ਵ੍ਹਿਜ਼ ਪਾਵਰ ਮਾਮਲਾ : ਦੋਸ਼ੀਆਂ ਦੇ ਕਰੀਬੀ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਦੀ ਜਾਂਚ ’ਚ ਜੁਟੀ ਪੁਲਸ

Tuesday, Aug 04, 2020 - 01:41 PM (IST)

ਵ੍ਹਿਜ਼ ਪਾਵਰ ਮਾਮਲਾ : ਦੋਸ਼ੀਆਂ ਦੇ ਕਰੀਬੀ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਦੀ ਜਾਂਚ ’ਚ ਜੁਟੀ ਪੁਲਸ

ਜਲੰਧਰ(ਵਰੁਣ, ਜਤਿੰਦਰ, ਭਾਰਦਵਾਜ) – ਕਰੋੜਾਂ ਰੁਪਏ ਦੀ ਨਿਵੇਸ਼ਕਾਂ ਨਾਲ ਠੱਗੀ ਮਾਰਨ ਵਾਲੀ ਓ. ਐੱਲ.ਐੱਸ. ਵ੍ਹਿਜ਼ ਪਾਵਰ (Whizz Power) ਕੰਪਨੀ ਦੇ ਮਾਮਲੇ ਵਿਚ ਥਾਣਾ ਨੰਬਰ 7 ਦੀ ਪੁਲਸ ‘ਰਿਮਾਂਡ-ਰਿਮਾਂਡ’ ਖੇਡ ਰਹੀ ਹੈ। ਗਗਨਦੀਪ ਸਿੰਘ ਦਾ ਦੂਜੀ ਵਾਰ ਲਿਆ 4 ਦਿਨਾਂ ਦਾ ਰਿਮਾਂਡ ਖਤਮ ਹੋਣ ਉਪਰੰਤ ਪੁਲਸ ਨੇ ਅੱਜ ਉਸ ਨੂੰ ਦੁਬਾਰਾ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਫਿਰ 4 ਦਿਨਾਂ ਦਾ ਰਿਮਾਂਡ ਲਿਆ। ਪੁਲਸ ਦੇ ਹੱਥ ਅੱਜ ਤੱਕ ਕੋਈ ਠੋਸ ਸਬੂਤ ਨਹੀਂ ਲੱਗਾ ਹੈ। ਇੰਨੇ ਦਿਨਾਂ ਤੋਂ ਚੱਲ ਰਹੀ ਪੁੱਛਗਿੱਛ ਵਿਚ ਪੁਲਸ ਸਿਰਫ ਇਕ ਪਲਾਟ ਅਤੇ ਜੈਗੁਅਰ ਕਾਰ ਨੂੰ ਹੀ ਜ਼ਬਤ ਕਰ ਸਕੀ ਹੈ, ਜਦਕਿ ਫਰਾਰ ਹੋਰ ਦੋਸ਼ੀਆਂ ਨੂੰ ਥਾਣਾ ਨੰਬਰ 7 ਦੀ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ।

ਕਰੋੜਾਂ ਰੁਪਏ ਦੀ ਠੱਗੀ ਦੇ ਇਸ ਮਾਮਲੇ ਵਿਚ ਗਗਨਦੀਪ ਸਿੰਘ ਦਾ ਜੀਜਾ ਰਣਜੀਤ ਸਿੰਘ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਹੈ, ਜਿਸ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਹੀ ਉਸ ਕੋਲੋਂ ਪੁੱਛਗਿੱਛ ਹੋਵੇਗੀ। ਕੰਪਨੀ ਦਾ ਤੀਜਾ ਮਾਲਕ ਗੁਰਮਿੰਦਰ ਸਿੰਘ ਅਜੇ ਵੀ ਫਰਾਰ ਹੈ। ਪੁਲਸ ਹੁਣ ਰਣਜੀਤ ਸਿੰਘ, ਗਗਨਦੀਪ ਸਿੰਘ ਅਤੇ ਗੁਰਮਿੰਦਰ ਸਿੰਘ ਦੇ ਰਿਸ਼ਤੇਦਾਰਾਂ ਦੇ ਬੈਂਕ ਅਕਾਊਂਟਸ ਦੀ ਜਾਂਚ ਵਿਚ ਜੁਟ ਗਈ ਹੈ ਤਾਂ ਕਿ ਕੁਝ ਨਾ ਕੁਝ ਬਰਾਮਦਗੀ ਕੀਤੀ ਜਾ ਸਕੇ, ਹਾਲਾਂਕਿ ਪੁਲਸ ਨੇ ਮੈਨੇਜਮੈਂਟ ਮੈਂਬਰਾਂ ਦਾ ਕਿਸੇ ਵੀ ਤਰ੍ਹਾਂ ਸ਼ਿਕੰਜਾ ਨਹੀਂ ਕੱਸਿਆ। ਮੈਨੇਜਮੈਂਟ ਮੈਂਬਰਾਂ ਵਿਚ ਸ਼ਾਮਲ ਨਤਾਸ਼ਾ ਕਪੂਰ, ਸ਼ੀਲਾ ਦੇਵੀ, ਆਦਿੱਤਿਆ ਸੇਠੀ, ਪੁਨੀਤ ਵਰਮਾ ਅਤੇ ਆਸ਼ੀਸ਼ ਸ਼ਰਮਾ ਅਜੇ ਤੱਕ ਪੁਲਸ ਵਲੋਂ ਕਾਬੂ ਨਹੀਂ ਕੀਤੇ ਜਾ ਸਕੇ।

ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਫਰਾਰ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੂੰ ਸ਼ੱਕ ਹੈ ਕਿ ਠੱਗੀ ਦੇ ਮਾਮਲੇ ਵਿਚ ਸ਼ਾਮਲ ਉਕਤ ਦੋਸ਼ੀਆਂ ਨੇ ਆਪਣੇ ਨਾਂ ’ਤੇ ਕੋਈ ਪ੍ਰਾਪਰਟੀ ਨਹੀਂ ਖਰੀਦੀ ਹੋਵੇਗੀ। ਮਾਮਲੇ ਦਾ ਖੁਲਾਸਾ ਉਨ੍ਹਾਂ ਦੀ ਗ੍ਰਿਫਤਾਰੀ ਉਪਰੰਤ ਹੀ ਹੋਵੇਗਾ।

ਜ਼ਿਕਰਯੋਗ ਹੈ ਕਿ ਗੋਲਡ ਕਿੱਟੀ ਦੇ ਨਾਂ ’ਤੇ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਨੇ ਆਪਣੇ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਪੀ. ਪੀ. ਆਰ. ਮਾਲ ਵਿਚ ਸਥਿਤ ਆਪਣਾ ਦਫਤਰ ਬੰਦ ਕਰ ਦਿੱਤਾ ਸੀ ਅਤੇ ਥਾਣਾ ਨੰਬਰ 7 ਦੀ ਪੁਲਸ ਨੇ ਉਕਤ ਦੋਸ਼ੀਆਂ ਅਤੇ ਮੈਨੇਜਮੈਂਟ ਮੈਂਬਰਾਂ ਖਿਲਾਫ ਕੇਸ ਦਰਜ ਕਰ ਲਿਆ ਸੀ, ਜਿਨ੍ਹਾਂ ਵਿਚੋਂ 2 ਦੋਸ਼ੀਆਂ ਗਗਨਦੀਪ ਸਿੰਘ ਅਤੇ ਉਸਦੇ ਜੀਜੇ ਰਣਜੀਤ ਸਿੰਘ ਨੇ ਆਤਮ-ਸਮਰਪਣ ਕਰ ਦਿੱਤਾ ਸੀ।

ਸਾਹਮਣੇ ਆਈ ਆਦਿੱਤਿਆ ਸੇਠੀ ਦੀ ਜਾਇਦਾਦ

ਮੈਨੇਜਮੈਂਟ ਮੈਂਬਰ ਆਦਿੱਤਿਆ ਸੇਠੀ ਦੀ ਕੁਝ ਜਾਇਦਾਦ ਸਾਹਮਣੇ ਆਈ ਹੈ। ਉਸ ਨੇ 66 ਫੁੱਟੀ ਰੋਡ ਦੇ ਨੇੜੇ ਇਕ ਫਲੈਟ ਖਰੀਦਿਆ ਹੋਇਆ ਹੈ, ਜਦੋਂ ਕਿ ਫਗਵਾੜਾ-ਜਲੰਧਰ ਹਾਈਵੇ ਨੇੜੇ ਖਰੀਦੀ ਇਕ ਕੋਠੀ ਤੋਂ ਇਲਾਵਾ ਇਕ ਹੋਰ ਕੋਠੀ ਵੀ ਹੈ।

ਸੂਤਰਾਂ ਦੀ ਮੰਨੀਏ ਤਾਂ ਉਕਤ ਜਾਇਦਾਦ ਉਸ ਨੇ ਵ੍ਹਿਜ਼ ਪਾਵਰ ਕੰਪਨੀ ਦੇ ਨਿਵੇਸ਼ਕਾਂ ਦੇ ਪੈਸੇ ਨਾਲ ਖਰੀਦੀ ਸੀ, ਹਾਲਾਂਕਿ ਪੁਲਸ ਕੋਲ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ।

 

 


author

Harinder Kaur

Content Editor

Related News