‘ਆਪ’ ਦੀ ਸਰਕਾਰ ਬਣਦੇ ਹੀ CM ਨਾਲ ਸਬੰਧਤ ਮਹਿਕਮੇ ਦਾ ਐਕਸ਼ਨ, ਇੰਪਰੂਵਮੈਂਟ ਟਰੱਸਟ ’ਚ ਵਿਜੀਲੈਂਸ ਨੇ ਮਾਰਿਆ ਛਾਪਾ

03/23/2022 4:27:14 PM

ਜਲੰਧਰ (ਚੋਪੜਾ)–ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਦਫ਼ਤਰਾਂ ਵਿਚ ਫੈਲੇ ਭ੍ਰਿਸ਼ਟਾਚਾਰ ਦੀ ਨਕੇਲ ਕੱਸਣ ਦੀ ਕਵਾਇਦ ਤੇਜ਼ੀ ਨਾਲ ਸ਼ੁਰੂ ਹੋ ਗਈ ਹੈ। ਇਸੇ ਕੜੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਬੰਧਤ ਲੋਕਲ ਬਾਡੀਜ਼ ਵਿਭਾਗ ਨੇ ਪਹਿਲੀ ਵੱਡੀ ਕਾਰਵਾਈ ਜਲੰਧਰ ਇੰਪਰੂਵਮੈਂਟ ਟਰੱਸਟ ਵਿਚ ਕੀਤੀ ਹੈ। ਮੰਗਲਵਾਰ ਦਫ਼ਤਰ ਖੁੱਲ੍ਹਦੇ ਹੀ ਲੋਕਲ ਬਾਡੀਜ਼ ਵਿਭਾਗ ਦੇ ਚੀਫ਼ ਵਿਜੀਲੈਂਸ ਅਧਿਕਾਰੀ (ਸੀ. ਵੀ. ਓ.) ਰਾਜੀਵ ਸੇਖੜੀ ਦੀ ਅਗਵਾਈ ਵਿਚ ਲਗਭਗ 8 ਅਧਿਕਾਰੀਆਂ ਦੀ ਟੀਮ ਨੇ ਟਰੱਸਟ ਦਫਤਰ ਵਿਚ ਅਚਾਨਕ ਛਾਪਾ ਮਾਰਿਆ। 2 ਕਾਰਾਂ ਵਿਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਆਈ ਵਿਜੀਲੈਂਸ ਦੀ ਟੀਮ ਨੂੰ ਦੇਖ ਕੇ ਟਰੱਸਟ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚ ਭੜਥੂ ਪੈ ਗਿਆ। ਸੀ. ਵੀ. ਓ. ਸੇਖੜੀ ਸਿੱਧਾ ਟਰੱਸਟ ਐਗਜ਼ੈਕਟਿਵ ਆਫਿਸਰ ਪਰਮਿੰਦਰ ਸਿੰਘ ਗਿੱਲ ਦੇ ਦਫਤਰ ਵਿਚ ਦਾਖ਼ਲ ਹੋ ਗਏ ਅਤੇ ਅੰਦਰ ਜਾਂਦੇ ਹੀ ਕਈ ਫਾਈਲਾਂ ਦੇ ਰਿਕਾਰਡ ਤਲਬ ਕਰ ਲਏ। ਚੀਫ ਵਿਜੀਲੈਂਸ ਦੀ ਟੀਮ ਸਾਰਾ ਦਿਨ ਟਰੱਸਟ ਦੀਆਂ ਸਕੀਮਾਂ ਨਾਲ ਸਬੰਧਤ ਅਜਿਹੀਆਂ ਅਨੇਕ ਫਾਈਲਾਂ ਦੀ ਜਾਂਚ ਕਰਦੀ ਰਹੀ, ਜਿਨ੍ਹਾਂ ਸਕੀਮਾਂ ਵਿਚ ਲੋਕਲ ਬਾਡੀਜ਼ ਵਿਭਾਗ ਨੂੰ ਸਾਬਕਾ ਸਰਕਾਰ ਦੌਰਾਨ ਗੜਬੜੀਆਂ ਹੋਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਪਰ ਇਨ੍ਹਾਂ ਸ਼ਿਕਾਇਤਾਂ ਨੂੰ ਲਗਾਤਾਰ ਠੰਡੇ ਬਸਤੇ ਵਿਚ ਪਾਇਆ ਜਾਂਦਾ ਰਿਹਾ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇਕ ਹੋਰ ਹੱਸਦਾ-ਵੱਸਦਾ ਪਰਿਵਾਰ, ਹਸਪਤਾਲ ਦੇ ਬਾਥਰੂਮ 'ਚੋਂ ਮਿਲੀ ਨੌਜਵਾਨ ਦੀ ਲਾਸ਼

ਇਸ ਅਚਾਨਕ ਮੁਆਇਨੇ ਸਬੰਧੀ ਸੀ. ਵੀ. ਓ. ਸੇਖੜੀ ਨੇ ਦੱਸਿਆ ਕਿ ਅਜਿਹੀ ਜਾਂਚ ਹੋਣੀ ਰੁਟੀਨ ਮੈਟਰ ਹੈ ਪਰ ਇੰਪਰੂਵਮੈਂਟ ਟਰੱਸਟ ਦੇ ਘਪਲਿਆਂ ਦੀਆਂ ਸ਼ਿਕਾਇਤਾਂ ਸੂਬੇ ਦੇ ਹੋਰ ਟਰੱਸਟਾਂ ਵਿਚ ਵੀ ਸਾਹਮਣੇ ਆਈਆਂ ਹਨ ਪਰ ਸਕੱਤਰ ਲੋਕਲ ਬਾਡੀਜ਼ ਵਿਭਾਗ ਦੇ ਨਿਰਦੇਸ਼ਾਂ ’ਤੇ ਅਜਿਹੇ ਮਾਮਲਿਆਂ ਦੀ ਜਾਂਚ ਦੀ ਸ਼ੁਰੂਆਤ ਜਲੰਧਰ ਟਰੱਸਟ ਤੋਂ ਕੀਤੀ ਗਈ। ਵਿਜੀਲੈਂਸ ਟੀਮ ਵਿਚ ਸ਼ਾਮਲ ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਟਰੱਸਟ ਅਧਿਕਾਰੀਆਂ ਖ਼ਿਲਾਫ਼ ਮਿਲੀਆਂ ਸ਼ਿਕਾਇਤਾਂ ਨੂੰ ਲੈ ਕੇ ਈ. ਓ. ਪਰਮਿੰਦਰ ਸਿੰਘ ਗਿੱਲ ਅਤੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਤੋਂ ਜਵਾਬਤਲਬੀ ਕੀਤੀ ਗਈ ਸੀ ਪਰ ਉਨ੍ਹਾਂ ਵੱਲੋਂ ਮਹਿਕਮੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਤੋਂ ਬਾਅਦ ਹੁਣ ਵਿਭਾਗ ਨੇ ਸੀ. ਵੀ. ਓ. ਨੂੰ ਭੇਜ ਕੇ ਘਪਲਿਆਂ ਦੇ ਖਦਸ਼ਿਆਂ ਵਾਲੀਆਂ ਫਾਈਲਾਂ ਦੀ ਜਾਂਚ ਕਰਨ ਨੂੰ ਕਿਹਾ ਹੈ ਤਾਂ ਕਿ ਸਾਰੀ ਸੱਚਾਈ ਸਾਹਮਣੇ ਆ ਸਕੇ।ਸਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਸ਼ਿਕਾਇਤਾਂ ਵਿਚ ਲੋਕਲ ਡਿਸਪਲੇਸਡ ਪਰਸਨ ਕੋਟਾ (ਐੱਲ. ਡੀ. ਪੀ.) ਦੇ ਪਲਾਟਾਂ ਵਿਚ ਹੋਈਆਂ ਬੇਨਿਯਮੀਆਂ, ਟਰੱਸਟ ਦੇ ਰਿਕਾਰਡ ਵਿਚੋਂ ਗੁੰਮ ਹੋਈਆਂ ਫਾਈਲਾਂ, ਡਿਸਪੈਚ ਰਜਿਸਟਰ ਅਤੇ ਨਿਯਮਾਂ ਨੂੰ ਅਣਡਿੱਠ ਕਰ ਕੇ ਚਹੇਤਿਆਂ ਨੂੰ ਅਲਾਟ ਕੀਤੇ ਪਲਾਟਾਂ ਸਮੇਤ ਹੋਰ ਸ਼ਿਕਾਇਤਾਂ ਵੀ ਸ਼ਾਮਲ ਹਨ।

ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਨੇ ਸੀ. ਵੀ. ਓ. ਸਾਹਮਣੇ 456 ਨੰਬਰ ਪਲਾਟ ਦਾ ਮਾਮਲਾ ਉਠਾਇਆ
ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਨੇ ਵੀ ਅੱਜ ਚੀਫ ਵਿਜੀਲੈਂਸ ਅਧਿਕਾਰੀ ਰਾਜੀਵ ਸੇਖੜੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਸਾਹਮਣੇ ਟਰੱਸਟ ਦੀਆਂ ਜ਼ਮੀਨਾਂ ਨੂੰ ਅਲਾਟ ਕਰਨ ਵਿਚ ਹੋਈਆਂ ਧਾਂਦਲੀਆਂ ਨੂੰ ਲੈ ਕੇ ਕੀਤੀ ਸ਼ਿਕਾਇਤ ਦਾ ਮਾਮਲਾ ਉਠਾਇਆ। ਸਿਮਰਨਜੀਤ ਨੇ ਦੱਸਿਆ ਕਿ ਮਾਸਟਰ ਤਾਰਾ ਸਿੰਘ ਨਗਰ ਸਕੀਮ ਵਿਚ ਜਿਹੜਾ ਪਲਾਟ ਮਾਣਯੋਗ ਸੁਪਰੀਮ ਕੋਰਟ ਨੇ ਕੈਂਸਲ ਕੀਤਾ ਸੀ ਪਰ ਉਸ ਪਲਾਟ ਦੀ ਅਲਾਟਮੈਂਟ ਨੂੰ ਦੁਬਾਰਾ ਰੈਗੂਲਰ ਕਰਨ ਨੂੰ ਲੈ ਕੇ ਇਸ ਨੂੰ ਟਰੱਸਟੀਆਂ ਦੀ ਮੀਟਿੰਗ ਦੇ ਏਜੰਡੇ ਵਿਚ ਮਨਜ਼ੂਰੀ ਦੇ ਦਿੱਤੀ ਗਈ, ਜਦੋਂ ਕਿ ਟਰੱਸਟ ਦੀ ਸਾਬਕਾ ਈ. ਓ. ਸੁਰਿੰਦਰ ਕੁਮਾਰੀ ਨੇ ਲਿਖਤੀ ਸ਼ਿਕਾਇਤ ਲੋਕਲ ਬਾਡੀਜ਼ ਵਿਭਾਗ ਨੂੰ ਭੇਜੀ ਸੀ ਕਿ ਟਰੱਸਟ ਮੀਟਿੰਗ ਵਿਚ ਇਸ ਪਲਾਟ ਸਬੰਧੀ ਕੋਈ ਪ੍ਰਸਤਾਵ ਸ਼ਾਮਲ ਨਹੀਂ ਸੀ ਅਤੇ ਨਾ ਹੀ ਇਸ ਸਬੰਧੀ ਕੋਈ ਸਲਾਹ-ਮਸ਼ਵਰਾ ਹੀ ਹੋਇਆ ਸੀ। ਜਿਹੜੇ ਪ੍ਰਸਤਾਵ ਪਾਸ ਹੋਏ ਸਨ, ਉਨ੍ਹਾਂ ਪ੍ਰਸਤਾਵਾਂ ਵਿਚ 456 ਨੰਬਰ ਪਲਾਟ ਦਾ ਏਜੰਡਾ ਮੀਟਿੰਗ ਹੋਣ ਤੋਂ ਬਾਅਦ ਸ਼ਾਮਲ ਕਰ ਕੇ ਸਰਕਾਰ ਕੋਲੋਂ ਮਨਜ਼ੂਰੀ ਲਈ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ ਦੀਆਂ ਜੇਲ੍ਹਾਂ 'ਚ ਸੁਧਾਰ ਕਰਨ ਲਈ ਸੁਖਜਿੰਦਰ ਰੰਧਾਵਾ ਨੇ ਨਵੇਂ ਜੇਲ੍ਹ ਮੰਤਰੀ ਨੂੰ ਦਿੱਤਾ ਸੁਝਾਅ

ਸਿਮਰਨਜੀਤ ਨੇ ਕਿਹਾ ਕਿ ਲਗਭਗ 6-7 ਕਰੋੜ ਰੁਪਏ ਦੀ ਵੈਲਿਊ ਦੇ ਇਸ ਪਲਾਟ ਨੂੰ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਕੌਡੀਆਂ ਦੇ ਭਾਅ ਕਿਸੇ ਵਿਅਕਤੀ ਨੂੰ ਅਲਾਟ ਕਰ ਦਿੱਤਾ ਗਿਆ। ਉਨ੍ਹਾਂ ਸੀ. ਵੀ. ਓ. ਨੂੰ ਦੱਸਿਆ ਕਿ ਟਰੱਸਟ ਅਧਿਕਾਰੀਆਂ ਨੇ ਲਾਜਪਤ ਨਗਰ ਵਿਚ 12 ਨੰਬਰ ਪਲਾਟ ਨੂੰ ਅਲਾਟੀ ਦੀ ਮੌਤ ਤੋਂ ਬਾਅਦ ਵਾਰਸਾਂ ਦੇ ਨਾਂ ਟਰਾਂਸਫਰ ਕਰਨ ਦੌਰਾਨ ਸਰਕਾਰੀ ਰਿਕਾਰਡ ਨੂੰ ਟੈਂਪਰ ਕੀਤਾ। ਇਸ ਮਾਮਲੇ ਦੀ ਜਾਂਚ ਏ. ਡੀ. ਸੀ. (ਅਰਬਨ ਡਿਵੈੱਲਪਮੈਂਟ) ਕੋਲ ਚੱਲ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਗੋਪਾਲ ਨਗਰ ਸਕੀਮ ਨਾਲ ਸਬੰਧਤ ਧਾਂਦਲੀਆਂ ਦੀਆਂ ਫਾਈਲਾਂ ਖੁਰਦ-ਬੁਰਦ ਕੀਤੇ ਜਾਣ ਦੀ ਸ਼ਿਕਾਇਤ ਸਬੰਧੀ ਮਾਮਲਾ ਵੀ ਉਠਾਇਆ। ਸੀ. ਵੀ. ਓ. ਸਾਹਮਣੇ ਸੂਰਿਆ ਐਨਕਲੇਵ ਐਕਸਟੈਨਸ਼ਨ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਅਲਾਟ ਹੋਏ ਐੱਲ. ਡੀ. ਪੀ. ਕੋਟੇ ਦੇ ਪਲਾਟ 43-ਸੀ ਦੇ ਅਲਾਟਮੈਂਟ ਲੈਟਰ ਅਤੇ ਰਜਿਸਟਰੀ ਵਿਚ ਚੇਅਰਮੈਨ ਦੇ ਸਾਈਨ ਵੱਖ-ਵੱਖ ਹੋਣ ਦਾ ਮਾਮਲਾ ਵੀ ਪ੍ਰਮੁੱਖਤਾ ਨਾਲ ਉਠਾਇਆ ਅਤੇ ਐੱਲ. ਡੀ. ਪੀ. ਕੋਟੇ ਦੇ ਪਲਾਟਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ।

ਸਾਬਕਾ ਕੈਬਨਿਟ ਮੰਤਰੀ ਦੇ ਖਾਸਮ-ਖਾਸ ਕਾਂਗਰਸੀ ਕੌਂਸਲਰ ਨੂੰ ਅਲਾਟ ਦੇ ਮਾਮਲੇ ਨੇ ਫੜੀ ਤੂਲ
ਸਾਬਕਾ ਕੈਬਨਿਟ ਮੰਤਰੀ ਦੇ ਖਾਸਮ-ਖਾਸ ਅਤੇ ਨਜ਼ਦੀਕੀ ਕਾਂਗਰਸੀ ਕੌਂਸਲਰ ਨੂੰ 143.56 ਏਕੜ ਸਕੀਮ ਰਿਸ਼ੀਨਗਰ ਵਿਚ ਪਲਾਟ ਨੰਬਰ 1425 ਦੀ ਅਲਾਟਮੈਂਟ ਕਰਨ ਦਾ ਮਾਮਲਾ ਵੀ ਤੂਲ ਫੜ ਗਿਆ ਹੈ। ਇਸ ਪਲਾਟ ਨੂੰ ਅਲਾਟ ਕਰਨ ਦੌਰਾਨ ਸਾਰੇ ਕਾਇਦੇ-ਕਾਨੂੰਨ ਛਿੱਕੇ ’ਤੇ ਟੰਗ ਦਿੱਤੇ ਗਏ। ਟਰੱਸਟ ਦੇ ਅਧਿਕਾਰੀਆਂ ਨੇ ਸਕੀਮ ਦੇ 6 ਮਰਲੇ ਦੇ ਇਸ ਬੇਸ਼ਕੀਮਤੀ ਪਲਾਟ ਦਾ ਰਕਬਾ ਘੱਟ ਦੱਸ ਕੇ ਨਾਲ ਲੱਗਦੇ ਪਲਾਟ ਦੇ ਅਲਾਟੀ (ਕਾਂਗਰਸੀ ਕੌਂਸਲਰ) ਨੂੰ ਅਕਸੈੱਸ ਏਰੀਆ ਦਰਸਾ ਕੇ ਅਲਾਟ ਕਰ ਦਿੱਤਾ ਹੈ। ਟਰੱਸਟ ਦੇ ਪੁਸ਼ਟ ਸੂਤਰਾਂ ਦੀ ਮੰਨੀਏ ਤਾਂ ਇਸ ਪਲਾਟ ਨੂੰ ਆਪਣੇ ਚਹੇਤੇ ਦੇ ਨਾਂ ਅਲਾਟ ਕਰਵਾਉਣ ਲਈ ਸਾਬਕਾ ਕੈਬਨਿਟ ਮੰਤਰੀ ਨੇ ਹੀ ਅਧਿਕਾਰੀਆਂ ’ਤੇ ਦਬਾਅ ਬਣਾਇਆ ਸੀ। ਵਰਣਨਯੋਗ ਹੈ ਕਿ ਇਸ ਅਲਾਟ ਹੋਏ ਪਲਾਟ ’ਤੇ ਕੰਸਟਰੱਕਸ਼ਨ ਕਰਕੇ ਸ਼ਰਾਬ ਦਾ ਠੇਕਾ ਵੀ ਖੋਲ੍ਹ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:  ਖਟਕੜ ਕਲਾਂ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਅਜੇ ਮਲਹੋਤਰਾ ਦੀ ਛੁੱਟੀ ਕੀਤੀ ਕੈਂਸਲ, 24 ਮਾਰਚ ਤੱਕ ਰਿਕਾਰਡ ਪੇਸ਼ ਕਰਨ ਦਾ ਮਿਲਿਆ ਅਲਟੀਮੇਟਮ
ਇੰਪਰੂਵਮੈਂਟ ਟਰੱਸਟ ਦਫ਼ਤਰ ਦੇ ਸਭ ਤੋਂ ਵਿਵਾਦਿਤ ਅਤੇ ਪਾਵਰਫੁੱਲ ਮੰਨੇ ਜਾਂਦੇ ਸੀਨੀਅਰ ਸਹਾਇਕ ਅਜੇ ਮਲਹੋਤਰਾ ਨੂੰ ਚੀਫ ਵਿਜੀਲੈਂਸ ਅਧਿਕਾਰੀ ਰਾਜੀਵ ਸੇਖੜੀ ਨੇ 24 ਮਾਰਚ ਸਵੇਰੇ 11 ਵਜੇ ਤੱਕ ਟਰੱਸਟ ਰਿਕਾਰਡ ਨਾਲ ਸਬੰਧਤ ਫਾਈਲਾਂ ਨੂੰ ਜਮ੍ਹਾ ਕਰਵਾਉਣ ਦਾ ਅਲਟੀਮੇਟਮ ਦਿੱਤਾ ਹੈ। ਸੀ. ਵੀ. ਓ. ਨੇ ਛੁੱਟੀ ’ਤੇ ਗਏ ਮਲਹੋਤਰਾ ਦੀ ਛੁੱਟੀ ਨੂੰ ਵੀ ਈ. ਓ. ਜ਼ਰੀਏ ਕੈਂਸਲ ਕਰਨ ਦੇ ਹੁਕਮ ਜਾਰੀ ਕੀਤੇ।

ਸੇਖੜੀ ਨੇ ਕਿਹਾ ਕਿ ਜੇਕਰ ਮਲਹੋਤਰਾ ਨੇ ਸਮਾਂ ਹੱਦ ਵਿਚ ਰਿਕਾਰਡ ਜਮ੍ਹਾ ਨਾ ਕਰਵਾਇਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਟਰੱਸਟ ਦੇ ਈ. ਓ. ਪਰਮਿੰਦਰ ਸਿੰਘ ਨੇ ਬੀਤੀ 14 ਮਾਰਚ ਨੂੰ ਵੀ ਅਜੇ ਮਲਹੋਤਰਾ ਦੇ ਪਰ ਕੁਤਰਦਿਆਂ ਉਸਨੂੰ ਟਰੱਸਟ ਨਾਲ ਸਬੰਧਤ ਸਾਰੀਆਂ ਸਕੀਮਾਂ ਦੇ ਕੰਮ ਤੋਂ ਮੁਕਤ ਕਰ ਦਿੱਤਾ ਸੀ। ਇਸਦੇ ਨਾਲ ਹੀ ਮਲਹੋਤਰਾ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਹੁਕਮ ਜਾਰੀ ਹੋਣ ਦੇ ਇਕ ਦਿਨ ਅੰਦਰ ਉਸ ਨੂੰ ਸੌਂਪੀਆਂ ਸਾਰੀਆਂ ਸਕੀਮਾਂ ਨਾਲ ਸਬੰਧਤ ਰਿਕਾਰਡ ਅਮਰਜੀਤ ਸਿੰਘ ਸੀਨੀਅਰ ਸਹਾਇਕ ਅਤੇ ਨਰਿੰਦਰ ਕੌਰ ਸੀਨੀਅਰ ਸਹਾਇਕ ਨੂੰ ਸੌਂਪੇ।  ਪਰ ਮੰਨਿਆ ਜਾ ਰਿਹਾ ਹੈ ਕਿ ਮਲਹੋਤਰਾ ਨੇ ਹੁਕਮਾਂ ਦੇ ਬਾਵਜੂਦ ਟਰੱਸਟ ਰਿਕਾਰਡ ਦੀਆਂ ਫਾਈਲਾਂ ਨੂੰ ਜਮ੍ਹਾ ਨਹੀਂ ਕਰਵਾਇਆ ਅਤੇ ਨਾ ਹੀ ਈ. ਓ. ਦੇ ਹੁਕਮਾਂ ਦੀ ਕੋਈ ਪ੍ਰਵਾਹ ਕੀਤੀ। ਇਹੀ ਕਾਰਨ ਰਿਹਾ ਹੈ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਵਿਭਾਗ ਨੇ ਸੀ. ਵੀ. ਓ. ਪੱਧਰ ਦੇ ਅਧਿਕਾਰੀ ਨੂੰ ਟਰੱਸਟ ਦਫਤਰ ਨਾਲ ਸਬੰਧਤ ਸ਼ਿਕਾਇਤਾਂ ਦੀ ਜਾਂਚ ਲਈ ਭੇਜਿਆ ਹੈ। ਵਰਣਨਯੋਗ ਹੈ ਕਿ ਅਜੇ ਮਲਹੋਤਰਾ ਅੱਜ ਛੁੱਟੀ ’ਤੇ ਰਿਹਾ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ਐਂਟੀ-ਕੁਰੱਪਸ਼ਨ ਹੈਲਪਲਾਈਨ ਨੰਬਰ

ਇਕ ਹਫ਼ਤੇ ’ਚ ਸਮੁੱਚੀ ਜਾਂਚ ਰਿਪੋਰਟ ਸਰਕਾਰ ਨੂੰ ਭੇਜਾਂਗੇ : ਰਾਜੀਵ ਸੇਖੜੀ
ਸੀ. ਵੀ. ਓ. ਰਾਜੀਵ ਸੇਖੜੀ ਨੇ ਦੱਸਿਆ ਕਿ ਵਿਭਾਗ ਨੂੰ ਕਾਫੀ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਦੀ ਜਾਂਚ ਕਰਨ ਉਹ ਇਥੇ ਆਏ ਹਨ। ਸੀ. ਵੀ. ਓ. ਨੇ ਦੱਸਿਆ ਕਿ ਇਹ ਰੁਟੀਨ ਚੈਕਿੰਗ ਹੈ ਪਰ ਕੁਝ ਮਾਮਲਿਆਂ ਵਿਚ ਤਾਂ ਥੋੜ੍ਹੀਆਂ-ਬਹੁਤ ਕਮੀਆਂ ਸਾਹਮਣੇ ਆਈਆਂ ਹਨ ਪਰ ਕੁਝ ਮਾਮਲੇ ਗੰਭੀਰ ਹਨ। ਅਜੇ ਰਿਕਾਰਡ ਨੂੰ ਟਰੇਸ ਕੀਤਾ ਜਾ ਰਿਹਾ ਹੈ। ਕਾਫ਼ੀ ਰਿਕਾਰਡ ਉਨ੍ਹਾਂ ਨੂੰ ਮਿਲ ਗਏ ਹਨ, ਜਿਉਂ-ਜਿਉਂ ਬਾਕੀ ਰਿਕਾਰਡ ਉਨ੍ਹਾਂ ਨੂੰ ਮਿਲੇਗਾ, ਉਸਦੀ ਜਾਂਚ ਕੀਤੀ ਜਾਵੇਗੀ। ਇਕ ਕਰਮਚਾਰੀ ਛੁੱਟੀ ’ਤੇ ਹੈ, ਉਸ ਨੂੰ ਵੀਰਵਾਰ ਰਿਕਾਰਡ ਸਮੇਤ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸੀ. ਵੀ. ਓ. ਨੇ ਦੱਸਿਆ ਕਿ ਸਮੁੱਚਾ ਰਿਕਾਰਡ ਮਿਲਣ ਤੋਂ ਬਾਅਦ ਉਹ ਇਨ੍ਹਾਂ ਸਾਰੇ ਮਾਮਲਿਆਂ ਦੀ ਨਿਰਪੱਖ ਜਾਂਚ ਕਰਨਗੇ ਅਤੇ ਇਕ ਹਫਤੇ ਅੰਦਰ ਸਮੁੱਚੀ ਜਾਂਚ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News