ਜਲੰਧਰ ''ਚ ਹੁਣ ਇਸ ਮੁੱਦੇ ਨੂੰ ਲੈ ਕੇ ਭੜਕਿਆ ਵਾਲਮੀਕਿ ਭਾਈਚਾਰਾ
Tuesday, Aug 20, 2019 - 01:37 PM (IST)
![ਜਲੰਧਰ ''ਚ ਹੁਣ ਇਸ ਮੁੱਦੇ ਨੂੰ ਲੈ ਕੇ ਭੜਕਿਆ ਵਾਲਮੀਕਿ ਭਾਈਚਾਰਾ](https://static.jagbani.com/multimedia/2019_8image_13_36_067727229pro.jpg)
ਜਲੰਧਰ— ਕਲਰਜ਼ ਚੈਨਲ 'ਤੇ ਦਿਖਾਏ ਜਾ ਰਹੇ ਧਾਰਮਿਕ ਪ੍ਰੋਗਰਾਮ 'ਰਾਮ-ਸਿਆ ਕੇ ਲਵ-ਕੁਸ਼' ਨੂੰ ਲੈ ਕੇ ਵਾਲਮੀਕਿ ਭਾਈਚਾਰੇ ਦੇ ਲੋਕ ਇਕ ਵਾਰ ਫਿਰ ਤੋਂ ਭੜਕ ਗਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਕਲਰਜ਼ ਚੈਨਲ 'ਤੇ ਭਗਵਾਨ ਵਾਲਮੀਕਿ ਜੀ ਦੇ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਸੇ ਰੋਸ ਵਜੋਂ ਅੱਜ ਵਾਲਮੀਕਿ ਭਾਈਚਾਰੇ ਦੇ ਲੋਕ ਜਲੰਧਰ 'ਚ ਬਬਰੀਕ ਚੌਕ ਨੇੜੇ ਇਕੱਠੇ ਹੋਏ ਬਾਬੂ ਜਗਜੀਵਨ ਰਾਮ ਚੌਕ ਤੱਕ ਰੋਸ ਪ੍ਰਦਰਸ਼ਨ ਕੀਤਾ।
ਉਨ੍ਹਾਂ ਨੇ ਮੰਗ ਕੀਤੀ ਕਿ ਚੈਨਲ ਸਮੇਤ ਪ੍ਰੋਗਰਾਮ 'ਰਾਮ ਸਿਆ ਕੇ ਲਵ ਕੁਸ਼' ਦੇ ਲੇਖਕ, ਡਾਇਰੈਕਟਰ ਅਤੇ ਪ੍ਰੋਡਿਊਸਰ ਅਤੇ ਨਾਟਕ 'ਚ ਭਗਵਾਨ ਵਾਲਮੀਕਿ ਜੀ ਦਾ ਕਿਰਦਾਰ ਅਦਾ ਕਰਨ ਵਾਲਿਆਂ ਖਿਲਾਫ ਐੱਫ. ਆਈ. ਆਰ. ਦਰਜ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਚੈਨਲ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪੂਰੇ ਭਾਰਤ 'ਚ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਰਵਿਦਾਸ ਭਾਈਚਾਰੇ ਨੇ ਕਿਹਾ ਕਿ ਦਿੱਲੀ ਵਿਖੇ ਮੰਦਿਰ ਤੋੜਨ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਕਾਰਵਾਈ ਨਾ ਕਰਨ 'ਤੇ ਭਾਰਤ ਬੰਦ ਕਰਨ ਦੀ ਕਾਲ ਦਿੱਤੀ ਜਾਵੇਗੀ।