ਟਰੇਨਾਂ ਬੰਦ: ਯਾਤਰੀਆਂ ਦਾ ਸਹਾਰਾ ਬਣੀ ਪੰਜਾਬ ਰੋਡਵੇਜ਼ ਨੇ ਦਿੱਲੀ ਲਈ ਸ਼ੁਰੂ ਕੀਤੀ ਵੋਲਵੋ ਬੱਸ ਸਰਵਿਸ

11/19/2020 12:00:18 PM

ਜਲੰਧਰ(ਪੁਨੀਤ): ਬੰਦ ਪਈਆਂ ਟਰੇਨਾਂ ਦੌਰਾਨ ਯਾਤਰੀਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਯਾਤਰੀਆਂ ਨੂੰ ਲਗਜ਼ਰੀ ਬੱਸਾਂ ਦੀ ਸਹੂਲਤ ਮਿਲੇਗੀ। ਇਸ ਲੜੀ 'ਚ ਯਾਤਰੀਆਂ ਦਾ ਸਹਾਰਾ ਬਣੀ ਪੰਜਾਬ ਰੋਡਵੇਜ਼ ਵੱਲੋਂ ਦਿੱਲੀ ਲਈ ਵੀਰਵਾਰ ਤੋਂ ਵੋਲਵੋ ਬੱਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਵੀਰਵਾਰ ਤੋਂ ਤਿੰਨ ਟਾਈਮ ਵੋਲਵੋ ਬੱਸਾਂ ਚੱਲਣਗੀਆਂ ਜਿਸ 'ਚ ਪਹਿਲਾ ਟਾਈਮ ਸਵੇਰੇ 10.15 ਵਜੇ ਹੋਵੇਗਾ, ਜਦਕਿ ਦੁਪਹਿਰ ਨੂੰ 1.15 ਅਤੇ ਰਾਤ ਨੂੰ 8.30 'ਤੇ ਵੋਲਵੋ ਬੱਸਾਂ ਚੱਲਣਗੀਆਂ
ਲੰਮੇ ਸਮੇਂ ਤੋਂ ਟਰੇਨਾਂ ਬੰਦ ਪਈਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਬੱਸਾਂ ਦਾ ਸਹਾਰਾ ਹੈ ਪਰ ਵੋਲਵੋ ਬੱਸਾਂ ਨਾ ਚੱਲ ਸਕਣ ਕਾਰਨ ਯਾਤਰੀਆਂ ਨੂੰ ਲਗਜ਼ਰੀ ਸਹੂਲਤ ਨਹੀਂ ਮਿਲ ਰਹੀ ਸੀ ਅਤੇ ਉਨ੍ਹਾਂ ਨੂੰ ਪ੍ਰਾਈਵੇਟ ਕੰਪਨੀ ਦੀ ਬੱਸ ਸਰਵਿਸ 'ਚ ਸਫਰ ਕਰਨਾ ਪੈ ਰਿਹਾ ਸੀ। ਯਾਤਰੀਆਂ ਦੀ ਡਿਮਾਂਡ ਨੂੰ ਦੇਖਦੇ ਹੋਏ ਰੋਡਵੇਜ਼ ਵੱਲੋਂ ਵੋਲਵੋ ਬੱਸਾਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

PunjabKesari
ਆਮ ਬੱਸ 'ਚ ਯਾਤਰੀਆਂ ਨੂੰ ਦਿੱਲੀ ਲਈ 460 ਰੁਪਏ ਕਿਰਾਇਆ ਦੇਣਾ ਪੈਂਦਾ ਹੈ, ਜਦਕਿ ਵੋਲਵੋ 'ਚ ਕਿਰਾਇਆ 1050 ਰੁਪਏ ਚਾਰਜ ਕੀਤਾ ਜਾਂਦਾ ਹੈ, ਉਥੇ ਹੀ ਅੰਬਾਲਾ ਲਈ 500 ਰੁਪਏ, ਜਦਕਿ ਅੰਬਾਲਾ ਕੈਂਟ ਤੋਂ ਦਿੱਲੀ ਲਈ 550 ਰੁਪਏ ਦੇ ਕਰੀਬ ਚਾਰਜ ਲਿਆ ਜਾਂਦਾ ਹੈ। ਵਾਪਸੀ ਦਾ ਕਿਰਾਇਆ ਵੀ ਇਹੀ ਰਹੇਗਾ। ਜੋ ਵੋਲਵੋ ਬੱਸ ਦਿੱਲੀ ਲਈ ਰਵਾਨਾ ਹੋਵੇਗੀ, ਉਹ ਉਸੇ ਦਿਨ ਵਾਪਸੀ ਵੀ ਕਰੇਗੀ।
ਉਧਰ ਆਪਣੇ ਘਰਾਂ ਨੂੰ ਜਾਣ ਵਾਲੇ ਲੋਕਾਂ ਦੀ ਭੀੜ ਅੱਜ ਵੀ ਬੱਸ ਅੱਡੇ 'ਤੇ ਦੇਖਣ ਨੂੰ ਮਿਲੀ। ਇਸ ਕਾਰਨ ਪੰਜਾਬ ਰੋਡਵੇਜ਼ ਸਮੇਤ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਪੰਜਾਬ ਤੋਂ ਹੁੰਦੇ ਹੋਏ ਦਿੱਲੀ, ਯੂ. ਪੀ., ਉੱਤਰਾਖੰਡ ਲਈ ਰਵਾਨਾ ਹੋਈਆਂ। ਯਾਤਰੀਆਂ ਦੀ ਮੰਗ ਨੂੰ ਦੇਖਦੇ ਹੋਏ ਉੱਤਰਾਖੰਡ ਰੋਡਵੇਜ਼ ਵੱਲੋਂ ਵੀ ਬੱਸਾਂ ਵਧਾਈਆਂ ਗਈਆਂ ਹਨ। ਦੇਖਣ 'ਚ ਆ ਰਿਹਾ ਹੈ ਕਿ ਦਿੱਲੀ, ਯੂ. ਪੀ. ਤੋਂ ਇਲਾਵਾ ਹਰਿਦੁਆਰ, ਰਿਸ਼ੀਕੇਸ਼ ਆਦਿ ਲਈ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ। ਪੰਜਾਬ ਰੋਡਵੇਜ਼ ਵੱਲੋਂ ਜੈਪੁਰ ਲਈ ਚਲਾਈ ਜਾ ਰਹੀ ਬੱਸ ਸਰਵਿਸ ਨੂੰ ਵੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਛੱਠ ਪੂਜਾ ਲਈ ਲੋਕਾਂ ਦੀ ਭੀੜ ਘੱਟ ਹੋਵੇਗੀ, ਜਿਸ ਕਾਰਨ ਦੂਸਰੇ ਰੂਟਾਂ 'ਤੇ ਬੱਸ ਸਰਵਿਸ ਨੂੰ ਵਧਾਇਆ ਜਾਵੇਗਾ। ਹਿਮਾਚਲ ਲਈ ਜਾਣ ਵਾਲੇ ਯਾਤਰੀਆਂ ਦੀ ਗਿਣਤੀ 'ਚ ਵਾਧਾ ਹੋਣ ਕਾਰਨ ਰੋਡਵੇਜ਼ ਅਧਿਕਾਰੀਆਂ ਵੱਲੋਂ ਸ਼ਿਮਲਾ, ਧਰਮਸ਼ਾਲਾ ਰੂਟਾਂ 'ਤੇ ਵੀ ਫੋਕਸ ਕੀਤਾ ਜਾ ਰਿਹਾ ਹੈ।


Aarti dhillon

Content Editor

Related News