ਪਿੰਡ ਦੇ ਵਿਕਾਸ ਕਾਰਜਾਂ ਲਈ ਜਾਰੀ ਹੋਈਆਂ ਗਰਾਂਟਾਂ ''ਚ ਘਪਲੇਬਾਜ਼ੀ ਕਰਨ ਵਾਲਿਆਂ ਖ਼ਿਲਾਫ਼ VB ਨੇ ਕੀਤੀ ਕਾਰਵਾਈ

Monday, Mar 11, 2024 - 07:10 PM (IST)

ਪਿੰਡ ਦੇ ਵਿਕਾਸ ਕਾਰਜਾਂ ਲਈ ਜਾਰੀ ਹੋਈਆਂ ਗਰਾਂਟਾਂ ''ਚ ਘਪਲੇਬਾਜ਼ੀ ਕਰਨ ਵਾਲਿਆਂ ਖ਼ਿਲਾਫ਼ VB ਨੇ ਕੀਤੀ ਕਾਰਵਾਈ

ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਨੇ ਪਿੰਡ ਨੂਰਪੁਰ, ਜ਼ਿਲ੍ਹਾ ਐੱਸ.ਬੀ.ਐੱਸ.ਨਗਰ ਨੂੰ ਵਿਕਾਸ ਕਾਰਜਾਂ ਲਈ ਜਾਰੀ ਹੋਈਆਂ ਗਰਾਂਟਾਂ ਵਿੱਚ ਘਪਲੇਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਇਸ ਕਾਰਵਾਈ ਤਹਿਤ ਪਿੰਡ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ, ਗ੍ਰਾਮ ਪੰਚਾਇਤ ਸਕੱਤਰ ਅਸ਼ੋਕ ਕੁਮਾਰ, ਵਾਸੀ ਪਿੰਡ ਬਘੌਰਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਮਲਕੀਤ ਰਾਮ ਵਾਸੀ ਪਿੰਡ ਸਰਹਾਲ ਕਾਜੀਆਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਪਸੀ ਮਿਲੀਭੁਗਤ ਨਾਲ 3,14,500 ਰੁਪਏ ਦੀ ਘਪਲੇਬਾਜ਼ੀ ਕਰਨ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕਰਕੇ ਉਕਤ ਸਾਬਕਾ ਸਰਪੰਚ ਸੁਰਿੰਦਰ ਸਿੰਘ ਅਤੇ ਮਲਕੀਤ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਪੰਚਾਇਤ ਸਕੱਤਰ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਪਾਇਆ ਗਿਆ ਕਿ ਉਕਤ ਪਿੰਡ ਨੂਰਪੁਰ ਨੂੰ ਸਾਲ 2014 ਤੋਂ 2017 ਤੱਕ ਗਲੀਆਂ-ਨਾਲੀਆਂ, ਗੰਦੇ ਪਾਣੀ ਦੇ ਨਿਕਾਸ, ਐੱਸ.ਸੀ. ਤੇ ਬੀ.ਸੀ. ਧਰਮਸ਼ਾਲਾਵਾਂ ਦੀ ਉਸਾਰੀ ਸਮੇਤ ਸ਼ਮਸ਼ਾਨ ਘਾਟ ਦੀ ਉਸਾਰੀ ਸਬੰਧੀ ਗਰਾਂਟਾਂ ਹਾਸਲ ਹੋਈਆਂ ਸਨ। ਇਨ੍ਹਾਂ ਗਰਾਂਟਾਂ 'ਚੋਂ ਉਕਤ ਮੁਲਜ਼ਮਾਂ ਵੱਲੋਂ ਮਸਟਰੋਲ ਮੁਤਾਬਿਕ ਲੇਬਰ/ਮਿਸਤਰੀ ਦੇ ਕੰਮਾਂ ਸਬੰਧੀ ਮਜ਼ਦੂਰਾਂ ਨੂੰ 75,000 ਰੁਪਏ ਦੀ ਅਦਾਇਗੀ ਕੀਤੀ ਜਾਣੀ ਸੀ ਪਰੰਤੂ ਉਕਤ ਪੰਚਾਇਤ ਸਕੱਤਰ ਅਤੇ ਸਰਪੰਚ ਨੇ ਉਕਤ ਮਲਕੀਤ ਰਾਮ ਦੇ ਨਾਮ ਉੱਪਰ 54,500 ਰੁਪਏ ਰੇਤਾ/ਬੱਜਰੀ ਦੀ ਅਦਾਇਗੀ ਸਬੰਧੀ ਕੈਸ਼ ਬੁੱਕ ਵਿੱਚ ਫਰਜ਼ੀ ਇੰਦਰਾਜ ਦਿਖਾ ਕੇ ਇਹ ਪੈਸੇ ਮਲਕੀਤ ਰਾਮ ਦੇ ਬੈਂਕ ਖਾਤੇ ਵਿੱਚੋਂ ਕਢਵਾ ਕੇ ਆਪਸ ਵਿੱਚ ਵੰਡ ਲਏ। ਇਨ੍ਹਾਂ ਮੁਲਜ਼ਮਾਂ ਨੇ ਇਹ ਰੇਤਾ/ਬੱਜਰੀ ਵਰਤਣ ਅਤੇ ਇਸ ਦੀ ਅਦਾਇਗੀ ਦੇਣ ਸਬੰਧੀ ਰਜਿਸਟਰ ਵਿੱਚ ਕੋਈ ਮਤਾ ਨਹੀਂ ਪਾਇਆ। 

ਇਹ ਵੀ ਪੜ੍ਹੋ- ਟਾਇਰ ਫਟਣ ਕਾਰਨ ਬੇਕਾਬੂ ਹੋਈ ਸਵਾਰੀਆਂ ਨਾਲ ਭਰੀ ਬੱਸ, ਹੋਇਆ ਵੱਡਾ ਹਾਦਸਾ (ਵੀਡੀਓ)

ਬੁਲਾਰੇ ਨੇ ਦੱਸਿਆ ਕਿ ਇਸ ਪਿੰਡ ਨੂੰ ਵਿਕਾਸ ਕਾਰਜਾਂ ਲਈ ਕੁੱਲ 2,60,000 ਰੁਪਏ ਦੀਆਂ ਗਰਾਂਟਾਂ ਮਿਲੀਆਂ ਸਨ ਜਿਨ੍ਹਾਂ ਵਿੱਚ ਭਗਤ ਧੰਨਾ ਰਾਮ ਦੇ ਕਮਰੇ ਵਾਸਤੇ 1,00,000 ਰੁਪਏ, ਜਿੰਮ ਦੀ ਉਸਾਰੀ ਵਾਸਤੇ 1,00,000 ਰੁਪਏ ਅਤੇ ਸੋਲਰ ਲਾਈਟਾਂ ਲਈ 60,000 ਰੁਪਏ ਪ੍ਰਾਪਤ ਹੋਏ ਸਨ ਪ੍ਰੰਤੂ ਟੈਕਨੀਕਲ ਟੀਮ ਦੀ ਰਿਪੋਰਟ ਅਨੁਸਾਰ ਜਿਸ ਕੰਮ ਲਈ ਇਹ ਗ੍ਰਾਂਟਾਂ ਆਈਆਂ ਸਨ ਉਹ ਕੰਮ ਮੌਕੇ ਉਤੇ ਹੋਣੇ ਨਹੀਂ ਪਾਏ ਗਏ। 

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਨ੍ਹਾਂ ਗਰਾਂਟਾਂ ਸਬੰਧੀ ਉਕਤ ਪੰਚਾਇਤ ਸਕੱਤਰ ਅਤੇ ਸਰਪੰਚ ਵੱਲੋਂ ਕੈਸ਼ ਬੁੱਕ ਵਿੱਚ ਫਰਜ਼ੀ ਇੰਦਰਾਜ ਦਿਖਾ ਕੇ ਕੁੱਲ 2,60,000 ਰੁਪਏ ਦਾ ਗਬਨ ਕੀਤਾ ਜਾਣਾ ਸਾਬਿਤ ਹੋਇਆ ਹੈ। ਇਸ ਤੋਂ ਇਲਾਵਾ ਪੰਚਾਇਤ ਸਕੱਤਰ ਅਤੇ ਸਰਪੰਚ ਵੱਲੋਂ ਉਕਤ ਗਰਾਂਟਾਂ ਨੂੰ ਖ਼ਰਚਣ ਸਬੰਧੀ ਅਤੇ ਅਦਾਇਗੀਆਂ ਸਬੰਧੀ ਕੋਈ ਮਤਾ ਨਹੀਂ ਪਾਇਆ ਗਿਆ। ਇਸ ਤਰਾਂ ਪਿੰਡ ਨੂੰ ਸਾਲ 2014 ਤੋਂ 2017 ਤੱਕ ਪ੍ਰਾਪਤ ਗਰਾਂਟਾਂ ਦੀ ਵਰਤੋਂ ਵਿੱਚ ਸਾਬਕਾ ਸਰਪੰਚ ਸੁਰਿੰਦਰ ਸਿੰਘ, ਪੰਚਾਇਤ ਸਕੱਤਰ ਅਸ਼ੋਕ ਕੁਮਾਰ ਅਤੇ ਮਲਕੀਤ ਰਾਮ ਵੱਲੋਂ ਆਪਸੀ ਮਿਲੀਭੁਗਤ ਰਾਹੀਂ ਕੁੱਲ 3,14,500 ਰੁਪਏ ਦੀ ਘਪਲੇਬਾਜੀ ਕੀਤੀ ਗਈ ਹੈ।

ਇਹ ਵੀ ਪੜ੍ਹੋ- ਭੈਣ-ਭਰਾ ਦਾ ਰਿਸ਼ਤਾ ਹੋਇਆ ਤਾਰ-ਤਾਰ, ਭੂਆ ਦੇ ਮੁੰਡੇ ਨੇ 14 ਸਾਲਾ ਨਾਬਾਲਗਾ ਨੂੰ ਕੀਤਾ ਗਰਭਵਤੀ, ਬੱਚੇ ਦੀ ਹੋਈ ਮੌਤ

ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਉਕਤ ਤਿੰਨੇ ਮੁਲਜ਼ਮਾਂ ਵਿਰੁੱਧ ਧਾਰਾ 13(1)ਏ ਤੇ 13(2) ਅਤੇ ਆਈ.ਪੀ.ਸੀ. ਦੀ ਧਾਰਾ 406, 409, 120-ਬੀ ਤਹਿਤ ਮੁਕੱਦਮਾ ਨੰਬਰ 05 ਮਿਤੀ 11.03.2024 ਨੂੰ ਵਿਜੀਲੈਂਸ ਬਿਉਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਦਰਜ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਮੁਲਜ਼ਮ ਸਾਬਕਾ ਸਰਪੰਚ ਸੁਰਿੰਦਰ ਸਿੰਘ ਅਤੇ ਮਲਕੀਤ ਰਾਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਸ ਕੇਸ ਦੀ ਹੋਰ ਤਫਤੀਸ਼ ਜਾਰੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News