ਮੁੱਢਲਾ ਸਿਹਤ ਕੇਂਦਰ ਨੂੰ ਟਰੋਮਾ ਸੈਂਟਰ ਬਣਾਉਣ ਦੀ ਮੰਗ ਨੇ ਫੜਿਆ ਜ਼ੋਰ

09/07/2019 3:52:29 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਮੁੱਢਲਾ ਸਿਹਤ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਦਾ ਦਰਜਾ ਵਧਾਉਣ ਜਾਂ ਟਰੋਮਾ ਸੈਂਟਰ ਬਣਾਉਣ ਦੀ ਮੰਗ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਮੁੱਢਲਾ ਸਿਹਤ ਕੇਂਦਰ ਨੂੰ ਸਿਹਤ ਵਿਭਾਗ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਬਣਾਉਣ ਦੀ ਪ੍ਰਪੋਜ਼ਲ ਮੌਜੂਦਾ ਸਰਕਾਰ ਦੇ ਕਹਿਣ 'ਤੇ ਤਿਆਰ ਕੀਤੀ ਗਈ ਸੀ। ਜਿਸ ਮਗਰੋਂ ਵਿਭਾਗ ਨੇ ਲੋੜੀਂਦੀ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰ ਕੇ ਵਿਭਾਗ ਨੂੰ ਭੇਜੀ ਸੀ। ਹਲਕੇ ਦੇ ਸਾਬਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਆਪਣੀ ਸਰਕਾਰ ਸਮੇਂ ਸ੍ਰੀ ਕੀਰਤਪੁਰ ਸਾਹਿਬ ਮੁੱਢਲਾ ਸਿਹਤ ਕੇਂਦਰ ਨੂੰ ਕਮਿਊਨਿਟੀ ਸਿਹਤ ਕੇਂਦਰ ਬਣਾਉਣ ਬਾਰੇ ਲੋਕਾਂ ਦੇ ਇਕੱਠ 'ਚ ਭਰੋਸਾ ਦਿੱਤਾ ਸੀ ਪਰ ਉਨ੍ਹਾਂ ਪਾਸੋਂ ਸਿਹਤ ਮੰਤਰੀ ਦਾ ਪਦ ਜਾਣ ਤੋਂ ਬਾਅਦ ਇਹ ਕੰਮ ਠੰਡੇ ਬਸਤੇ 'ਚ ਪੈ ਗਿਆ। ਜਦ ਕਿ ਸ੍ਰੀ ਕੀਰਤਪੁਰ ਸਾਹਿਬ ਨੂੰ ਅਣਗੌਲਿਆ ਕਰਕੇ ਭਰਤਗੜ੍ਹ ਦੇ ਮੁੱਢਲੇ ਸਿਹਤ ਕੇਂਦਰ ਨੂੰ ਕਮਿਊਨਟੀ ਸਿਹਤ ਕੇਂਦਰ ਦਾ ਦਰਜਾ ਦਿਤਾ ਗਿਆ ਉਥੇ ਹਰ ਇਕ ਸੁਵਿਧਾ ਮੁਹੱਈਆ ਕਰਾ ਦਿੱਤੀ, ਜਿਸ ਤੋਂ ਸ੍ਰੀ ਕੀਰਤਪੁਰ ਸਾਹਿਬ ਇਲਾਕੇ ਦੇ ਲੋਕ ਹੁਣ ਤੱਕ ਵਾਂਝੇ ਹਨ। ਯਾਦ ਰਹੇ ਕਿ ਰੂਪਨਗਰ ਜ਼ਿਲੇ 'ਚ ਚਾਰ ਬਲਾਕ ਪ੍ਰਾਇਮਰੀ ਹੈਲਥ ਸੈਂਟਰ ਸਨ ਜਿਨ੍ਹਾਂ 'ਚ ਸ੍ਰੀ ਚਮਕੌਰ ਸਾਹਿਬ, ਨੂਰਪੁਰਬੇਦੀ, ਭਰਤਗੜ੍ਹ ਤੇ ਚੌਥਾ ਸ੍ਰੀ ਕੀਰਤਪੁਰ ਸਾਹਿਬ ਹੈ। ਇਨ੍ਹਾਂ 'ਚੋਂ ਭਰਤਗੜ੍ਹ, ਨੂਰਪੁਰ ਬੇਦੀ (ਸਿੰਘਪੁਰ) ਤੇ ਸ੍ਰੀ ਚਮਕੌਰ ਸਾਹਿਬ ਤਿੰਨਾਂ ਨੂੰ ਅਪਗ੍ਰੇਡ ਕਰ ਦਿੱਤਾ ਗਿਆ ਹੈ।
ਇਲਾਕੇ ਦੇ ਲੋਕਾਂ ਲਈ ਐਮਰਜੈਂਸੀ ਸੁਵਿਧਾ ਮੁਕੰਮਲ ਬੰਦ
ਜਦ ਕਿ ਇਸ ਸਮੇਂ ਸ੍ਰੀ ਕੀਰਤਪੁਰ ਸਾਹਿਬ ਬਲਾਕ ਮੁੱਢਲਾ ਸਿਹਤ ਕੇਂਦਰ ਕਈ ਸਾਲਾਂ ਬਾਅਦ ਵੀ ਉਵੇਂ ਦਾ ਉਵੇਂ ਹੈ। ਇਸ ਸਮੇਂ ਇਥੇ ਲੋੜੀਂਦਾ ਸਟਾਫ, ਦਫਤਰੀ ਅਮਲਾ ਤਾਂ ਮੌਜੂਦ ਹੈ ਪਰ ਐੱਸ. ਐੱਮ. ਓ. ਸਮੇਤ ਸਿਰਫ 3 ਪੋਸਟਾਂ ਹੀ ਮਨਜ਼ੂ ਹਨ। ਇਲਾਕੇ ਦੇ ਲੋਕਾਂ ਲਈ ਇਥੇ ਐਮਰਜੈਂਸੀ ਸੁਵਿਧਾ ਮੁਕੰਮਲ ਬੰਦ ਹੈ। ਸਿਰਫ ਐੱਸ.ਐੱਮ.ਓ. ਤੇ ਇਕ ਡਾਕਟਰ 24 ਘੰਟੇ ਆਪਣੀ ਡਿਊਟੀ ਕਰ ਰਿਹਾ ਹੈ। ਪਤਾ ਲੱਗਾ ਹੈ ਕਿ ਇਸ ਕੇਂਦਰ 'ਚ ਫਾਰਮਾਸਿਸਟ ਦੀ ਪੋਸਟ ਕਾਫੀ ਸਮੇਂ ਤੋਂ ਖਾਲੀ ਹੈ ਜਦ ਕਿ ਇਸ ਦੇ ਅਧੀਨ ਬਾਕੀ ਪੀ. ਐੱਚ. ਸੀ. 'ਚ 2 ਤੋਂ 3 ਫਾਰਮਸਿਸਟ ਬਿਨਾਂ ਵਜ੍ਹਾ ਬੈਠੇ ਹਨ। ਐੱਸ. ਐੱਮ. ਓ. ਵੱਲੋਂ ਬਾਹਰੋਂ ਫਾਰਮਸਸਿਟ ਬੁਲਾ ਕੇ ਕੰਮ ਚਲਾਇਆ ਜਾ ਰਿਹਾ ਹੈ। ਜਦ ਕਿ ਇਸ ਕੇਂਦਰ 'ਚ ਰੋਜ਼ਾਨਾ ਦੀ ਓ. ਪੀ. ਡੀ. 100 ਤੋਂ 125 ਦੇ ਕਰੀਬ ਹੈ ਇਸ ਲਈ ਐੱਸ. ਐੱਮ. ਓ. ਨੂੰ ਹੀ ਦਫਤਰੀ ਕੰਮ ਤੋਂ ਇਲਾਵਾ ਮਰੀਜ਼ ਵੇਖਣੇ ਪੈਂਦੇ ਹਨ। ਜਿੱਥੇ ਹਸਪਤਾਲ 'ਚ ਦਵਾਈ ਦੀ ਘਾਟ ਹੈ, ਉਥੇ ਹੀ ਲੋੜੀਂਦੇ ਟੈਸਟ ਕਰਾਉਣ ਲਈ ਮਰੀਜ਼ਾਂ ਨੂੰ ਇਧਰ-ਉਧਰ ਭਟਕਣਾ ਪੈਂਦਾ ਹੈ।

PunjabKesari
ਇਮਾਰਤ ਦੀ ਹਾਲਤ ਹੈ ਖਸਤਾ
ਦੂਜੇ ਪਾਸੇ ਕਈ ਸਾਲ ਪਹਿਲਾਂ ਸਬੰਧਤ ਵਿਭਾਗ ਨੇ ਹਸਪਤਾਲ ਦੀ ਇਮਾਰਤ ਅਤੇ ਰਿਹਾਇਸ਼ੀ ਮਕਾਨਾਂ ਨੂੰ ਅਨਸੇਫ ਐਲਾਨਿਆ ਹੋਇਆ ਹੈ। ਇਸ ਕਰਕੇ ਹਸਪਤਾਲ 'ਚ ਰਿਹਾਇਸ਼ ਦੀ ਸੁਵਿਧਾ ਨਾ ਹੋਣ ਕਰਕੇ ਸਟਾਫ ਦੇ ਕੁਝ ਅਮਲੇ ਨੂੰ ਬਾਹਰ ਕਰਾਏ ਦੇ ਮਕਾਨਾਂ 'ਚ ਦਿਨ ਕੱਟਣੇ ਪੈ ਰਹੇ ਹਨ। ਇਮਾਰਤ ਦੇ ਦਰਵਾਜ਼ੇ, ਖਿੜਕੀਆਂ ਦਾ ਵੀ ਬੁਰਾ ਹਾਲ ਹੈ।
ਹਲਕਾ ਵਿਧਾਇਕ ਵੱਲੋਂ ਟਰੋਮਾ ਸੈਂਟਰ ਬਣਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼
ਮੌਜੂਦਾ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਵੀ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ, ਨਿੱਜੀ ਤੌਰ 'ਤੇ ਦਿਲਚਸਪੀ ਦਿਖਾਉਂਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਦੇ ਹਸਪਤਾਲ ਨੂੰ ਟਰੋਮਾ ਸੈਂਟਰ ਬਣਾਉਣ ਲਈ ਹੰਭਲਾ ਮਾਰਿਆ ਜਾ ਰਿਹਾ ਹੈ, ਪਰ ਅਜੇ ਤੱਕ ਉਨ੍ਹਾਂ ਦੀ ਮਿਹਨਤ ਨੂੰ ਬੂਰ ਨਹੀਂ ਪਿਆ।
ਕੀ ਕਹਿੰਦੇ ਹਨ ਸਿਹਤ ਮੰਤਰੀ
ਇਸ ਬਾਰੇ ਜਦੋਂ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮੰਗ ਉਨ੍ਹਾਂ ਦੇ ਧਿਆਨ ਵਿਚ ਹੈ, ਇਸ ਸਬੰਧੀ ਕਾਰਵਾਈ ਵਿਚਾਰ ਅਧੀਨ ਹੈ। ਜਲਦ ਹੀ ਇਸ ਦਾ ਲੋੜੀਂਦਾ ਹੱਲ ਕੀਤਾ ਜਾਵੇਗਾ। ਦੂਜੇ ਪਾਸੇ ਇਲਾਕੇ ਦੇ ਵਸਨੀਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੱਧੂ, ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਹ ਨਿੱਜੀ ਤੌਰ 'ਤੇ ਦਖਲਅੰਦਾਜ਼ੀ ਕਰਕੇ ਸ੍ਰੀ ਕੀਰਤਪੁਰ ਸਾਹਿਬ ਦੇ ਮੁੱਢਲੇ ਸਿਹਤ ਕੇਂਦਰ ਦਾ ਰੁਤਬਾ ਵਧਾਉਣ ਜਾਂ ਇਥੇ ਜਲਦ ਤੋਂ ਜਲਦ ਟਰੋਮਾ ਸੈਂਟਰ ਬਣਾਇਆ ਜਾਵੇ ਅਤੇ ਹਸਪਤਾਲ ਵਿਚ ਲੋੜੀਂਦੀਆਂ ਦਵਾਈਆਂ ਅਤੇ ਸਬੰਧਤ ਟੈਸਟ ਅਤੇ ਡਾਕਟਰ, ਸਟਾਫ ਦੀ ਘਾਟ ਨੂੰ ਪੂਰਾ ਕੀਤਾ ਜਾਵੇ।


shivani attri

Content Editor

Related News