ਗੁਰਸ਼ਬਦ ਦਾ ਪ੍ਰਚਾਰ ਕਰਨ ਵਾਲੇ ਗ੍ਰੰਥੀ ਸਿੰਘਾਂ ਨੇ ਮਦਦ ਦੀ ਲਾਈ ਗੁਹਾਰ

Saturday, Jun 20, 2020 - 03:33 PM (IST)

ਗੁਰਸ਼ਬਦ ਦਾ ਪ੍ਰਚਾਰ ਕਰਨ ਵਾਲੇ ਗ੍ਰੰਥੀ ਸਿੰਘਾਂ ਨੇ ਮਦਦ ਦੀ ਲਾਈ ਗੁਹਾਰ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)— ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ 'ਚ ਆਪਣਾ ਯੋਗਦਾਨ ਪਾਉਣ ਵਾਲੇ ਗ੍ਰੰਥੀ ਸਿੰਘਾਂ ਦੀ ਇਕ ਅਹਿਮ ਇਕੱਤਰਤਾ ਪਿੰਡ ਮਸੀਤਪਲ ਕੋਟ ਵਿਖੇ ਹੋਈ। ਭਾਈ ਅਵਤਾਰ ਸਿੰਘ ਮਸੀਤੀ ਦੀ ਅਗਵਾਈ 'ਚ ਹੋਈ ਇਸ ਇਕੱਤਰਤਾ ਦੌਰਾਨ ਗ੍ਰੰਥੀ ਸਿੰਘਾਂ, ਕੀਰਤਨੀ ਜਥਿਆਂ, ਕਥਾ ਵਾਚਕਾਂ ਅਤੇ ਪ੍ਰਚਾਰਕਾਂ ਨੇ ਹਿੱਸਾ ਲਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਗੁਰੂ ਚਰਨਾਂ 'ਚ ਕੀਤੀ।

ਇਸ ਮੌਕੇ ਸੰਬੋਧਨ ਕਰਦੇ ਹੋਏ ਵੱਖ-ਵੱਖ ਗ੍ਰੰਥੀ ਸਿੰਘਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਹੋਏ ਲਾਕਡਾਊਨ ਅਤੇ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਇਲਾਕੇ ਅਤੇ ਆਸ-ਪਾਸ ਕੋਈ ਵੀ ਧਾਰਮਿਕ ਪ੍ਰੋਗਰਾਮ ਜਾਂ ਸਮਾਗਮ ਨਾ ਹੋਣ ਕਾਰਨ ਉਹ ਕਰੀਬ ਤਿੰਨ ਮਹੀਨਿਆਂ ਤੋਂ ਬੇਰੁਜ਼ਗਾਰ ਹੋ ਕੇ ਘਰੋਂ-ਘਰੀਂ ਬੈਠੇ ਹਨ ਉਨ੍ਹਾਂ ਇਸ ਮੌਕੇ ਹੋਰ ਦੱਸਿਆ ਕਿ ਲਾਕ ਡਾਉਨ ਦੌਰਾਨ ਕੇਂਦਰ ਅਤੇ ਸੂਬਾ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਸਿੱਖ ਜਥੇਬੰਦੀਆਂ ਤੇ ਹੋਰਨਾਂ ਸੰਸਥਾਵਾਂ ਵੱਲੋਂ ਲੋੜਵੰਦ ਲੋਕਾਂ ਦੀ ਮਦਦ ਵੱਡੇ ਪੱਧਰ ਤੇ ਕੀਤੀ ਗੀ ਜਦਕਿ ਗੁਰਸ਼ਬਦ ਦਾ ਪ੍ਰਚਾਰ ਕਰਨ ਵਾਲੇ ਕਿਸੇ ਵੀ ਰਾਗੀ, ਢਾਡੀ, ਪ੍ਰਚਾਰਕ ਅਤੇ ਗ੍ਰੰਥੀ ਸਿੰਘ ਦੀ ਕਿਸੇ ਵੀ ਸੰਸਥਾ ਵੱਲੋਂ ਵਿਸ਼ੇਸ਼ ਤੌਰ ਮਦਦ ਨਹੀਂ ਕੀਤੀ ਗਈ, ਜਿਸ ਕਾਰਨ ਗ੍ਰੰਥੀ ਸਿੰਘਾਂ ਨੂੰ ਆਰਥਿਕ ਸਮੱਸਿਆ ਦਾ ਸਾਹਮਣਾ ਕਰਨ ਦੇ ਨਾਲ-ਨਾਲ ਹੋਰ ਕਈ ਮੁਸ਼ਕਿਲਾਂ 'ਚੋਂ ਲੰਘਣਾ ਪੈ ਰਿਹਾ ਹੈ।

ਇਸ ਮੌਕੇ ਇਕੱਤਰ ਹੋਏ ਗ੍ਰੰਥੀ ਸਿੰਘਾਂ ਨੇ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸੰਸਥਾਵਾਂ ਨੂੰ ਗ੍ਰੰਥੀ ਸਿੰਘਾਂ ਦੀ ਸਾਰ ਲਏ ਜਾਣ ਦੀ ਮੰਗ ਕੀਤੀ ਹੈ। ਇਸ ਮੌਕੇ ਇਕੱਤਰ ਹੋਏ ਗ੍ਰੰਥੀ ਸਿੰਘਾਂ ਨੇ ਆਉਣ ਵਾਲੇ ਸਮਾਂ 'ਚ ਗ੍ਰੰਥੀ ਸਭਾ ਬਣਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਭਾਈ ਅਵਤਾਰ ਸਿੰਘ ਮਸੀਤੀ, ਗਿਆਨੀ ਅਮਰਜੀਤ ਸਿੰਘ ਮੂਨਕਾਂ,ਭਾਈ ਬਿਜੈ ਸਿੰਘ,ਕਿਰਪਾਲ ਸਿੰਘ ਜਾਜਾ, ਭਾਈ ਨਰਿੰਦਰ ਸਿੰਘ ਝਾਵਾਂ ਆਦਿ ਮੌਜੂਦ ਸਨ।


author

shivani attri

Content Editor

Related News