ਫੋਲੜੀਵਾਲ ਟਰੀਟਮੈਂਟ ਪਲਾਂਟ ਦੇ ਅੰਦਰ ਹੀ ਜਾਵੇਗਾ ਕੂੜਾ, ਵਿਰੋਧ ਕਰਨ ਵਾਲਿਆਂ ਨਾਲ ਨਿਪਟੇਗੀ ਪੁਲਸ

Thursday, Dec 08, 2022 - 01:30 PM (IST)

ਫੋਲੜੀਵਾਲ ਟਰੀਟਮੈਂਟ ਪਲਾਂਟ ਦੇ ਅੰਦਰ ਹੀ ਜਾਵੇਗਾ ਕੂੜਾ, ਵਿਰੋਧ ਕਰਨ ਵਾਲਿਆਂ ਨਾਲ ਨਿਪਟੇਗੀ ਪੁਲਸ

ਜਲੰਧਰ (ਖੁਰਾਣਾ)–ਸਵੱਛ ਭਾਰਤ ਮਿਸ਼ਨ ਅਤੇ ਸਮਾਰਟ ਸਿਟੀ ਦੇ ਫੰਡ ਨਾਲ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਸ਼ਹਿਰ ਦੇ ਕੂੜੇ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਅਤੇ ਅੱਜ ਵੀ ਸ਼ਹਿਰ ਵਿਚ ਸਥਿਤ ਡੰਪ ਸਥਾਨਾਂ ’ਤੇ ਕੂੜੇ ਦੇ ਢੇਰ ਆਮ ਵੇਖੇ ਜਾ ਸਕਦੇ ਹਨ। ਸ਼ਹਿਰ ਵਿਚ ਹਰ ਰੋਜ਼ 500 ਟਨ ਤੋਂ ਜ਼ਿਆਦਾ ਕੂੜਾ ਨਿਕਲਦਾ ਹੈ ਅਤੇ ਨਿਗਮ 5 ਟਨ ਕੂੜੇ ਨੂੰ ਵੀ ਮੈਨੇਜ ਨਹੀਂ ਕਰ ਪਾ ਰਿਹਾ, ਇਸ ਲਈ ਇੰਨੇ ਕੂੜੇ ਨੂੰ ਸੰਭਾਲਣਾ ਨਿਗਮ ਲਈ ਕਾਫ਼ੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਪਿਛਲੇ ਦਿਨੀਂ ਕੂੜੇ ਦੇ ਡੰਪ ਸਥਾਨਾਂ ਨੂੰ ਲੈ ਕੇ ਕਈ ਜਨ-ਅੰਦੋਲਨ ਚੱਲੇ, ਜਿਸ ਕਾਰਨ ਨਿਗਮ ਦੀ ਖੂਬ ਕਿਰਕਿਰੀ ਵੀ ਹੋਈ। ਹੁਣ ਨਵੇਂ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਸ਼ਹਿਰ ਦੇ ਕੂੜੇ ਨੂੰ ਡੰਪ ਕਰਨ ਅਤੇ ਉਸਨੂੰ ਮੈਨੇਜ ਕਰਨ ਸਬੰਧੀ ਪਾਲਿਸੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਪਰ ਉਸਨੂੰ ਲਾਗੂ ਹੋਣ ਵਿਚ ਅਜੇ ਸਮਾਂ ਲੱਗੇਗਾ, ਜਿਸ ਕਾਰਨ ਨਿਗਮ ਪ੍ਰਸ਼ਾਸਨ ਆਰਜ਼ੀ ਪਾਲਿਸੀ ਬਣਾ ਕੇ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਪ੍ਰੇਮੀ ਨੇ ਪ੍ਰੇਮਿਕਾ ਨੂੰ ਦਿੱਤੀ ਰੂਹ ਕੰਬਾਊ ਮੌਤ, ਤਬੇਲੇ 'ਚ ਦਫ਼ਨਾਈ ਲਾਸ਼

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨਿਗਮ ਨੇ ਜੋਤੀ ਨਗਰ ਡੰਪ ਬੰਦ ਹੋਣ ਦੀ ਸੂਰਤ ਵਿਚ ਅਤੇ ਮਾਡਲ ਟਾਊਨ ਡੰਪ ਨੂੰ ਲੈ ਕੇ ਉੱਠ ਰਹੇ ਵਿਰੋਧ ਨੂੰ ਸ਼ਾਂਤ ਕਰਨ ਲਈ ਫੋਲੜੀਵਾਲ ਟਰੀਟਮੈਂਟ ਪਲਾਂਟ ਦੇ ਅੰਦਰ ਕੂੜਾ ਸੁੱਟਣ ਦਾ ਕੰਮ ਸ਼ੁਰੂ ਕੀਤਾ ਸੀ ਪਰ ਉਥੇ 66 ਫੁੱਟ ਰੋਡ ਦੇ ਆਸ-ਪਾਸ ਵਸੀਆਂ ਕਾਲੋਨੀਆਂ ਦੇ ਵਾਸੀਆਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਸਨ, ਜਿਸ ਤੋਂ ਬਾਅਦ ਨਿਗਮ ਨੇ ਉਥੇ ਡੰਪ ਸਥਾਨ ਦੀ ਪੂਰੀ ਸਫਾਈ ਕਰਵਾ ਿਦੱਤੀ ਅਤੇ ਉਥੇ ਕੂੜਾ ਸੁੱਟਣ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ। ਕਿਉਂਕਿ ਨਗਰ ਨਿਗਮ ਅਜੇ ਮਾਡਲ ਟਾਊਨ ਡੰਪ ਦੀ ਸਮੱਸਿਆ ਦਾ ਹੱਲ ਨਹੀਂ ਕਰ ਸਕਿਆ, ਇਸ ਲਈ ਹੁਣ ਫੈਸਲਾ ਲਿਆ ਗਿਆ ਹੈ ਕਿ ਨਿਗਮ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਦੇ ਅੰਦਰ ਹੀ ਕੂੜਾ ਸੁੱਟੇਗਾ ਅਤੇ ਉਥੇ ਹੁਣ ਨਿਯਮਿਤ ਤੌਰ ’ਤੇ ਰੈਗ ਪਿਕਰਸ ਕੂੜੇ ਨਾਲ ਭਰੇ ਰੇਹੜੇ ਲੈ ਕੇ ਜਾਣਗੇ। ਬੇਹੱਦ ਨਜ਼ਦੀਕੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਣ ਜੋ ਵੀ ਵਿਅਕਤੀ ਉਨ੍ਹਾਂ ਰੇਹੜਿਆਂ ਨੂੰ ਰੋਕਣ ਦਾ ਯਤਨ ਕਰੇਗਾ, ਉਸ ਨੂੰ ਪੁਲਸ ਦੀ ਮਦਦ ਨਾਲ ਨਿਪਟਾਇਆ ਜਾਵੇਗਾ ਅਤੇ ਪੁਲਸ ਵੱਲੋਂ ਪਰਚੇ ਤੱਕ ਦਰਜ ਕੀਤੇ ਜਾ ਸਕਦੇ ਹਨ।

ਫੋਲੜੀਵਾਲ ਪਲਾਂਟ ਦੇ ਅੰਦਰ ਬਣਿਆ ਹੋਇਆ ਹੈ ਕੰਪੋਸਟ ਪਲਾਂਟ
ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਸ਼ਿਖਾ ਭਗਤ ਨੇ ਅੱਜ ਇਕ ਹੁਕਮ ਕੱਢਿਆ, ਜਿਸ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਕੂੜੇ ਨੂੰ ਸੰਭਾਲਣ ਲਈ ਨਗਰ ਨਿਗਮ ਨੇ ਫੋਲੜੀਵਾਲ ਵਿਚ ਇਕ ਸੈਂਟਰ ਅਤੇ ਕੰਪੋਸਟ ਪਲਾਂਟ ਬਣਾ ਰੱਖਿਆ ਹੈ। ਇਥੇ ਨਿਯਮਿਤ ਤੌਰ ’ਤੇ ਰੈਗ ਪਿਕਰਸ ਰੇਹੜੇ ਲਿਜਾ ਕੇ ਕੂੜਾ ਸੁੱਟ ਰਹੇ ਹਨ। ਉਥੇ ਕੁਝ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕਰਕੇ ਕੂੜੇ ਨਾਲ ਭਰੇ ਰੇਹੜੇ ਨਹੀਂ ਜਾਣ ਦਿੱਤੇ ਪਰ ਹੁਣ ਉਥੇ ਦੁਬਾਰਾ ਰੈਗ ਪਿਕਰਸ ਵੱਲੋਂ ਰੇਹੜੇ ਲੈ ਕੇ ਜਾਣੇ ਹਨ।

ਇਹ ਵੀ ਪੜ੍ਹੋ : ਐਕਸ਼ਨ 'ਚ ਜਲੰਧਰ ਦੇ ਡਿਪਟੀ ਕਮਿਸ਼ਨਰ, 12 ਮੁਲਾਜ਼ਮਾਂ ਨੂੰ ਜਾਰੀ ਕੀਤੇ ਨੋਟਿਸ, ਜਾਣੋ ਕਿਉਂ
ਇਸ ਮਾਮਲੇ ਵਿਚ ਪਬਲਿਕ ਨਾਲ ਡੀਲ ਕਰਨ ਲਈ ਜੁਆਇੰਟ ਕਮਿਸ਼ਨਰ ਨੇ 7 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਹੈ, ਜਿਸ ਵਿਚ ਨਗਰ ਨਿਗਮ ਪੁਲਸ ਦੇ ਇੰਚਾਰਜ ਨੂੰ ਵੀ ਬਤੌਰ ਮੈਂਬਰ ਲਿਆ ਗਿਆ ਹੈ। ਇਸ ਕਮੇਟੀ ਵਿਚ ਹੈਲਥ ਆਫਿਸਰ ਡਾ. ਸ਼੍ਰੀਕ੍ਰਿਸ਼ਨ ਦੇ ਇਲਾਵਾ ਸੁਪਰਿੰਟੈਂਡੈਂਟ ਸੰਜੀਵ ਕਾਲੀਆ, ਚੀਫ਼ ਸੈਨੇਟਰੀ ਇੰਸਪੈਕਟਰ ਸੋਨੀ ਗਿੱਲ, ਇੰਸ. ਨਰੇਸ਼ ਕੁਮਾਰ, ਸੰਜੀਵ ਕੁਮਾਰ ਅਤੇ ਗੁਰਦਿਆਲ ਸੈਣੀ ਨੂੰ ਵੀ ਲਿਆ ਗਿਆ ਹੈ। ਇਸ ਕਮੇਟੀ ਵਿਚ ਪੁਲਸ ਇੰਚਾਰਜ ਦੀ ਮੌਜੂਦਗੀ ਤੋਂ ਸਪੱਸ਼ਟ ਹੈ ਕਿ ਨਗਰ ਨਿਗਮ ਆਉਣ ਵਾਲੇ ਦਿਨਾਂ ਵਿਚ ਵਿਰੋਧ ਕਰਨ ਵਾਲਿਆਂ ’ਤੇ ਸਖ਼ਤੀ ਕਰ ਸਕਦਾ ਹੈ।

ਵਿਰੋਧ ਕਰਨ ਵਾਲਿਆਂ ਦੇ ਘਰ 2-2 ਕਿਲੋਮੀਟਰ ਦੂਰ, ਗਿਣਤੀ ਵੀ ਘੱਟ
ਨਗਰ ਨਿਗਮ ਦੇ ਕੁਝ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਫੋਲੜੀਵਾਲ ਵਿਚ ਕੂੜਾ ਸੁੱਟਣ ਦਾ ਜੋ ਵਿਰੋਧ ਹੋਇਆ ਸੀ, ਉਸ ਵਿਚ ਕੋਈ ਜ਼ਿਆਦਾ ਦਮ ਨਹੀਂ ਸੀ ਕਿਉਂਕਿ ਵਿਰੋਧ ਕਰਨ ਵਾਲਿਆਂ ਦੇ ਆਪਣੇ ਘਰ ਉਸ ਸਥਾਨ ਤੋਂ 2-2 ਕਿਲੋਮੀਟਰ ਦੂਰ ਸਨ, ਜਿਥੇ ਕੂੜੇ ਦੀ ਬਦਬੂ ਜਾ ਹੀ ਨਹੀਂ ਸਕਦੀ। ਜੇਕਰ ਇਥੋਂ ਨਿਯਮਿਤ ਤੌਰ ’ਤੇ ਕੂੜਾ ਚੁੱਕਿਆ ਜਾਂ ਮੈਨੇਜ ਕੀਤਾ ਜਾਂਦਾ ਹੈ ਤਾਂ ਕਿਸੇ ਨੂੰ ਕੋਈ ਸਮੱਸਿਆ ਹੋਣੀ ਹੀ ਨਹੀਂ ਚਾਹੀਦੀ। ਇਹ ਗੱਲ ਵੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਫੋਲੜੀਵਾਲ ਪਲਾਂਟ ਨੂੰ ਲੈ ਕੇ ਉੱਠਿਆ ਵਿਰੋਧ ਗਿਣਤੀ ਦੇ ਹਿਸਾਬ ਨਾਲ ਕਮਜ਼ੋਰ ਹੀ ਰਿਹਾ ਅਤੇ ਇਨ੍ਹਾਂ ਪ੍ਰਦਰਸ਼ਨਾਂ ਵਿਚ 20-25 ਮੈਂਬਰ ਹੀ ਸ਼ਾਮਲ ਹੁੰਦੇ ਰਹੇ, ਜਦਕਿ ਪਲਾਂਟ ਦੇ ਅਾਸ-ਪਾਸ ਦੀਆਂ ਆਬਾਦੀਆਂ ਵਿਚ 20-25 ਹਜ਼ਾਰ ਲੋਕ ਆਰਾਮ ਨਾਲ ਰਹਿੰਦੇ ਹਨ। ਹੁਣ ਦੇਖਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਟਕਰਾਅ ਕੀ ਰੂਪ ਧਾਰਨ ਕਰਦਾ ਹੈ। ਇੰਨਾ ਜ਼ਰੂਰ ਹੈ ਕਿ ਹੁਣ ਮਾਡਲ ਟਾਊਨ ਡੰਪ ਦਾ ਵਿਰੋਧ ਕਰਨ ਵਾਲੇ ਲੋਕ ਇਹ ਸੁਣ ਕੇ ਸ਼ਾਂਤ ਬੈਠ ਗਏ ਹਨ ਕਿ ਨਿਗਮ ਹੁਣ ਹਰ ਵਾਰਡ ਵਿਚ ਛੋਟੇ-ਛੋਟੇ ਡੰਪ ਬਣਾ ਸਕਦਾ ਹੈ ਜਾਂ ਕੁਝ ਵਾਰਡਾਂ ਦਾ ਕੂੜਾ ਹੁਣ ਫੋਲੜੀਵਾਲ ਵਿਚ ਵੀ ਸੁੱਟਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕਪੂਰਥਲਾ: ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਪਿੱਜ਼ਾ ਲੈਣ ਗਏ 22 ਸਾਲਾ ਨੌਜਵਾਨ ਦੀ ਦਰਦਨਾਕ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News