕੇ ਅਦਾਲਤ ਦਾ ਸਹਾਰਾ ਲਿਆ ਜਾਵੇਗਾ।
ਇਹ ਵੀ ਪੜ੍ਹੋ - ਹੈਰਾਨੀਜਨਕ ਪਰ ਸੱਚ, ਸਰਕਾਰੀ ਬੱਸਾਂ ਨੂੰ ਸਮੇਂ ਸਿਰ ਟੈਕਸ ਨਾ ਭਰਨ ਕਾਰਨ ਲੱਗਾ 69 ਲੱਖ ਦਾ ਜੁਰਮਾਨਾ
ਚੰਡੀਗੜ੍ਹ ਤੋਂ ਆਏ ਇਕ ਅਫ਼ਸਰ ਦੀ ਖੂਬ ਚੱਲੀ
ਨਗਰ ਨਿਗਮ ਦੀਆਂ ਚੋਣਾਂ ਲਈ ਇਸ ਵਾਰ ਕੀਤੀ ਗਈ ਵਾਰਡਬੰਦੀ ਭਾਵੇਂ ਜਲੰਧਰ ਵਿਚ ਸਮਾਪਤ ਹੋਈ ਪਰ ਇਸਦੇ ਲਈ ਚੰਡੀਗੜ੍ਹ ਤੋਂ ਅਧਿਕਾਰੀ ਵਿਸ਼ੇਸ਼ ਰੂਪ ਵਿਚ ਜਲੰਧਰ ਆਉਂਦੇ ਰਹੇ, ਜਿਨ੍ਹਾਂ ਨੇ ਪਿਛਲੀ ਵਾਰਡਬੰਦੀ ਵਿਚ ਵੀ ਸਰਗਰਮ ਭੂਮਿਕਾ ਨਿਭਾਈ ਸੀ। ਇਸ ਵਾਰ ਵੀ ਚੰਡੀਗੜ੍ਹ ਤੋਂ ਆਏ ਇਸ ਅਧਿਕਾਰੀ ਦੀ ਖੂਬ ਚੱਲੀ ਅਤੇ ਉਸਨੇ ਕਈ ਆਗੂਆਂ ਨਾਲ ਮਿਲ ਕੇ ਵਾਰਡਬੰਦੀ ਵਿਚ ਆਪਣੇ ਪੱਧਰ ’ਤੇ ਹੀ ਕਈ ਬਦਲਾਅ ਕਰ ਦਿੱਤੇ। ਇਹ ਅਧਿਕਾਰੀ ਵਾਰਡਬੰਦੀ ਦਾ ਮਾਹਿਰ ਮੰਨਿਆ ਜਾਂਦਾ ਹੈ ਅਤੇ ਇਸੇ ਨੇ ਪਿਛਲੀ ਵਾਰਡਬੰਦੀ ਵਿਚ ਵੀ ਕਈ ਕਾਂਗਰਸੀ ਆਗੂਆਂ ਨੂੰ ਫਾਇਦਾ ਪਹੁੰਚਾਇਆ ਸੀ। ਇਸ ਵਾਰ ਵੀ ਇਕ ‘ਆਪ’ ਆਗੂ ਨੇ ਇਸ ਵਿਵਾਦਿਤ ਅਧਿਕਾਰੀ ਨੂੰ ਆਪਣੇ ਵਾਹਨ ’ਤੇ ਬਿਠਾ ਕੇ ਨਾਲ ਲੱਗਦੇ ਵਾਰਡ ਦਾ ਚੱਕਰ ਲਾਇਆ ਸੀ ਅਤੇ ਉਸ ਦੇ ਟੋਟੇ-ਟੋਟੇ ਕਰਵਾ ਦਿੱਤੇ ਸਨ।
ਇਹ ਵੀ ਪੜ੍ਹੋ - ਖ਼ਪਤਕਾਰਾਂ ਲਈ ਅਹਿਮ ਖ਼ਬਰ, ਚੱਲੇਗਾ ਪਾਵਰਕਾਮ ਦਾ ਡੰਡਾ ਤੇ ਕੱਟੇ ਜਾਣਗੇ ਇਨ੍ਹਾਂ ਦੇ ਬਿਜਲੀ ਕਨੈਕਸ਼ਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani