ਜਲੰਧਰ ਵਿਖੇ ਯੂਕੋ ਬੈਂਕ ’ਚ ਲੁੱਟ ਦਾ ਪੁਲਸ ਨੂੰ ਨਹੀਂ ਮਿਲਿਆ ਕੋਈ ਸੁਰਾਗ, ਜਾਂਚ ਜਾਰੀ

08/06/2022 6:18:11 PM

ਜਲੰਧਰ (ਵਰੁਣ)–ਇੰਡਸਟਰੀਅਲ ਏਰੀਆ ਵਿਖੇ ਦਿਨ-ਦਿਹਾੜੇ ਯੂਕੋ ਬੈਂਕ ਵਿਚ ਹੋਈ ਲੁੱਟ ਦੇ ਮਾਮਲੇ ਨੂੰ 24 ਘੰਟੇ ਬੀਤਣ ਤੋਂ ਬਾਅਦ ਵੀ ਪੁਲਸ ਦੇ ਹੱਥ ਕੋਈ ਅਹਿਮ ਸੁਰਾਗ ਨਹੀਂ ਲੱਗ ਸਕਿਆ, ਹਾਲਾਂਕਿ ਕਮਿਸ਼ਨਰੇਟ ਪੁਲਸ ਦੀਆਂ ਵੱਖ-ਵੱਖ ਟੀਮਾਂ ਜਾਂਚ ਵਿਚ ਜੁਟੀਆਂ ਹੋਈਆਂ ਹਨ। ਇਕ ਟੀਮ ਸੀ. ਸੀ. ਟੀ. ਵੀ. ਦੀ ਫੁਟੇਜ ਚੈੱਕ ਕਰਦੇ ਹੋਏ ਕਾਲਾ ਸੰਘਿਆਂ ਰੋਡ ਤੱਕ ਜਾ ਪਹੁੰਚੀ, ਜਿੱਥੇ ਲੁਟੇਰੇ ਕਾਲੇ ਰੰਗ ਦੀ ਐਕਟਿਵਾ ’ਤੇ ਟ੍ਰਿਪਲਿੰਗ ਕਰਦਿਆਂ ਜਾਂਦੇ ਵਿਖਾਈ ਦਿੱਤੇ। ਕਾਲਾ ਸੰਘਿਆਂ ਰੋਡ ਤੋਂ ਪੁਲਸ ਹੁਣ ਉਨ੍ਹਾਂ ਦੇ ਅੱਗੇ ਦੇ ਰੂਟ ਦੀ ਜਾਂਚ ਕਰ ਰਹੀ ਹੈ।

ਵੀਰਵਾਰ ਨੂੰ ਵਾਰਦਾਤ ਤੋਂ ਬਾਅਦ ਲੁਟੇਰੇ ਐਕਟਿਵਾ ’ਤੇ ਸਵਾਰ ਹੋ ਕੇ ਸੋਢਲ ਫਾਟਕ, ਮਾਈ ਹੀਰਾਂ ਗੇਟ ਅਤੇ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਜੇਲ ਚੌਕ, ਬਸਤੀ ਪੀਰਦਾਦ ਰੋਡ ਅਤੇ ਕਾਲਾ ਸੰਘਿਆਂ ਰੋਡ ’ਤੇ ਪਹੁੰਚੇ। ਰਸਤੇ ਵਿਚ ਕਿਤੇ ਵੀ ਲੁਟੇਰਿਆਂ ਨੇ ਆਪਣਾ ਮਾਸਕ ਨਹੀਂ ਉਤਾਰਿਆ, ਜਿਸ ਕਾਰਨ ਉਨ੍ਹਾਂ ਦੇ ਚਿਹਰੇ ਦੀ ਸਾਫ ਤਸਵੀਰ ਸਾਹਮਣੇ ਨਹੀਂ ਆਈ। ਪੁਲਸ ਨੂੰ ਸ਼ੱਕ ਹੈ ਕਿ ਲੁਟੇਰੇ ਰੇਕੀ ਕਰਨ ਲਈ ਬਿਨਾਂ ਮਾਸਕ ਦੇ ਬੈਂਕ ਵਿਚ ਜ਼ਰੂਰ ਆਏ ਹੋਣਗੇ, ਇਸ ਲਈ ਬੈਂਕ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਪਿਛਲੇ ਇਕ ਹਫਤੇ ਦੀ ਰਿਕਾਰਡਿੰਗ ਕਢਵਾ ਕੇ ਸੀ. ਆਈ. ਏ. ਸਟਾਫ਼ ਨੂੰ ਦਿੱਤੀ ਗਈ ਹੈ ਤਾਂਕਿ ਸ਼ੱਕੀ ਲੋਕਾਂ ਦੀ ਹਲਚਲ ਵੇਖੀ ਜਾਵੇ।

ਇਹ ਵੀ ਪੜ੍ਹੋ: ਰਿਪੋਰਟ 'ਚ ਖ਼ੁਲਾਸਾ, ਬਾਲ ਮਜਦੂਰੀ 'ਚ 18 ਸੂਬਿਆਂ ਵਿਚੋਂ ਪੰਜਾਬ ਸਭ ਤੋਂ ਉੱਪਰ

ਪੁਲਸ ਨੇ ਵੱਖ-ਵੱਖ ਐਕਟਿਵਾ ਵੇਚਣ ਵਾਲੇ ਸ਼ੋਅਰੂਮਾਂ ਵਿਚ ਜਾ ਕੇ ਸ਼ਹਿਰ ਵਿਚ ਵਿਕੀਆਂ ਕਾਲੇ ਰੰਗ ਦੀਆਂ ਐਕਟਿਵਾ ਦੀ ਵੀ ਡਿਟੇਲ ਕਢਵਾਈ ਪਰ ਸ਼ਹਿਰ ਵਿਚ ਕਈ ਹਜ਼ਾਰ ਕਾਲੇ ਰੰਗ ਦੀਆਂ ਐਕਟਿਵਾ ਵਿਕ ਚੁੱਕੀਆਂ ਹਨ। 1-1 ਕਰ ਕੇ ਪੁਲਸ ਲਿਸਟ ਵਿਚ ਦਿੱਤੇ ਬਲੈਕ ਐਕਟਿਵਾ ਦੇ ਮਾਲਕਾਂ ਨੂੰ ਵੀ ਜਾਂਚ ਵਿਚ ਸ਼ਾਮਲ ਕਰੇਗੀ। ਪੁਲਸ ਇਕ ਮਹੀਨੇ ਵਿਚ ਨਵੇਂ ਖੁੱਲ੍ਹੇ ਖਾਤਿਆਂ ਦੀ ਵੀ ਲਿਸਟ ਕਢਵਾਏਗੀ। ਵੀਰਵਾਰ ਨੂੰ ਬੈਂਕ ਦੇ ਮੈਨੇਜਰ ਨੇ ਪੁਲਸ ਨੂੰ ਸਪੱਸ਼ਟ ਕਰ ਦਿੱਤਾ ਕਿ ਲੁੱਟੀ ਗਈ ਰਕਮ 13 ਲੱਖ ਤੋਂ ਵੱਧ ਹੈ।

ਬਾਇਓ-ਮੀਟ੍ਰਿਕ ਸਕੈਨਰ ਨਾਲ ਲੁਟੇਰਿਆਂ ਦੀ ਪਛਾਣ ਹੋਣ ਦੀ ਉਮੀਦ
ਫੋਰੈਂਸਿਕ ਟੀਮ ਨੇ ਕੈਸ਼ ਰੂਮ ਵਿਚ ਦਾਖਲ ਹੋਏ ਲੁਟੇਰੇ ਦੇ ਫਿੰਗਰ ਪ੍ਰਿੰਟ ਲਏ ਸਨ, ਜਿਨ੍ਹਾਂ ਨੂੰ ਬਾਇਓ-ਮੀਟ੍ਰਿਕ ਸਕੈਨਰ ਨਾਲ ਸਕੈਨ ਕਰ ਕੇ ਲੁਟੇਰੇ ਦੀ ਪਛਾਣ ਕਰਵਾਈ ਜਾਣੀ ਸੀ। ਫੋਰੈਂਸਿਕ ਟੀਮ ਹੁਣ ਸਾਇੰਟੀਫਿਕ ਢੰਗ ਨਾਲ ਜਾਂਚ ਕਰ ਰਹੀ ਹੈ ਅਤੇ ਕੁਝ ਹੀ ਸਮੇਂ ਬਾਅਦ ਬਾਇਓ-ਮੀਟ੍ਰਿਕ ਸਕੈਨਰ ਨਾਲ ਲੁਟੇਰੇ ਦੀ ਪਛਾਣ ਹੋ ਸਕਦੀ ਹੈ।

ਇਹ ਵੀ ਪੜ੍ਹੋ: ਜਲੰਧਰ: ਮੋਬਾਇਲ ਐਪ ’ਤੇ ਹੋਈ ਦੋਸਤੀ ਦਾ ਖ਼ੌਫ਼ਨਾਕ ਅੰਜਾਮ, ਵਿਆਹ ਰਚਾ ਸਾਜ਼ਿਸ਼ ਤਹਿਤ ਕਰਵਾ ਦਿੱਤਾ ਗਰਭਪਾਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


shivani attri

Content Editor

Related News