ਟਰੈਫਿਕ ਪੁਲਸ ਨੇ ਫਲਾਈਓਵਰ ਉਤਰਨ ਤੋਂ 200 ਮੀਟਰ ਦੂਰ ਹਾਈਵੇਅ ''ਤੇ ਜਾਣ ਲਈ ਕੱਟ ਦਿੱਤਾ

01/23/2020 2:05:40 PM

ਜਲੰਧਰ (ਵਰੁਣ)— ਭੂਰ ਮੰਡੀ ਦੇ ਬਾਹਰ ਸਰਵਿਸ ਲੇਨ 'ਤੇ ਹਰ ਰੋਜ਼ ਲੱਗ ਰਹੇ ਲੰਮੇ ਜਾਮ ਤੋਂ ਰਾਹਤ ਦਿਵਾਉਣ ਲਈ ਟਰੈਫਿਕ ਪੁਲਸ ਨੇ ਆਪਣੇ ਲੈਵਲ 'ਤੇ ਸਰਵਿਸ ਲੇਨ ਤੋਂ ਹਾਈਵੇਅ 'ਤੇ ਜਾਣ ਲਈ ਕੱਟ ਦਿੱਤਾ ਹੈ। ਰਾਮਾ ਮੰਡੀ ਫਲਾਈਓਵਰ ਵੱਲ ਉਤਰਨ ਵਾਲੇ ਪੀ. ਏ. ਪੀ. ਫਲਾਈਓਵਰ ਦੀ 200 ਮੀਟਰ ਦੂਰੀ 'ਤੇ ਦਿੱਤੇ ਗਏ ਇਸ ਕੱਟ ਦਾ ਵਿਰੋਧ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਕਰ ਰਹੀ ਸੀ। ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਟਰੈਫਿਕ ਪੁਲਸ ਦੇ ਅਧਿਕਾਰੀ ਸਰਵਿਸ ਲੇਨ 'ਤੇ ਲੱਗ ਰਹੇ ਜਾਮ ਤੋਂ ਰਾਹਤ ਪਾਉਣ ਲਈ ਯੋਜਨਾਵਾਂ ਤਿਆਰ ਕਰ ਰਹੇ ਸਨ। ਪਹਿਲਾਂ ਤੈਅ ਹੋਇਆ ਕਿ ਭੂਰ ਮੰਡੀ ਡਰੇਨ ਨਾਲ ਵਾਲੀ ਜਗ੍ਹਾ 'ਤੇ ਮਿੱਟੀ ਪਾ ਕੇ ਸਰਵਿਸ ਲੇਨ ਨੂੰ 3 ਤੋਂ 4 ਫੁੱਟ ਚੌੜਾ ਕੀਤਾ ਜਾਵੇਗਾ। ਹਾਲਾਂਕਿ ਕੁਝ ਹਿੱਸੇ 'ਤੇ ਮਿੱਟੀ ਭਰ ਵੀ ਗਈ ਪਰ ਜਾਮ ਲੱਗਣਾ ਨਹੀਂ ਹਟਿਆ ਕਿਉਂਕਿ ਉਕਤ ਜਗ੍ਹਾ ਨੂੰ ਪੱਧਰਾ ਨਹੀਂ ਕੀਤਾ ਗਿਆ ਸੀ। ਮੰਗਲਵਾਰ ਨੂੰ ਵੀ ਟਰੈਫਿਕ ਪੁਲਸ ਦੇ ਅਧਿਕਾਰੀਆਂ 'ਚ ਮੀਟਿੰਗ ਹੋਈ, ਜਿਸ ਤੋਂ ਬਾਅਦ ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ, ਏ. ਸੀ. ਪੀ. ਹਰਬਿੰਦਰ ਭੱਲਾ ਅਤੇ ਇੰਸਪੈਕਟਰ ਰਮੇਸ਼ ਲਾਲ ਆਪਣੀ ਟੀਮ ਨਾਲ ਭੂਰ ਮੰਡੀ ਕੋਲ ਪਹੁੰਚੇ ਅਤੇ ਪੀ. ਏ. ਪੀ. ਚੌਕ ਉਤਰਨ ਦੀ 200 ਮੀਟਰ ਦੀ ਦੂਰੀ 'ਤੇ ਕੱਟ ਦੇਣ ਨੂੰ ਸੋਚਿਆ। ਹਾਲਾਂਕਿ ਉਸ ਪੁਆਇੰਟ 'ਤੇ ਡਰੇਨ ਸੀ, ਜਿਸ ਕਾਰਣ ਕੱਟ ਦੇਣਾ ਨਾਮੁਮਕਿਨ ਸੀ ਪਰ ਟਰੈਫਿਕ ਪੁਲਸ ਨੇ ਮਿੱਟੀ ਦੀ ਇਕ ਟਰਾਲੀ ਮੰਗਵਾ ਕੇ ਉਸ ਪੁਆਇੰਟ ਤੋਂ ਡਰੇਨ ਨੂੰ ਮਿੱਟੀ ਨਾਲ ਭਰ ਦਿੱਤਾ ਅਤੇ ਕੱਟ ਨੂੰ ਪੱਧਰਾ ਵੀ ਕਰਵਾ ਦਿੱਤਾ। ਕੱਟ ਦੇਣ ਤੋਂ ਬਾਅਦ ਹਾਈਵੇਅ 'ਤੇ ਖਾਲੀ ਪਈ ਜਗ੍ਹਾ 'ਤੇ ਬੈਰੀਕੇਡ ਅਤੇ ਕੋਨ ਲਾ ਕੇ ਕੁਝ ਹਿੱਸਾ ਕਵਰ ਕਰ ਦਿੱਤਾ ਗਿਆ ਤਾਂ ਜੋ ਹਾਈਵੇਅ ਤੋਂ ਉਤਰਨ ਵਾਲਾ ਟਰੈਫਿਕ ਉਸ ਸਾਈਡ ਨਾ ਆਏ ਅਤੇ ਸਰਵਿਸ ਲੇਨ 'ਤੇ ਚੱਲਣ ਵਾਲਾ ਟਰੈਫਿਕ ਹਾਈਵੇ 'ਤੇ ਆਸਾਨੀ ਨਾਲ ਆ ਜਾਵੇ। 

ਕੱਟ ਦੇਣ ਦੇ ਕਰੀਬ ਤਿੰਨ ਘੰਟੇ ਤੱਕ ਏ. ਡੀ. ਸੀ. ਪੀ., ਏ. ਸੀ. ਪੀ. ਅਤੇ ਟਰੈਫਿਕ ਪੁਲਸ ਦੀ ਟੀਮ ਟਰੈਫਿਕ ਨੂੰ ਰਾਹ ਦੇਣ 'ਚ ਜੁਟੀ ਰਹੀ। ਹਾਲਾਂਕਿ ਟਰੈਫਿਕ ਪੁਲਸ ਨੂੰ ਸ਼ੱਕ ਸੀ ਕਿ ਹਾਈਵੇਅ ਤੋਂ ਉਤਰਨ ਵਾਲਾ ਟਰੈਫਿਕ ਅਤੇ ਸਰਵਿਸ ਲੇਨ ਤੋਂ ਜਾਣ ਵਾਲਾ ਟਰੈਫਿਕ ਆਪਸ 'ਚ ਨਾ ਟਕਰਾਏ ਪਰ ਤਿੰਨ ਘੰਟਿਆਂ ਤੱਕ ਲਏ ਜਾਇਜ਼ੇ 'ਚ ਅਜਿਹਾ ਕੁਝ ਨਹੀਂ ਹੋਇਆ। ਇਸ ਕੱਟ ਦਾ ਇਸਤੇਮਾਲ ਹੋਣ ਨਾਲ ਸਰਵਿਸ ਲੇਨ 'ਤੇ ਜਾਮ ਲੱਗਣਾ ਘੱਟ ਹੋ ਗਿਆ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਇਸ ਕੱਟ ਨੂੰ ਦਿੱਤਾ ਗਿਆ। ਜਿਸ ਸਮੇਂ ਇਸ ਸਰਵਿਸ ਲੇਨ 'ਤੇ ਟਰੈਫਿਕ ਦਾ ਜ਼ਿਆਦਾ ਲੋਡ ਹੁੰਦਾ ਹੈ ਉਦੋਂ ਉਥੇ ਟਰੈਫਿਕ ਕਰਮਚਾਰੀ ਵੀ ਤਾਇਨਾਤ ਹੋਣਗੇ। ਉਧਰ ਐੱਨ. ਐੱਚ. ਏ. ਆਈ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੱਟ ਦੇਣ ਦਾ ਵਿਰੋਧ ਕੀਤਾ ਸੀ। ਹਾਈਵੇਅ 'ਤੇ ਕੋਈ ਵੀ ਕੱਟ ਦੇਣਾ ਐੱਨ. ਐੱਚ. ਏ. ਆਈ. ਦੇ ਰੂਲਸ 'ਚ ਨਹੀਂ ਹੈ ਕਿਉਂਕਿ ਇਸ ਨਾਲ ਐਕਸੀਡੈਂਟ ਦਾ ਡਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਸ ਨੇ ਇਹ ਆਪਣੇ ਲੈਵਲ 'ਤੇ ਕੀਤਾ ਹੈ।

PunjabKesari

ਪਹਿਲਾਂ ਪੀ. ਏ. ਪੀ. ਗੇਟ ਨੰ. 2 ਤੋਂ ਕੱਟ ਦੇਣ ਦੀ ਕੀਤੀ ਸੀ ਯੋਜਨਾ
ਟਰੈਫਿਕ ਪੁਲਸ ਨੇ ਪਹਿਲਾਂ ਪੀ. ਏ. ਪੀ. ਦੇ ਗੇਟ ਨੰ. 2 ਤੋਂ ਕੱਟ ਦੇਣ ਦੀ ਯੋਜਨਾ ਤਿਆਰ ਕੀਤੀ ਸੀ ਪਰ ਗੱਲ ਨਹੀਂ ਬਣੀ। ਗੇਟ ਨੰ. 2 ਤੱਕ ਜਾਣ ਲਈ ਸਰਵਿਸ ਲੇਨ ਦਾ ਹੀ ਇਸਤੇਮਾਲ ਹੋਣਾ ਸੀ, ਜਿਸ ਨਾਲ ਜਾਮ ਦੀ ਸਥਿਤੀ ਵੀ ਉਂਝ ਹੀ ਰਹਿਣੀ ਸੀ ਹਾਲਾਂਕਿ ਏ. ਸੀ. ਪੀ. ਟਰੈਫਿਕ ਹਰਬਿੰਦਰ ਭੱਲਾ ਨੇ ਫਲਾਈਓਵਰ ਕੋਲ ਕੱਟ ਦੇਣ ਦਾ ਵਿਰੋਧ ਕੀਤਾ ਸੀ। ਜਿਸ ਦਾ ਦਾਅਵਾ ਸੀ ਕਿ ਫਲਾਈਓਵਰ ਤੋਂ ਕਾਫੀ ਤੇਜ਼ ਰਫਤਾਰ ਨਾਲ ਵਾਹਨ ਉਤਰਦੇ ਹਨ, ਜਿਸ ਕਾਰਣ ਸਰਵਿਸ ਲੇਨ ਵਾਲੇ ਟਰੈਫਿਕ ਨਾਲ ਟਕਰਾਉਣ ਦੀ ਸੰਭਾਵਨਾ ਹੈ। ਮੀਟਿੰਗ 'ਚ ਤੈਅ ਹੋਇਆ ਕਿ ਫਲਾਈਓਵਰ ਦੀ 200 ਮੀਟਰ ਦੂਰੀ 'ਤੇ ਕੱਟ ਦਿੱਤਾ ਜਾ ਸਕਦਾ ਹੈ, ਜਿਸ ਕਾਰਣ ਬੈਰੀਕੇਡ ਅਤੇ ਕੋਨ ਲਾ ਕੇ ਕੱਟ ਦੇ ਦਿੱਤੇ ਗਏ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਕੱਟ ਤੋਂ ਠੀਕ ਢੰਗ ਨਾਲ ਟਰੈਫਿਕ ਨਿਕਲਦਾ ਰਿਹਾ ਤਾਂ ਆਉਣ ਵਾਲੇ ਦਿਨਾਂ 'ਚ ਕੱਟ ਨੂੰ ਪੱਕਾ ਵੀ ਕਰਵਾ ਦਿੱਤਾ ਜਾਵੇਗਾ। ਹਾਲਾਂਕਿ ਮੀਂਹ ਆਉਣ 'ਤੇ ਕੱਟ ਚਿੱਕੜ ਦਾ ਰੂਪ ਧਾਰ ਲਵੇਗਾ ਕਿਉਂਕਿ ਉਥੇ ਮਿੱਟੀ ਭਰੀ ਹੋਈ ਹੈ ਜਿਸ ਕਾਰਣ ਕੱਟ ਬੰਦ ਵੀ ਹੋ ਸਕਦਾ ਹੈ।

ਫਗਵਾੜਾ ਵੱਲ ਜਾਣ ਵਾਲੇ ਵਾਹਨ ਹੀ ਕਰਨ ਇਸ ਕੱਟ ਦਾ ਇਸਤੇਮਾਲ
ਏ. ਡੀ. ਸੀ. ਪੀ. ਟਰੈਫਿਕ ਨੇ ਅਪੀਲ ਕਰਦੇ ਕਿਹਾ ਕਿ ਜਿਹੜੇ ਵਾਹਨ ਚਾਲਕਾਂ ਨੇ ਫਗਵਾੜਾ ਵੱਲ ਜਾਣਾ ਹੈ ਉਹ ਲੋਕ ਹੀ ਇਸ ਕੱਟ ਦਾ ਇਸਤੇਮਾਲ ਕਰ ਕੇ ਹਾਈਵੇਅ 'ਤੇ ਆਉਣ। ਉਨ੍ਹਾਂ ਕਿਹਾ ਕਿ ਰਾਮਾ ਮੰਡੀ ਚੌਕ, ਹੁਸ਼ਿਆਰਪੁਰ ਵੱਲ, ਕੈਂਟ ਸਟੇਸ਼ਨ, ਕੈਂਟ ਅਤੇ ਦਕੋਹਾ ਜਾਣ ਵਾਲੇ ਲੋਕ ਹੀ ਸਰਵਿਸ ਲੇਨ ਦਾ ਇਸਤੇਮਾਲ ਕਰਨ ਤਾਂ ਜੋ ਸਰਵਿਸ ਲੇਨ 'ਤੇ ਟਰੈਫਿਕ ਦਾ ਲੋਡ ਨਾ ਵਧੇ। ਹਾਲਾਂਕਿ ਆਉਣ ਵਾਲੇ ਦਿਨਾਂ 'ਚ ਫਗਵਾੜਾ ਵੱਲ ਜਾਣ ਵਾਲੀਆਂ ਬੱਸਾਂ ਨੂੰ ਵੀ ਪੁਲਸ ਰਾਮਾ ਮੰਡੀ ਚੌਕ ਨਹੀਂ ਜਾਣ ਦੇਵੇਗੀ।


shivani attri

Content Editor

Related News