ਸੁਲਤਾਨਪੁਰ ਲੋਧੀ ''ਚ ਚੋਰਾਂ ਦਾ ਕਹਿਰ ਜਾਰੀ, ਇਕ ਦਿਨ ਬਾਅਦ ਹੀ ਦੂਜੇ ਸ਼ੈਲਰ ''ਚ ਚੋਰੀ ਦੀ ਕੋਸ਼ਿਸ਼
Thursday, Nov 05, 2026 - 04:28 PM (IST)
ਸੁਲਤਾਨਪੁਰ ਲੋਧੀ (ਧੀਰ)- ਸੁਲਤਾਨਪੁਰ ਲੋਧੀ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਕ ਦਿਨ ਪਹਿਲਾਂ ਡੱਲਾ ਮਾਰਗ ’ਤੇ ਸਥਿਤ ਰਾਮਾ ਕ੍ਰਿਸ਼ਨਾ ਰਾਈਸ ਮਿੱਲ ਵਿਚੋਂ ਝੋਨੇ ਦੀਆਂ 40-45 ਬੋਰੀਆਂ ਚੋਰੀ ਹੋਣ ਦੀ ਘਟਨਾ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਬੀਤੀ ਰਾਤ ਚੋਰਾਂ ਨੇ ਪਿੰਡ ਸ਼ੇਖਮੰਗਾ ਵਿਖੇ ਸਰੂਪਵਾਲ ਰੋਡ ’ਤੇ ਸਥਿਤ ਜੀ. ਵੀ. ਜੇ. ਰਾਈਸ ਇੰਡਸਟਰੀਜ਼ ਨੂੰ ਆਪਣਾ ਨਿਸ਼ਾਨਾ ਬਣਾ ਲਿਆ।
ਚੋਰਾਂ ਨੇ ਸ਼ੈਲਰ ਦੀ ਕੰਧ ਤੋੜ ਕੇ ਅੰਦਰੋਂ 50 ਤੋਂ 60 ਬੋਰੀਆਂ ਝੋਨਾ ਬਲੈਰੋ ਕੈਂਪਰ ਵਿੱਚ ਲੱਦ ਲਿਆ ਅਤੇ ਫਰਾਰ ਹੋਣ ਲੱਗੇ। ਲਗਾਤਾਰ ਦੂਜੀ ਵਾਰਦਾਤ ਨੇ ਇਲਾਕੇ ਦੇ ਵਪਾਰੀ ਵਰਗ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ ਅਤੇ ਪੁਲਸ ਦੀ ਰਾਤ ਸਮੇਂ ਗਸ਼ਤ ਤੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਸ਼ੈਲਰ ਮਾਲਕ ਸਿੰਦਰਪਾਲ ਸਿੰਘ ਅਨੁਸਾਰ ਇਹ ਘਟਨਾ ਬੀਤੀ ਰਾਤ ਕਰੀਬ 1 ਵਜੇ ਵਾਪਰੀ। ਚੋਰ ਸ਼ੈਲਰ ਦੀ ਕੰਧ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਝੋਨੇ ਦੀਆਂ ਬੋਰੀਆਂ ਬਲੈਰੋ ਕੈਂਪਰ ਵਿੱਚ ਲੱਦ ਕੇ ਲਿਜਾਣ ਲੱਗੇ। ਘਟਨਾ ਦਾ ਪਤਾ ਲੱਗਦਿਆਂ ਹੀ ਸੁਰੱਖਿਆ ਗਾਰਡਾਂ ਅਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਰਮਚਾਰੀਆਂ ਨਾਲ ਮਿਲ ਕੇ ਚੋਰਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕਰਮਚਾਰੀ ਕਰੀਬ 30 ਤੋਂ 40 ਕਿਲੋਮੀਟਰ ਤੱਕ ਮੱਖੂ ਵੱਲ ਚੋਰਾਂ ਦੀ ਗੱਡੀ ਦਾ ਪਿੱਛਾ ਕਰਦੇ ਰਹੇ ਅਤੇ ਆਪਣੀ ਸੂਝ-ਬੂਝ ਨਾਲ ਬਲੈਰੋ ਕੈਂਪਰ ਨੂੰ ਟ੍ਰੈਕ ਕਰ ਲਿਆ। ਪਿੱਛਾ ਕੀਤੇ ਜਾਣ ਦਾ ਅਹਿਸਾਸ ਹੁੰਦਿਆਂ ਹੀ ਚੋਰ ਗੱਡੀ ਅਤੇ ਉਸ ਵਿੱਚ ਲੱਦਿਆ ਝੋਨਾ ਛੱਡ ਕੇ ਫਰਾਰ ਹੋ ਗਏ। ਇਸ ਤਰ੍ਹਾਂ ਸ਼ੈਲਰ ਮਾਲਕ ਅਤੇ ਕਰਮਚਾਰੀਆਂ ਨੇ ਚੋਰੀ ਹੋਣ ਤੋਂ ਬਚਾਇਆ ਝੋਨਾ ਅਤੇ ਬਲੈਰੋ ਕੈਂਪਰ ਵਾਪਸ ਸ਼ੈਲਰ ਪਹੁੰਚਾ ਦਿੱਤਾ।
ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਮੰਦਭਾਗੀ ਖ਼ਬਰ! ਫਗਵਾੜਾ ਦੀ ਡਾਕਟਰ ਦੀ ਇੰਗਲੈਂਡ 'ਚ ਘਰ ਨੂੰ ਅੱਗ ਲੱਗਣ ਕਾਰਨ ਮੌਤ
ਸ਼ੈਲਰ ਮਾਲਕ ਨੇ ਆਪਣੇ ਕਰਮਚਾਰੀਆਂ ਦੀ ਹਿੰਮਤ ਅਤੇ ਵਫ਼ਾਦਾਰੀ ਦੀ ਸ਼ਲਾਘਾ ਕਰਦੇ ਕਿਹਾ ਕਿ ਉਹ ਕਰਮਚਾਰੀਆਂ ਨੂੰ ਸਿਰਫ਼ ਮੁਲਾਜ਼ਮ ਨਹੀਂ, ਸਗੋਂ ਆਪਣੇ ਪਰਿਵਾਰ ਦਾ ਹਿੱਸਾ ਸਮਝਦੇ ਹਨ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਬਿਨਾਂ ਕਿਸੇ ਡਰ ਦੇ ਚੋਰਾਂ ਦਾ ਪਿੱਛਾ ਕੀਤਾ। ਹਾਲਾਂਕਿ ਇਸ ਦੌਰਾਨ ਮੋਟਰਸਾਈਕਲਾਂ 'ਤੇ ਸਵਾਰ ਕੁਝ ਹੋਰ ਵਿਅਕਤੀ ਵੀ ਉਨ੍ਹਾਂ ਦੇ ਕਰਮਚਾਰੀਆਂ ਦਾ ਪਿੱਛਾ ਕਰਦੇ ਰਹੇ, ਜਿਸ ਕਾਰਨ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਖ਼ਤਰਾ ਬਣਿਆ ਰਿਹਾ।

112 ’ਤੇ ਫੋਨ ਕਰਦੇ ਰਹੇ, ਪੁਲਸ ਦੀ ਉਡੀਕ ਹੀ ਕਰਦੇ ਰਹਿ ਗਏ!
ਸ਼ੈਲਰ ਦੇ ਐੱਮ. ਡੀ. ਸਿੰਦਰਪਾਲ ਸਿੰਘ ਨੇ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਘਟਨਾ ਦੌਰਾਨ ਉਨ੍ਹਾਂ ਨੇ 112 ਨੰਬਰ ’ਤੇ ਫੋਨ ਕਰਕੇ ਪੁਲਿਸ ਸਹਾਇਤਾ ਅਤੇ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਲਈ ਪੁਲਿਸ ਟੀਮ ਭੇਜਣ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਸਬੰਧਤ ਥਾਣੇ ਨੂੰ ਵੀ ਸੂਚਿਤ ਕਰਕੇ ਮਦਦ ਮੰਗੀ ਗਈ ਪਰ ਉਨ੍ਹਾਂ ਦੇ ਕਹਿਣ ਅਨੁਸਾਰ ਕੋਈ ਪੁਲਿਸ ਮੁਲਾਜ਼ਮ ਸਮੇਂ ਸਿਰ ਮੌਕੇ ’ਤੇ ਨਹੀਂ ਪਹੁੰਚਿਆ। ਕਰਮਚਾਰੀਆਂ ਦੀ ਸੁਰੱਖਿਆ ਨੂੰ ਦੇਖਦਿਆਂ ਉਨ੍ਹਾਂ ਨੂੰ ਖ਼ੁਦ ਮੌਕੇ ਵੱਲ ਜਾਣਾ ਪਿਆ। ਉਨ੍ਹਾਂ ਕਿਹਾ ਕਿ ਪੁਲਿਸ ਉਸ ਸਮੇਂ ਪਹੁੰਚੀ ਜਦੋਂ ਉਹ ਚੋਰੀ ਹੋਈ ਬਲੈਰੋ ਕੈਂਪਰ ਅਤੇ ਝੋਨਾ ਵਾਪਸ ਸ਼ੈਲਰ ਲਿਆ ਚੁੱਕੇ ਸਨ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! ਤੇਜ਼ ਹਵਾਵਾਂ ਨਾਲ ਵਧੇਗੀ ਠੰਡ, ਇਸ ਤਾਰੀਖ਼ ਤੋਂ ਪੈ ਸਕਦੇ ਮੀਂਹ
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਬਲੈਰੋ ਕੈਂਪਰ ਨੂੰ ਕਬਜ਼ੇ ਵਿਚ ਲੈਣ ਦੀ ਗੱਲ ਆਖੀ ਗਈ ਸੀ ਪਰ ਗੱਡੀ ਸਟਾਰਟ ਨਾ ਹੋਣ ਕਾਰਨ ਉਸ ਨੂੰ ਸ਼ੈਲਰ ਵਿਚ ਹੀ ਛੱਡ ਦਿੱਤਾ ਗਿਆ ਅਤੇ ਸਵੇਰੇ ਲੈ ਜਾਣ ਦੀ ਗੱਲ ਕਹੀ ਗਈ। ਜੇਕਰ ਅਜਿਹੀ ਗੰਭੀਰ ਘਟਨਾ ਸਮੇਂ ਪੁਲਸ ਸਹਾਇਤਾ ਹੀ ਸਮੇਂ-ਸਿਰ ਨਹੀਂ ਮਿਲਦੀ ਤਾਂ ਆਮ ਲੋਕ ਅਤੇ ਕਾਰੋਬਾਰੀ ਆਪਣੀ ਸੁਰੱਖਿਆ ਲਈ ਕਿਸ ’ਤੇ ਭਰੋਸਾ ਕਰਨ?

ਇੱਕ ਤੋਂ ਬਾਅਦ ਇਕ ਵਾਰਦਾਤਾਂ, ਪੁਲਸ ਦੀ ਗਸ਼ਤ ’ਤੇ ਉੱਠੇ ਸਵਾਲ
ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਇਲਾਕੇ ਵਿਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਰਾਮਾ ਕ੍ਰਿਸ਼ਨਾ ਰਾਈਸ ਮਿੱਲ ਵਿੱਚ ਹੋਈ ਚੋਰੀ ਤੋਂ ਅਗਲੇ ਹੀ ਦਿਨ ਜੀ. ਵੀ. ਜੇ. ਰਾਈਸ ਇੰਡਸਟਰੀਜ਼ ਨੂੰ ਨਿਸ਼ਾਨਾ ਬਣਾਇਆ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਚੋਰਾਂ ਵਿੱਚ ਪੁਲਿਸ ਦਾ ਕੋਈ ਖ਼ੌਫ਼ ਨਜ਼ਰ ਨਹੀਂ ਆ ਰਿਹਾ। ਕਾਰੋਬਾਰੀ ਅਦਾਰਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਪਰ ਸਵਾਲ ਇਹ ਹੈ ਕਿ ਆਖ਼ਰ ਚੋਰੀਆਂ ਦੀਆਂ ਇਹ ਵਾਰਦਾਤਾਂ ਕਦੋਂ ਰੁਕਣਗੀਆਂ ਅਤੇ ਰਾਤ ਸਮੇਂ ਪੁਲਿਸ ਗਸ਼ਤ ਕਿੰਨੀ ਪ੍ਰਭਾਵਸ਼ਾਲੀ ਹੈ?
ਸ਼ੈਲਰ ਮਾਲਕ ਨੇ ਪੁਲਸ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿਚ ਰਾਤ ਸਮੇਂ ਪੁਲਸ ਗਸ਼ਤ ਵਧਾਈ ਜਾਵੇ, ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹਾਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਾਰੋਬਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਚੋਰੀ ਦੀ ਇਹ ਸਾਰੀ ਘਟਨਾ ਸ਼ੈਲਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: LPU ਮਾਮਲੇ 'ਤੇ ਹਾਈਕੋਰਟ ਸਖ਼ਤ! NIA ਨੂੰ ਸੌਂਪੀ ਜਾ ਸਕਦੀ ਹੈ ਜਾਂਚ, ਸਰਕਾਰ ਨੂੰ ਰਿਪੋਰਟ ਦੇਣ ਲਈ ਕਿਹਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
