ਥਰਡ ਪਾਰਟੀ ਏਜੰਸੀ ਨੇ ਸਮਾਰਟ ਸਿਟੀ ਦੇ ਕੰਮਾਂ ਦੀ ਜਾਂਚ ਕਰਕੇ ਗੜਬੜੀਆਂ ਫੜੀਆਂ, ਅਫ਼ਸਰਾਂ ਦੀ ਆਵੇਗੀ ਸ਼ਾਮਤ

03/25/2023 1:15:41 PM

ਜਲੰਧਰ (ਖੁਰਾਣਾ)–ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਜਿੱਥੇ ਇਨ੍ਹੀਂ ਦਿਨੀਂ ਵਿਜੀਲੈਂਸ ਬਿਊਰੋ ਵੱਲੋਂ ਸਮਾਰਟ ਸਿਟੀ ਜਲੰਧਰ ਦੇ ਲਗਭਗ 60 ਪ੍ਰਾਜੈਕਟਾਂ ਦੀ ਜਾਂਚ ਕੀਤੀ ਜਾ ਰਹੀ ਹੈ, ਉਥੇ ਹੀ ਪੰਜਾਬ ਸਰਕਾਰ ਵੱਲੋਂ ਨਿਯੁਕਤ ਥਰਡ ਪਾਰਟੀ ਏਜੰਸੀ ਨੇ ਜਲੰਧਰ ਸਮਾਰਟ ਸਿਟੀ ਦੇ ਕਈ ਕੰਮਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਕਈ ਗੜਬੜੀਆਂ ਫੜੀਆਂ ਜਾ ਰਹੀਆਂ ਹਨ। ਪਤਾ ਲੱਗਾ ਹੈ ਕਿ ਥਰਡ ਪਾਰਟੀ ਏਜੰਸੀ ਸ਼੍ਰੀਖੰਡੇ ਦੇ ਕੁਝ ਪ੍ਰਤੀਨਿਧੀ ਪਿਛਲੇ 2-3 ਦਿਨ ਜਲੰਧਰ ਵਿਚ ਰਹੇ, ਜਿਸ ਦੌਰਾਨ ਉਨ੍ਹਾਂ ਸਮਾਰਟ ਸਿਟੀ ਦੇ ਕਈ ਪ੍ਰਾਜੈਕਟਾਂ ਦੀ ਸਾਈਟ ਵਿਜ਼ਿਟ ਕੀਤੀ ਅਤੇ ਕਮੀਆਂ ਦਾ ਪਤਾ ਲਾਇਆ। ਇਹ ਟੀਮ ਗਰੀਨ ਬੈਲਟਾਂ ਅਤੇ ਪਾਰਕਾਂ ਨਾਲ ਸਬੰਧਤ ਕੰਮਾਂ ਦੀ ਜਾਂਚ ਲਈ ਪਹੁੰਚੀ ਅਤੇ ਉਥੇ ਹੋਏ ਕੰਮਾਂ ਦੀ ਕੁਆਲਿਟੀ ਆਦਿ ’ਤੇ ਨਾਰਾਜ਼ਗੀ ਪ੍ਰਗਟ ਕੀਤੀ। ਇਸ ਤੋਂ ਇਲਾਵਾ ਥਰਡ ਪਾਰਟੀ ਏਜੰਸੀ ਦੇ ਪ੍ਰਤੀਨਿਧੀਆਂ ਨੇ ਮਿੱਠਾਪੁਰ ਦੇ ਹਾਕੀ ਸਟੇਡੀਅਮ ਵਿਚ ਜਾ ਕੇ ਵੀ ਉਥੇ ਕਈ ਮੁੱਦਿਆਂ ’ਤੇ ਜਾਂਚ ਸ਼ੁਰੂ ਕੀਤੀ ਅਤੇ ਕਮੀਆਂ ਦਾ ਪਤਾ ਲਾਇਆ। ਜ਼ਿਕਰਯੋਗ ਹੈ ਕਿ ਮਿੱਠਾਪੁਰ ਸਟੇਡੀਅਮ ਪ੍ਰਾਜੈਕਟ ਲੰਮੇ ਸਮੇਂ ਤੋਂ ਲਟਕ ਰਿਹਾ ਹੈ ਅਤੇ ਪਾਰਕਾਂ ਨਾਲ ਸਬੰਧਤ ਕੰਮਾਂ ਵਿਚ ਵੀ ਕਈ ਸ਼ਿਕਾਇਤਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਸਮਰਥਕਾਂ ਬਾਰੇ ਖੁੱਲ੍ਹੀ ਪੋਲ, ਬ੍ਰੇਨ ਵਾਸ਼ ਕਰਕੇ ਇੰਝ ਫੋਰਸ ਨਾਲ ਜੋੜਨ ਦਾ ਕਰ ਰਹੇ ਸਨ ਕੰਮ

ਇਸ ਤੋਂ ਇਲਾਵਾ ਇਸ ਜਾਂਚ ਏਜੰਸੀ ਨੇ ਬਰਲਟਨ ਪਾਰਕ ਪ੍ਰਾਜੈਕਟ ਨੂੰ ਵੀ ਰੀਵਿਊ ਕੀਤਾ, ਜਿਸ ਦਾ ਕੰਮ ਸ਼ੁਰੂ ਹੋਣਾ ਅਜੇ ਬਾਕੀ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਠੇਕੇਦਾਰ ਦੇ ਜਿਸ ਡਿਜ਼ਾਈਨ ਨੂੰ ਸਰਕਾਰ ਨੇ ਨਾਮਨਜ਼ੂਰ ਕੀਤਾ ਹੋਇਆ ਹੈ, ਉਸ ਲਈ ਲਗਭਗ 77 ਲੱਖ ਰੁਪਏ ਦੀ ਪੇਮੈਂਟ ਵੀ ਪਿਛਲੇ ਸਮੇਂ ਦੌਰਾਨ ਕੀਤੀ ਜਾ ਚੁੱਕੀ ਹੈ। ਇਸ ’ਤੇ ਏਜੰਸੀ ਨੇ ਇਤਰਾਜ਼ ਪ੍ਰਗਟਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਥਰਡ ਪਾਰਟੀ ਏਜੰਸੀ ਦੀ ਰਿਪੋਰਟ ਦੇ ਆਧਾਰ ’ਤੇ ਸਮਾਰਟ ਸਿਟੀ ਦੇ ਕੁਝ ਅਫਸਰਾਂ ਨੂੰ ਜਵਾਬਦੇਹ ਬਣਾਇਆ ਜਾ ਸਕਦਾ ਹੈ ਅਤੇ ਪਿਛਲੇ ਸਮੇਂ ਦੌਰਾਨ ਰਹੇ ਕੁਝ ਅਫਸਰਾਂ ਦੀ ਸ਼ਾਮਤ ਤੱਕ ਆ ਸਕਦੀ ਹੈ।

ਪਹਿਲਾਂ ਵੀ ਕਰੋੜਾਂ ਦੀ ਗੜਬੜੀ ਫੜੀ ਗਈ ਪਰ ਦਬਾ ਦਿੱਤੀ
ਪਿਛਲੇ ਲੰਮੇ ਸਮੇਂ ਤੋਂ ਜਲੰਧਰ ਸਮਾਰਟ ਸਿਟੀ ਦੇ ਕੰਮਾਂ ਪ੍ਰਤੀ ਕਿਸੇ ਨੂੰ ਜਵਾਬਦੇਹ ਨਹੀਂ ਬਣਾਇਆ ਜਾ ਸਕਦਾ ਅਤੇ ਪਿਛਲੇ ਸਮੇਂ ਦੌਰਾਨ ਰਹੇ ਅਧਿਕਾਰੀਆਂ ਨੇ ਕਿਸ ਤਰ੍ਹਾਂ ਮਨਮਰਜ਼ੀ ਕੀਤੀ, ਇਹ ਇਸੇ ਤੋਂ ਸਪੱਸ਼ਟ ਹੈ ਕਿ ਥਰਡ ਪਾਰਟੀ ਏਜੰਸੀ ਸ਼੍ਰੀਖੰਡੇ ਨੇ ਕਈ ਮਹੀਨੇ ਪਹਿਲਾਂ ਵੀ ਸਮਾਰਟ ਸਿਟੀ ਦੇ ਕਈ ਪ੍ਰਾਜੈਕਟਾਂ ਦੀ ਜਾਂਚ ਕੀਤੀ ਸੀ, ਜਿਸ ਦੌਰਾਨ ਕਰੋੜਾਂ ਰੁਪਏ ਦੀ ਗੜਬੜੀ ਫੜੀ ਗਈ ਸੀ। ਉਦੋਂ ਸਮਾਰਟ ਵਿਚ ਬੈਠੇ ਅਧਿਕਾਰੀਆਂ ਨੇ ਥਰਡ ਪਾਰਟੀ ਏਜੰਸੀ ਦੀ ਰਿਪੋਰਟ ਨੂੰ ਫਾਈਲਾਂ ਵਿਚ ਹੀ ਦਫਨ ਕਰ ਦਿੱਤਾ ਸੀ ਅਤੇ ਗੜਬੜੀਆਂ ਪ੍ਰਤੀ ਕਿਸੇ ਅਧਿਕਾਰੀ ’ਤੇ ਕੋਈ ਐਕਸ਼ਨ ਨਹੀਂ ਹੋਇਆ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੋਈ ਹੈ, ਉਸ ਤੋਂ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਥਰਡ ਪਾਰਟੀ ਏਜੰਸੀ ਦੀ ਜਾਂਚ ਵਿਚ ਸਾਹਮਣੇ ਆਈਆਂ ਕਮੀਆਂ ਪ੍ਰਤੀ ਅਧਿਕਾਰੀਆਂ ਤੋਂ ਜਵਾਬਤਲਬੀ ਜ਼ਰੂਰ ਹੋਵੇਗੀ।

ਇਹ ਵੀ ਪੜ੍ਹੋ : ਜਲੰਧਰ: ਕੈਗ ਦੇ ਆਡਿਟ 'ਚ ਸਾਹਮਣੇ ਆਏ ਹੈਰਾਨੀਜਨਕ ਤੱਥ, ਕਾਗਜ਼ਾਂ 'ਚ ਬਣਾਇਆ ਪਾਰਕ ਤੇ ਖੇਡ ਮੈਦਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News