ਪੁਲਸ ਨੇ 50 ਗੋਲੀਆਂ ਅਤੇ ਅਸਲੇ ਸਮੇਤ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ, ਕੇਸ ਦਰਜ
Sunday, Apr 16, 2023 - 12:22 PM (IST)

ਫਗਵਾੜਾ (ਜਲੋਟਾ)- ਫਗਵਾੜਾ ’ਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਵਿਚ ਇਕ ਵਿਅਕਤੀ ਨੂੰ ਕਥਿਤ ਤੌਰ ’ਤੇ ਨਾਜਾਇਜ਼ ਹਥਿਆਰ ਅਤੇ ਗੋਲੀ ਸਿੱਕੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਵਰਿੰਦਰਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਤੱਲ੍ਹਣ ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਨੇ ਪੁਲਸ ਨੂੰ ਦਿੱਤੀ ਜਾਣਕਾਰੀ ’ਚ ਖ਼ੁਲਾਸਾ ਕੀਤਾ ਹੈ ਕਿ ਉਹ ਫਗਵਾੜਾ ’ਚ ਬਤੌਰ ਸਕਿਓਰਿਟੀ ਸੁਪਰਵਾਈਜ਼ਰ ਕੰਮ ਕਰਦਾ ਹੈ। ਇਸ ਦੌਰਾਨ ਇਕ ਨੌਜਵਾਨ ਤੋਂ ਉਸ ਨੇ ਕੋਈ ਸ਼ੱਕੀ ਵਸਤੂ ਵੇਖੀ ਅਤੇ ਜਦੋਂ ਉਸ ਨੇ ਜਾਂਚ ਕੀਤੀ ਤਾਂ ਵੇਖਿਆ ਕਿ ਉਸ ਕੋਲ 50 ਰਾਊਂਡ ਗੋਲੀਆਂ ਅਤੇ 315 ਬੋਰ ਦੀ ਰਾਈਫਲ ਹੈ।
ਉਸ ਨੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿਤੀ, ਜਿਸ ਤੋਂ ਬਾਅਦ ਮੌਕੇ ’ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਜਦ ਉਕਤ ਵਿਅਕਤੀ, ਜਿਸ ਦੀ ਪਛਾਣ ਮੁਹੰਮਦ ਸਾਜਿਦ ਪੁੱਤਰ ਮੁਬਾਰਕ ਅਲੀ ਵਾਸੀ ਕਟਕਾ ਥਾਣਾ ਜਨਸਥ ਜ਼ਿਲ੍ਹਾ ਮੁਜ਼ੱਫਰਨਗਰ ਉੱਤਰ ਪ੍ਰਦੇਸ਼ ਹਾਲ ਵਾਸੀ ਫਗਵਾੜਾ ਹੈ, ਤੋਂ ਉਕਤ ਹਥਿਆਰ ਅਤੇ ਗੋਲੀ ਸਿੱਕੇ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਨੇ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਉਸ ਤੋਂ ਮੌਕੇ ’ਤੇ ਕੋਈ ਲਾਇਸੈਂਸ ਆਦਿ ਮਿਲਿਆ।
ਇਹ ਵੀ ਪੜ੍ਹੋ :ਸਾਬਕਾ CM ਚੰਨੀ ’ਤੇ ਮਲਵਿੰਦਰ ਕੰਗ ਦਾ ਨਿਸ਼ਾਨਾ, ਕਿਹਾ-ਕਿਸ ਗ਼ਰੀਬ ਕੋਲ ਹੈ 10 ਕਰੋੜ ਦੀ ਜਾਇਦਾਦ?
ਪੁਲਸ ਨੇ ਦੋਸ਼ੀ ਮੁਹੰਮਦ ਸਾਜਿਦ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਨਾਜਾਇਜ਼ ਹਥਿਆਰ ਅਤੇ ਗੋਲਾ ਸਿੱਕਾ ਬਰਾਮਦ ਕਰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਫਗਵਾੜਾ ’ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਇਹ ਸਾਰਾ ਮਾਮਲਾ ਵੱਡਾ ਡੂੰਘਾ ਰਹੱਸ ਅਤੇ ਵੱਡੀ ਬੁਝਾਰਤ ਬਣਿਆ ਹੋਇਆ ਹੈ। ਉੱਧਰ ਇਸ ਪੂਰੇ ਘਟਨਾਕ੍ਰਮ ਦੇ ਪਿੱਛੇ ਦੀ ਅਸਲ ਕਹਾਣੀ ਕੀ ਹੈ, ਇਹ ਵੀ ਵੱਡਾ ਭੇਤ ਬਣਿਆ ਹੋਇਆ ਹੈ। ਖ਼ਬਰ ਲਿੱਖੇ ਜਾਣ ਤਕ ਮਾਮਲੇ ਸਬੰਧੀ ਕਈ ਤਰ੍ਹਾਂ ਦੀਆਂ ਚਰਚਾਵਾਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦੇਸ਼ ਦੀ ਸਿਆਸਤ ਕਰਵਟ ਲੈਣ ਲੱਗੀ, ਮੋਦੀ ਦਾ ਮੁਕਾਬਲਾ ਕਰਨ ’ਚ ਸਿਰਫ਼ ਕੇਜਰੀਵਾਲ ਸਮਰੱਥ: ਸੁਸ਼ੀਲ ਕੁਮਾਰ ਰਿੰਕੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।