ਬੇਰ ਸਾਹਿਬ ਵਿਖੇ ਧਾਰਮਿਕ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਉਣ ਵਾਲੇ ਸੁਖਦੇਵ ਸਿੰਘ ਦਾ ਪਰਸ ਤੇ ਮੋਬਾਈਲ ਚੋਰੀ
Tuesday, Nov 08, 2022 - 11:15 PM (IST)

ਸੁਲਤਾਨਪੁਰ ਲੋਧੀ (ਸੋਢੀ) : ਪ੍ਰਕਾਸ਼ ਪੁਰਬ ਜੋੜ ਮੇਲੇ ਦੌਰਾਨ ਸੰਗਤਾਂ ਦੀ ਸਰੁੱਖਿਆ ਲਈ ਭਾਵੇਂ ਸਥਾਨਕ ਪੁਲਸ ਵੱਲੋਂ ਡੀ. ਐੱਸ. ਪੀ. ਸੁਖਵਿੰਦਰ ਸਿੰਘ ਤੇ ਐੱਸ. ਐੱਚ. ਓ. ਜਸਪਾਲ ਸਿੰਘ ਦੀ ਅਗਵਾਈ 'ਚ ਸਖ਼ਤ ਸਰੁੱਖਿਆ ਪ੍ਰਬੰਧ ਕੀਤੇ ਗਏ ਪਰ ਫ਼ਿਰ ਵੀ ਅੱਖ ਬਚਾ ਕੇ ਚੋਰ ਤੇ ਜੇਬਕਤਰੇ ਵੱਡੀ ਗਿਣਤੀ 'ਚ ਸੰਗਤਾਂ ਦੇ ਪਰਸ, ਮੋਬਾਈਲ ਆਦਿ ਚੋਰੀ ਕਰਨ 'ਚ ਸਫ਼ਲ ਰਹੇ । ਅਜਿਹੀ ਹੀ ਖ਼ਬਰ ਗੁਰਦੁਆਰਾ ਬੇਰ ਸਾਹਿਬ ਕੰਪਲੈਕਸ 'ਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀਆਂ ਧਾਰਮਿਕ ਪੁਸਤਕਾਂ, ਲਿਟਰੇਚਰ ਤੇ ਗੁਰਬਾਣੀ ਦੇ ਗੁਟਕਾ ਸਾਹਿਬ ਜੀ ਦੀ ਪ੍ਰਦਰਸ਼ਨੀ ਲਗਾ ਕੇ ਸੇਵਾ ਕਰ ਰਹੇ ਸਿੱਖ ਮਿਸ਼ਨ ਅਕੈਡਮੀ ਸੁਲਤਾਨਪੁਰ ਲੋਧੀ ਦੇ ਐੱਮ. ਡੀ. ਸੁਖਦੇਵ ਸਿੰਘ ਖਾਲਸਾ ਨਾਲ ਹੋਈ ਵਾਰਦਾਤ ਤੋਂ ਮਿਲਦੀ ਹੈ।
ਇਹ ਖ਼ਬਰ ਵੀ ਪੜ੍ਹੋ - ਨਿਹੰਗ ਨਾਲ ਦੋਸਤੀ ਤੋਂ ਬਾਅਦ ਕਰਵਾਇਆ ਵਿਆਹ, ਪ੍ਰਕਾਸ਼ ਪੁਰਬ ’ਤੇ ਸੁਲਤਾਨਪੁਰ ਲੋਧੀ ’ਚ ਸਿੰਘਣੀ ਬਣੀ ਗੋਰੀ ਮੇਮ
ਖ਼ਾਲਸਾ ਨੇ ਦੱਸਿਆ ਕਿ ਉਹ ਬੀਤੀ ਰਾਤ ਪ੍ਰਦਰਸ਼ਨੀ ਦੌਰਾਨ ਆਰਾਮ ਕਰਨ ਲਈ ਲਗਾਏ ਟੈਂਟ 'ਚ ਲੰਮੇ ਪੈ ਗਏ ਤੇ ਇਸ ਦੌਰਾਨ ਹੀ ਕੋਈ ਚੋਰ ਉਨ੍ਹਾਂ ਦਾ ਸੈਮਸੰਗ ਕੰਪਨੀ ਦਾ ਮੋਬਾਈਲ ਤੇ ਪਰਸ ਚੋਰੀ ਕਰਕੇ ਭੱਜ ਗਿਆ। ਉਨ੍ਹਾਂ ਦੱਸਿਆ ਕਿ ਪਰਸ 'ਚ ਨਕਦ 2000 ਰੁਪਏ ਦੇ ਕਰੀਬ ਹੀ ਸੀ, ਪਰ ਉਸ ਵਿਚ ਏ. ਟੀ. ਐੱਮ. ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਇਸੰਸ ਆਦਿ ਸਾਮਾਨ ਸੀ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਜੋੜ ਮੇਲੇ ਤੇ ਚੋਰ ਤੇ ਜੇਬਕਤਰੇ ਕਾਫੀ ਹੋਰ ਸੰਗਤਾਂ ਦੀਆਂ ਜੇਬਾਂ ਖਾਲੀ ਕਰ ਗਏ।