ਕਰੋੜਾਂ ਦੀ ਹੈਰੋਇਨ ਸਮੇਤ ਕਾਬੂ ਕੀਤੇ ਮੁਲਜ਼ਮਾਂ ਦੇ ਖੁਲਾਸੇ ’ਤੇ ਔਰਤ ਗ੍ਰਿਫਤਾਰ

06/03/2019 3:30:19 AM

ਕਪੂਰਥਲਾ, (ਭੂਸ਼ਣ)- 3.50 ਕਰੋੜ ਦੀ ਕੀਮਤ ਦੀ ਹੈਰੋਇਨ ਦੇ ਨਾਲ ਗ੍ਰਿਫਤਾਰ ਔਰਤ ਸ਼ਾਰਦਾ ਬੇਗਮ ਦੇ ਖੁਲਾਸੇ ’ਤੇ ਜ਼ਿਲਾ ਪੁਲਸ ਨੇ ਨਾਰਕੋਟਿਕਸ ਟੀਮ ਨਾਲ ਛਾਪਾਮਾਰੀ ਦੌਰਾਨ ਦਿੱਲੀ ਨਾਲ ਸਬੰਧਤ ਸਲਮਾ ਬੇਗਮ ਨੂੰ 220 ਗ੍ਰਾਮ ਹੈਰੋਇਨ ਦੀ ਖੇਪ ਨਾਲ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਔਰਤ ਸਲਮਾ ਬੇਗਮ ਜਿਥੇ ਸ਼ੁੱਕਰਵਾਰ ਦੀ ਦੇਰ ਰਾਤ ਗ੍ਰਿਫਤਾਰ ਸ਼ਾਰਦਾ ਬੇਗਮ ਦੀ ਰਿਸ਼ਤੇਦਾਰ ਹੈ, ਉਥੇ ਹੀ ਸਲਮਾ ਬੇਗਮ ਦਾ ਪਤੀ ਇਸ ਸਾਲ ਮਾਰਚ ਮਹੀਨੇ ’ਚ ਫਿਲੌਰ ਪੁਲਸ ਵੱਲੋਂ ਇਕ ਨਾਈਜੀਰੀਅਨ ਨਾਗਰਿਕ ਨਾਲ 5 ਕਰੋੜ ਰੁਪਏ ਮੁੱਲ ਦੀ ਹੈਰੋਇਨ ਦੀ ਖੇਪ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ’ਚ ਬੰਦ ਸਲਮਾ ਬੇਗਮ ਦਾ ਪਤੀ ਆਪਣੀ ਪਤਨੀ ਨੂੰ ਮੁਲਾਕਾਤ ਦੇ ਬਹਾਨੇ ਜਿਥੇ ਡਰੱਗ ਸਮੱਗਲਿੰਗ ਸਬੰਧੀ ਪਲਾਨ ਤਿਆਰ ਕਰਦਾ ਸੀ। ਉਥੇ ਹੀ ਸਲਮਾ ਬੇਗਮ ਨਾਲ ਗ੍ਰਿਫਤਾਰ ਇਕ ਅਜਿਹਾ ਨਾਈਜੀਰੀਅਨ ਡਰੱਗ ਸਮੱਗਲਰ ਜੁੜਿਆ ਹੋਇਆ ਸੀ, ਜਿਸ ਨੇ ਸਲਮਾ ਬੇਗਮ ਦੇ ਪਤੀ ਦੀ ਜ਼ਮਾਨਤ ਕਰਵਾਉਣ ਦਾ ਝਾਂਸਾ ਦਿੰਦੇ ਹੋਏ ਉਕਤ ਔਰਤ ਨੂੰ ਡਰੱਗ ਦੇ ਧੰਦੇ ’ਚ ਧੱਕਿਆ ਸੀ। ਇਸ ਦਾ ਖੁਲਾਸਾ ਗ੍ਰਿਫਤਾਰ ਮੁਲਜ਼ਮਾਂ ਤੋਂ ਪੁੱਛਗਿਛ ਦੌਰਾਨ ਹੋਇਆ ਹੈ।

ਜ਼ਿਕਰ ਯੋਗ ਹੈ ਕਿ ਕਪੂਰਥਲਾ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਐੱਸ. ਐੱਸ. ਪੀ. ਸਤਿੰਦਰ ਸਿੰਘ ਅਤੇ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਹਰਕਮਲਪ੍ਰੀਤ ਸਿੰਘ ਖੱਖ ਦੀ ਸੂਚਨਾ ’ਤੇ ਸ਼ਾਰਦਾ ਬੇਗਮ ਅਤੇ ਉਸ ਦੇ ਬੇਟੇ ਅਭੀਸ਼ੇਕ ਮੁਹੰਮਦ ਵਾਸੀ ਪਿੰਡ ਟਿੱਬਾ ਨੂੰ 698 ਗਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਸੀ । ਦੋਨਾਂ ਮੁਲਜ਼ਮਾਂ ਤੋਂ ਪੁੱਛਗਿਛ ਦੌਰਾਨ ਪੁਲਸ ਨੇ ਦਿੱਲੀ ਵਾਸੀ ਇਕ ਸਲਮਾ ਬੇਗਮ ਪਤਨੀ ਰਹਿਮਾਨ ਨੂੰ 220 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ।

ਦੱਸਿਆ ਜਾਂਦਾ ਹੈ ਕਿ ਪੁੱਛਗਿਛ ਦੌਰਾਨ ਸਲਮਾ ਬੇਗਮ ਨੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਿਸ਼ਾਲਜੀਤ ਸਿੰਘ ਦੀ ਨਿਗਰਾਨੀ ’ਚ ਬਣੀ ਵਿਸ਼ੇਸ਼ ਪੁਲਸ ਟੀਮ ਦੇ ਸਾਹਮਣੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਸ ਨੇ ਸ਼ਾਰਦਾ ਬੇਗਮ ਨੂੰ 698 ਗ੍ਰਾਮ ਹੈਰੋਇਨ ਦੀ ਖੇਪ ਸਪਲਾਈ ਕੀਤੀ ਸੀ ਅਤੇ ਉਸ ਨੂੰ ਹੈਰੋਇਨ ਦੀ ਖੇਪ ਸਪਲਾਈ ਕਰਨ ਵਾਲਾ ਨਵੀਂ ਦਿੱਲੀ ਨਾਲ ਸਬੰਧਤ ਸਮੱਗਲਰ ਨਾਈਜੀਰੀਅਨ ਨਾਗਰਿਕ ਹੈ। ਜਿਸ ਦੇ ਸਬੰਧ ਵਿਚ ਉਸ ਦੇ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਵਿਚ ਬੰਦ ਉਸ ਦੇ ਪਤੀ ਰਹਿਮਾਨ ਨੇ ਜਾਣਕਾਰੀ ਦਿੱਤੀ। ਉਸ ਦਾ ਪਤੀ ਰਹਿਮਾਨ ਮਾਰਚ ਮਹੀਨੇ ਵਿਚ ਨਾਈਜੀਰੀਅਨ ਨਾਗਰਿਕ ਦੇ ਨਾਲ ਫਿਲੌਰ ਵਿਚ 900 ਗ੍ਰਾਮ ਹੈਰੋਇਨ ਦੇ ਨਾਲ ਫੜਿਆ ਗਿਆ ਸੀ। ਉਹ ਆਪਣੇ ਪਤੀ ਦੀ ਜ਼ਮਾਨਤ ਨੂੰ ਲੈ ਕੇ ਕੋਸ਼ਿਸ਼ ਕਰ ਰਹੀ ਸੀ ਇਸ ਦੌਰਾਨ ਉਸ ਨੂੰ ਉਸ ਦੇ ਪਤੀ ਦੇ ਨਾਲ ਜੇਲ ’ਚ ਬੰਦ ਨਾਈਜੀਰੀਅਨ ਨਾਗਰਿਕ ਦੇ ਨਵੀਂ ਦਿੱਲੀ ਵਿਚ ਰਹਿੰਦੇ ਨਾਈਜੀਰੀਅਨ ਮੂਲ ਦੇ ਰਿਸ਼ਤੇਦਾਰ ਨੇ ਉਸ ਦੇ ਪਤੀ ਦੀ ਜ਼ਮਾਨਤ ਕਰਵਾਉਣ ਦੇ ਬਦਲੇ ਵਿਚ ਡਰੱਗ ਦੇ ਕਾਲੇ ਕਾਰੋਬਾਰ ਵਿਚ ਪਾ ਦਿੱਤਾ ਅਤੇ ਉਸ ਨੇ ਡਰੱਗ ਵੇਚਣ ਲਈ ਪਿੰਡ ਟਿੱਬਾ ਵਿਚ ਰਹਿੰਦੀ ਆਪਣੀ ਰਿਸ਼ਤੇਦਾਰ ਸ਼ਾਰਦਾ ਬੇਗਮ ਨੂੰ ਹੈਰੋਇਨ ਦੀ ਸਪਲਾਈ ਦੇਣੀ ਸ਼ੁਰੂ ਕਰ ਦਿੱਤੀ।

ਗ੍ਰਿਫਤਾਰ ਮਹਿਲਾ ਸਮੱਗਲਰ ਸਲਮਾ ਬੇਗਮ ਨੇ ਖੁਲਾਸਾ ਕੀਤਾ ਕਿ ਉਹ ਮੁਲਾਕਾਤ ਦੇ ਬਹਾਨੇ ਅਕਸਰ ਨਵੀਂ ਦਿੱਲੀ ਤੋਂ ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ਆਉਂਦੀ ਰਹਿੰਦੀ ਸੀ ਅਤੇ ਆਪਣੇ ਪਤੀ ਅਤੇ ਉਸ ਦੇ ਸਾਥੀ ਨਾਈਜੀਰੀਅਨ ਨਾਗਰਿਕ ਤੋਂ ਹੈਰੋਇਨ ਦੀ ਸਪਲਾਈ ਸਬੰਧੀ ਜਾਣਕਾਰੀ ਲੈਂਦੀ ਰਹਿੰਦੀ ਸੀ ਅਤੇ ਉਸ ਦੇ ਮਹਿਲਾ ਹੋਣ ਕਾਰਨ ਕਈ ਵਾਰ ਉਹ ਪੁਲਸ ਨਾਕਾਬੰਦੀ ਤੋਂ ਆਸਾਨੀ ਨਾਲ ਨਿਕਲ ਜਾਂਦੀ ਸੀ ।


Bharat Thapa

Content Editor

Related News