ਆਬਕਾਰੀ ਤੇ ਕਰ ਵਿਭਾਗ ਦੇ 2 ਕਰਮਚਾਰੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਨੇ ਕੀਤੇ ਕਾਬੂ

Saturday, Aug 17, 2024 - 05:19 AM (IST)

ਆਬਕਾਰੀ ਤੇ ਕਰ ਵਿਭਾਗ ਦੇ 2 ਕਰਮਚਾਰੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਨੇ ਕੀਤੇ ਕਾਬੂ

ਕਪੂਰਥਲਾ (ਮਹਾਜਨ)- ਪੰਜਾਬ ਵਿਜੀਲੈਂਸ ਬਿਊਰੋ ਨੇ ਆਬਕਾਰੀ ਅਤੇ ਕਰ ਵਿਭਾਗ, ਪੰਜਾਬ ਦੇ ਕਪੂਰਥਲਾ ਵਿਖੇ ਤਾਇਨਾਤ 2 ਕਰਮਚਾਰੀਆਂ ਜਤਿੰਦਰਪਾਲ ਸਿੰਘ, ਇੰਸਪੈਕਟਰ ਅਤੇ ਸੰਜੀਵ ਮਲਹੋਤਰਾ, ਕਲਰਕ ਵਿਰੁੱਧ 10,000 ਰੁਪਏ ਰਿਸ਼ਵਤ ਲੈਣ ਅਤੇ 20,000 ਰੁਪਏ ਦੀ ਹੋਰ ਰਿਸ਼ਵਤ ਮੰਗਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਸ ਮੁਕੱਦਮੇ ’ਚ ਇੰਸਪੈਕਟਰ ਜਤਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਵੇਂ ਮੁਲਜ਼ਮਾਂ ਖਿਲਾਫ ਮੁਹੱਲਾ ਕਿਆਮਪੁਰਾ, ਕਪੂਰਥਲਾ ਸ਼ਹਿਰ ਦੇ ਵਸਨੀਕ ਨੀਰਜ ਸ਼ਰਮਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਕਪੂਰਥਲਾ ਸ਼ਹਿਰ ਦੇ ਕਿਆਮਪੁਰਾ ਵਿਖੇ ਬਿਜਲੀ ਦੇ ਸਾਮਾਨ ਦੀ ਇਕ ਦੁਕਾਨ ਚਲਾ ਰਿਹਾ ਹੈ ਅਤੇ ਉਸ ਨੇ ਮਾਰਚ ਮਹੀਨੇ ’ਚ ਇਕ ਕੂਲਰ ਵੇਚਿਆ ਸੀ ਤੇ ਕਿਸੇ ਕਾਰਨ ਕੂਲਰ ਖਰੀਦਣ ਵਾਲੇ ਗਾਹਕ ਨਾਲ ਕੋਈ ਵਿਵਾਦ ਹੋ ਗਿਆ ਸੀ, ਜਿਸ ਦੇ ਨਿਪਟਾਰੇ ਲਈ ਉਕਤ ਦੋਵੇਂ ਮੁਲਜ਼ਮਾਂ ਨੇ ਦਖਲ ਦਿੱਤਾ ਸੀ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਕਤ ਦੋਵੇਂ ਮੁਲਜ਼ਮਾਂ ਨੇ ਉਸ ਨੂੰ ਮੋਬਾਈਲ ਫੋਨ ’ਤੇ ਆਪਣੇ ਲੇਖਾਕਾਰ ਨਾਲ ਦਫਤਰ ਆਉਣ ਲਈ ਕਿਹਾ, ਜਿੱਥੇ ਉਕਤ ਬਿੱਲ ’ਚ ਬੇਨਿਯਮੀਆਂ ਦੇ ਨਿਪਟਾਰੇ ਲਈ ਉਸ ਤੋਂ 45,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ- ਪੁਲਸ ਮੁਲਾਜ਼ਮਾਂ ਨੇ ਸਿਵਲ ਸਰਜਨ ਨੂੰ ਆਜ਼ਾਦੀ ਸਮਾਗਮ 'ਚ ਜਾਣ ਤੋਂ ਰੋਕਿਆ, ਕਮਿਸ਼ਨਰ ਨੇ ਕੀਤਾ ਸਸਪੈਂਡ

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਕਲਰਕ ਸੰਜੀਵ ਮਲਹੋਤਰਾ ਨੇ ਵਟਸਐਪ ਕਾਲ ’ਤੇ ਉਸ ਕੋਲੋ ਇਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਪਰ ਸੌਦਾ 30,000 ਰੁਪਏ ’ਚ ਤੈਅ ਹੋ ਗਿਆ ਅਤੇ ਉਸ ਨੇ ਅਗਲੇ ਦਿਨ ਪਹਿਲੀ ਕਿਸ਼ਤ ਵਜੋਂ 10,000 ਰੁਪਏ ਲੈ ਲਏ ਅਤੇ ਹੁਣ ਉਹ ਬਕਾਇਆ 20,000 ਰੁਪਏ ਦੀ ਮੰਗ ਕਰ ਰਹੇ ਸਨ। ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਫੋਨ ’ਤੇ ਹੋਈ ਗੱਲਬਾਤ ਰਿਕਾਰਡ ਕਰ ਕੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਤੋਂ ਬਾਅਦ ਸ਼ਿਕਾਇਤਕਰਤਾ ਵੱਲੋਂ ਲਾਏ ਦੋਸ਼ ਸਹੀ-ਵ-ਦਰੁਸਤ ਪਾਏ ਗਏ ਹਨ ਕਿਉਂਕਿ ਇਹ ਜ਼ੁਬਾਨੀ ਸਬੂਤ ਵਜੋਂ ਪੇਸ਼ ਕੀਤੀ ਰਿਕਾਰਡਿਡ ਗੱਲਬਾਤ ਨਾਲ ਮੇਲ ਖਾਂਦੇ ਹਨ। ਇਸ ਤਫਤੀਸ਼ੀ ਰਿਪੋਰਟ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਮੁਲਜ਼ਮ ਇੰਸਪੈਕਟਰ ਜਤਿੰਦਰਪਾਲ ਸਿੰਘ ਨੂੰ ਉਸ ਦੇ ਦਫਤਰ ਕਪੂਰਥਲਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂਕਿ ਮੁਲਜ਼ਮ ਸੰਜੀਵ ਮਲਹੋਤਰਾ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਇਹ ਵੀ ਪੜ੍ਹੋ- ਹਸਪਤਾਲ ਇਲਾਜ ਕਰਵਾਉਣ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਜ਼ਰੂਰੀ ਖ਼ਬਰ, ਅੱਜ ਬੰਦ ਰਹਿਣਗੀਆਂ OPDs

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News