ਰੂਪਨਗਰ: ਅਧਿਆਪਕ ਕਰਦਾ ਸੀ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ, ਇੰਝ ਸਾਹਮਣੇ ਆਈ ਸੱਚਾਈ
Sunday, Aug 07, 2022 - 06:34 PM (IST)
ਰੂਪਨਗਰ (ਵਿਜੇ)- ਸ਼ਹਿਰ ’ਚ ਇਕ ਸਕੂਲ ਦੀਆਂ ਵਿਦਿਆਰਥਣਾਂ ਨੇ ਸਕੂਲ ਦੇ ਅਧਿਆਪਕ ’ਤੇ ਛੇੜਛਾੜ ਕਰਨ ਅਤੇ ਮੈਸਜਾਂ ਦੇ ਰਾਹੀਂ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਸਕੂਲ ’ਚ ਇਕੱਠੀਆਂ ਹੋਈਆਂ ਵਿਦਿਆਰਥਣਾਂ ਨੇ ਕਿਹਾ ਕਿ ਸਕੂਲ ਦਾ ਇਕ ਅਧਿਆਪਕ ਜਮਾਤ ’ਚ ਉਨ੍ਹਾਂ ਨਾਲ ਕਥਿਤ ਗਲਤ ਹਰਕਤਾਂ ਕਰਦਾ ਹੈ ਅਤੇ ਉਨ੍ਹਾਂ ਨਾਲ ਛੇੜਛਾੜ ਕਰਦਾ ਹੈ। ਵਿਦਿਆਰਥਣਾਂ ਨੇ ਕਿਹਾ ਕਿ ਅਧਿਆਪਕ ਉਨ੍ਹਾਂ ਨੂੰ ਗਲਤ ਮੈਸਜ ਵੀ ਭੇਜਦਾ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਦੀ ਮੰਗ ਵੀ ਕਰਦਾ ਹੈ।
ਵਿਦਿਆਰਥਣਾਂ ਨੇ ਮੀਡੀਆ ਨਾਲ ਗੱਲ ਕਰਦੇ ਦੋਸ਼ ਲਗਾਇਆ ਕਿ ਇਹ ਅਧਿਆਪਕ ਕਾਫ਼ੀ ਸਮੇਂ ਤੋਂ ਉਨ੍ਹਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਸ਼ੁੱਕਰਵਾਰ ਇਸ ਅਧਿਆਪਕ ਤੋਂ ਇਕ ਵਿਦਿਆਰਥਣ ਜ਼ਿਆਦਾ ਪਰੇਸ਼ਾਨ ਹੋ ਗਈ ਤਾਂ ਉਸ ਨੇ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ, ਜਿਸ ਦੇ ਬਾਅਦ ਹੋਰ ਵਿਦਿਆਰਥਣਾਂ ਵੀ ਖੁੱਲ੍ਹ ਕੇ ਸਾਹਮਣੇ ਆ ਗਈਆਂ ਅਤੇ ਮਾਪਿਆਂ ’ਚ ਇਹ ਗੱਲ ਪਤਾ ਲੱਗਣ ’ਤੇ ਉਹ ਭੜਕ ਗਏ ਅਤੇ ਸਕੂਲ ’ਚ ਇਕੱਠਾ ਹੋ ਗਏ ਜਦਕਿ ਮੈਨੇਜਮੈਂਟ ਵੱਲੋਂ ਅਧਿਆਪਕ ’ਤੇ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਭੇਜ ਦਿੱਤਾ ਗਿਆ ਪਰ ਸ਼ਨੀਵਾਰ ਨੂੰ ਫਿਰ ਵਿਦਿਆਰਥਣਾਂ ਅਤੇ ਉਨਾਂ ਦੇ ਮਾਪੇ ਸਕੂਲ ’ਚ ਇਕੱਠੇ ਹੋ ਗਏ।
ਇਹ ਵੀ ਪੜ੍ਹੋ:ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਲੈ ਕੇ ਬੋਲੇ ਪੰਜਾਬ ਦੇ DGP ਗੌਰਵ ਯਾਦਵ, ਦਿੱਤਾ ਇਹ ਬਿਆਨ
ਵਿਦਿਆਰਥਣਾਂ ਦੇ ਮਾਪਿਆਂ ਨੇ ਕਿਹਾ ਕਿ ਉਹ ਕਿਵੇਂ ਯਕੀਨ ਕਰਨ ਕਿ ਉਨ੍ਹਾਂ ਦੀਆਂ ਬੱਚੀਆਂ ਸਕੂਲ ’ਚ ਸੁਰੱਖਿਅਤ ਹਨ ਜਦਕਿ ਪ੍ਰਿੰਸੀਪਲ ਨੂੰ ਗੱਲ ਦੱਸਣ ’ਤੇ ਵੀ ਜਵਾਬ ਮਿਲਿਆ ਕਿ ਕਿਤੇ ਕੋਈ ਮਿਸ ਅੰਡਰਸਟੈਂਡਿੰਗ ਹੋਈ ਹੈ। ਮਾਪਿਆਂ ਨੇ ਕਿਹਾ ਕਿ ਸਕੂਲ ਦੇ ਅਧਿਆਪਕ ਵੀ ਉਨ੍ਹਾਂ ਦੇ ਘਰਾਂ ’ਚ ਜਾ ਕੇ ਗੱਲ ਨੂੰ ਦਬਾਉਣ ਲਈ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਬੱਚੀਆਂ ਨੇ ਪਰੇਸ਼ਾਨੀ ਤੋਂ ਹਾਰ ਜਾਣ ਦੇ ਬਾਅਦ ਆਵਾਜ਼ ਉਠਾਈ ਤਾਂ ਕਿ ਹੋਰ ਲੜਕੀਆਂ ਪਰੇਸ਼ਾਨ ਨਾ ਹੋਣ। ਵਿਦਿਆਰਥਣਾਂ ਨੇ ਸਕੂਲ ਦੀ ਪ੍ਰਿੰਸੀਪਲ ’ਤੇ ਮਾਮਲੇ ਨੂੰ ਦਬਾਉਣ ਦੇ ਦੋਸ਼ ਵੀ ਲਗਾਏ ਹਨ। ਇਸ ਦੌਰਾਨ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਪੁਲਸ ਨੇ ਦੋਸ਼ ਲਗਾਉਣ ਵਾਲੀਆਂ ਵਿਦਿਆਰਥਣਾਂ ਦੇ ਬਿਆਨ ਦਰਜ ਕਰ ਲਏ।
ਐੱਸ. ਐੱਚ. ਓ. ਥਾਣਾ ਸਿਟੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਅਧਿਆਪਕ ’ਤੇ ਗਲਤ ਹਰਕਤਾਂ ਕਰਨ ਅਤੇ ਛੇੜਛਾੜ ਕਰਨ ਦੇ ਦੋਸ਼ ਲਗਾਏ ਗਏ ਹਨ ਅਤੇ ਇਸ ਸਬੰਧ ’ਚ ਬਿਆਨ ਲੈ ਕੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ ਉਨਾਂ ਦੱਸਿਆ ਕਿ ਪੁਲਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ। ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥਣਾਂ ਦੇ ਮਾਪਿਆਂ ਨੇ ਹੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਜਦਕਿ ਵਿਦਿਆਰਥਣਾਂ ਨੇ ਪਹਿਲਾਂ ਉਨ੍ਹਾਂ ਨੂੰ ਕੋਈ ਗੱਲ ਨਹੀਂ ਦੱਸੀ। ਉਨ੍ਹਾਂ ਕਿਹਾ ਕਿ ਪਤਾ ਲੱਗਣ ’ਤੇ ਮੈਨੇਜਮੈਂਟ ਦੇ ਧਿਆਨ ’ਚ ਸਾਰਾ ਮਾਮਲਾ ਲਿਆਂਦਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੁਲਸ ਦੀ ਕਾਰਵਾਈ ’ਚ ਵੀ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਦਬਾਉਣ ਦੀ ਕੋਈ ਗੱਲ ਨਹੀਂ ਕੀਤੀ ਗਈ ਅਤੇ ਉਹ ਬੱਚੀਆਂ ਨੂੰ ਦਬਾਉਣਾ ਨਹੀ ਚਾਹੁੰਦੀ। ਜਦਕਿ ਇਸ ਸਬੰਧੀ ਕਾਰਵਾਈ ਮੈਨੇਜਮੈਂਟ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਕਾਰਵਾਈ ਦੀ ਪ੍ਰੀਕ੍ਰਿਆ ਜਾਰੀ ਹੈ ਜਦਕਿ ਅਧਿਆਪਕ ਨੂੰ ਸਕੂਲ ਆਉਣ ਤੋਂ ਰੋਕ ਦਿੱਤਾ ਗਿਆ ਹੈ ਅਤੇ ਮੈਨੇਜਮੈਂਟ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ। ਦੂਜੇ ਪਾਸੇ ਅਧਿਆਪਕ ਦਾ ਪੱਖ ਜਾਣਨ ਲਈ ਫੋਨ ’ਤੇ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ: ਰਿਪੋਰਟ 'ਚ ਖ਼ੁਲਾਸਾ, ਬਾਲ ਮਜਦੂਰੀ 'ਚ 18 ਸੂਬਿਆਂ ਵਿਚੋਂ ਪੰਜਾਬ ਸਭ ਤੋਂ ਉੱਪਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ