ਕਰਤਾਰਪੁਰ: ਸਰਯੂ-ਯਮੁਨਾ ਐਕਸਪ੍ਰੈੱਸ ਦੇ ਸੜੇ ਡੱਬਿਆਂ ਦੀ ਫੋਰੈਂਸਿਕ ਟੀਮ ਨੇ ਕੀਤੀ ਜਾਂਚ

12/22/2019 1:30:51 PM

ਕਰਤਾਰਪੁਰ (ਸਾਹਨੀ)— ਬੀਤੀ 18 ਦਸੰਬਰ ਦੇਰ ਰਾਤ ਕਰਤਾਰਪੁਰ ਰੇਲਵੇ ਸਟੇਸ਼ਨ 'ਤੇ ਸਰਯੂ-ਯਮੁਨਾ ਐਕਸਪ੍ਰੈੱਸ ਦੀਆਂ ਤਿੰਨ ਬੋਗੀਆਂ ਨੂੰ ਅੱਗ ਲੱਗਣ ਤੋਂ ਬਾਅਦ ਰੇਲਵੇ ਅਤੇ ਪੁਲਸ ਪ੍ਰਸ਼ਾਸਨ ਲਗਾਤਾਰ ਜਾਂਚ 'ਚ ਲੱਗਿਆ ਹੈ। ਹਾਦਸੇ ਤੋਂ ਬਾਅਦ ਜਲੰਧਰ ਦੇ ਐੱਫ. ਸੀ. ਐੱਲ. ਦੀ ਟੀਮ ਨੇ ਸੜੀਆਂ ਬੋਗੀਆਂ 'ਚੋਂ ਸੈਂਪਲ ਲਏ ਸਨ ਅਤੇ ਬੀਤੇ ਦਿਨ ਚੰਡੀਗੜ੍ਹ ਦੀ (ਪੰਜਾਬ ਪੱਧਰੀ) ਫੌਰੈਂਸਿਕ ਸੈਟੈਫਿਕ ਲੈਬ ਦੇ ਅਧਿਕਾਰੀਆਂ ਜਿਨ੍ਹਾਂ 'ਚ ਡਾ. ਸੰਜੀਵ ਕੁਮਾਰ, ਅੰਜਨ ਗੋਸਵਾਮੀ ਅਤੇ ਗੁਰਪ੍ਰੀਤ ਸਿੰਘ ਦੀ ਟੀਮ ਜਾਂਚ ਲਈ ਬੀਤੇ ਦਿਨ ਸਵੇਰੇ ਕਰਤਾਰਪੁਰ ਪੁੱਜੀ। ਉਨ੍ਹਾਂ ਨਾਲ ਸਬ ਡਿਵੀਜ਼ਨ ਕਰਤਾਰਪੁਰ ਦੇ ਡੀ. ਐੱਸ. ਪੀ. ਸੁਰਿੰਦਰ ਪਾਲ ਧੋਗੜੀ, ਥਾਣਾ ਮੁਖੀ ਪੁਸ਼ਪ ਬਾਲੀ, ਆਰ. ਪੀ. ਐੱਫ. ਦੇ ਸਹਾਇਕ ਕਮਾਂਡੈਟ ਅਸ਼ੀਸ਼ ਕੁਮਾਰ ਅਤੇ ਹੋਰ ਅਧਿਕਾਰੀ ਵੀ ਸ਼ਾਮਲ ਹੋਏ।

PunjabKesari

ਗੱਲਬਾਤ ਕਰਦੇ ਅੰਜਨ ਗੋਸਵਾਮੀ ਨੇ ਦੱਸਿਆ ਕਿ ਇਸ ਹਾਦਸੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ, ਜਿਸ 'ਚ ਇਸ ਹਾਦਸੇ ਪਿੱਛੇ ਕਿਸੇ ਅੱਤਵਾਦੀ ਸੰਗਠਨ ਦਾ ਹਾਥ ਹੋਣਾ ਜਾਂ ਇਸ ਹਾਦਸੇ 'ਚ ਸ਼ਾਰਟ ਸਰਕਟ ਵਰਗੇ ਕਾਰਣਾਂ ਸਬੰਧੀ ਜਾਂਚ ਕੀਤੀ ਜਾਵੇਗੀ। ਇਸ ਲਈ ਬੋਗੀਆਂ 'ਚੋਂ ਸੈਂਪਲ ਵੀ ਲਏ ਗਏ, ਜਿਸ 'ਚ ਕਿਸੇ ਘਾਤਕ ਜਲਣਸ਼ੀਲ ਪਦਾਰਥ ਜਾਂ ਵਿਸਫੋਟਕ ਪਦਾਰਥ ਦੇ ਹੋਣ ਦਾ ਪਤਾ ਲਾਇਆ ਜਾਵੇਗਾ। ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਸ਼ਾਰਟ ਸਰਕਟ ਦੀ ਜਾਂਚ ਵੀ ਰੇਲਵੇ ਵਿਭਾਗ ਵੱਲੋਂ ਕੀਤੀ ਜਾ ਸਕਦੀ ਹੈ। ਇਸ ਮੌਕੇ ਸਹਾਇਕ ਕਮਾਂਡੈਂਟ ਆਰ. ਪੀ. ਐੱਫ. ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਜ਼ੋਨ ਪੱਧਰੀ ਗਠਤ ਕੀਤੀ ਕਮੇਟੀ ਦੇ ਮੈਂਬਰ ਵੀ ਸੋਮਵਾਰ ਨੂੰ ਜਾਂਚ ਲਈ ਆ ਰਹੇ ਹਨ। ਜਾਂਚ ਟੀਮ ਦਾ ਉਦੇਸ਼ ਇਸ ਹਾਦਸੇ 'ਚ ਕਿਸੇ ਤਰ੍ਹਾਂ ਦੀ ਅਪਰਾਧਿਕ ਸਾਜ਼ਿਸ਼ ਦੀ ਵੀ ਜਾਂਚ ਕਰਨਾ ਹੈ। ਇਸ ਜਾਂਚ 'ਚ ਐੱਫ. ਐੱਸ. ਐਲ. ਜਲੰਧਰ ਦੇ ਇੰਸਪੈਕਟਰ ਜਸਵਿੰਦਰ ਕੌਰ, ਏ. ਐੱਸ. ਆਈ. ਦਲਜੀਤ ਸਿੰਘ ਵੀ ਸ਼ਾਮਲ ਹੋਏ।


shivani attri

Content Editor

Related News