ਇਕ ਹੋਰ ਸਵੀਪਿੰਗ ਮਸ਼ੀਨ ਖ਼ਰੀਦਣ ਜਾ ਰਿਹੈ ਨਗਰ ਨਿਗਮ, ਨਵੇਂ ਸਿਸਟਮ ਤਹਿਤ ਹੋਵੇਗੀ ਸਫ਼ਾਈ

Wednesday, Oct 02, 2024 - 12:52 PM (IST)

ਇਕ ਹੋਰ ਸਵੀਪਿੰਗ ਮਸ਼ੀਨ ਖ਼ਰੀਦਣ ਜਾ ਰਿਹੈ ਨਗਰ ਨਿਗਮ, ਨਵੇਂ ਸਿਸਟਮ ਤਹਿਤ ਹੋਵੇਗੀ ਸਫ਼ਾਈ

ਜਲੰਧਰ (ਖੁਰਾਣਾ)–ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਨਿਗਮ ਨੇ 2 ਵਿਦੇਸ਼ੀ ਸਵੀਪਿੰਗ ਮਸ਼ੀਨਾਂ ਨੂੰ ਕਿਰਾਏ ’ਤੇ ਲਿਆ ਸੀ, ਜਿਸ ਨਾਲ ਸ਼ਹਿਰ ਦੀਆਂ ਸੜਕਾਂ ਕਾਫ਼ੀ ਸਾਫ਼ ਹੋਣ ਲੱਗੀਆਂ ਸਨ ਪਰ ਉਦੋਂ ਵਿਰੋਧੀ ਧਿਰ ਵਿਚ ਬੈਠੀ ਕਾਂਗਰਸ ਪਾਰਟੀ ਨੇ ਉਨ੍ਹਾਂ ਮਸ਼ੀਨਾਂ ਨੂੰ ਭਾਰੀ ਘਪਲਾ ਦੱਸ ਕੇ ਖ਼ੂਬ ਹੰਗਾਮਾ ਕੀਤਾ ਸੀ ਅਤੇ ਸੱਤਾ ਵਿਚ ਆਉਣ ਤੋਂ ਬਾਅਦ ਉਸ ਪ੍ਰਾਜੈਕਟ ਨੂੰ ਵੀ ਰੱਦ ਕਰ ਦਿੱਤਾ ਸੀ।

ਉਸ ਦੇ ਬਾਅਦ 2019 ਵਿਚ ਕਾਂਗਰਸ ਸਰਕਾਰ ਨੇ ਸਮਾਰਟ ਸਿਟੀ ਫੰਡ ਨਾਲ ਸਵੀਪਿੰਗ ਮਸ਼ੀਨ ਖਰੀਦੀ, ਜੋ ਅੱਜ ਤਕ ਵਿਵਾਦਾਂ ਵਿਚ ਹੀ ਚੱਲ ਰਹੀ ਹੈ। ਸਵੱਛ ਭਾਰਤ ਮਿਸ਼ਨ ਅਤੇ ਸਮਾਰਟ ਸਿਟੀ ਦੇ ਫੰਡ ਨਾਲ ਜਲੰਧਰ ਨਿਗਮ ਕੋਲ ਇਸ ਸਮੇਂ 2 ਸਵੀਪਿੰਗ ਮਸ਼ੀਨਾਂ ਹਨ, ਜਿਨ੍ਹਾਂ ਵਿਚੋਂ ਇਕ ਤਾਂ ਆਟੋਮੈਟਿਕ ਵਿਦੇਸ਼ੀ ਮਸ਼ੀਨ ਹੈ। ਇਨ੍ਹਾਂ ਮਸ਼ੀਨਾਂ ਨੂੰ ਚਲਾਉਣ ’ਤੇ ਵੀ ਨਿਗਮ ਕਰੋੜਾਂ ਰੁਪਏ ਖਰਚ ਕਰਦਾ ਹੈ ਪਰ ਇਹ ਕਿਥੇ ਚੱਲਦੀਆਂ ਹਨ, ਇਸਦੀ ਨਿਗਰਾਨੀ ਕਰਨ ਵਾਲਾ ਕੋਈ ਅਧਿਕਾਰੀ ਹੀ ਨਹੀਂ ਹੈ। ਅੱਜ ਸ਼ਹਿਰ ਦੀਆਂ ਸੜਕਾਂ ਕੰਢੇ ਪਈ ਮਿੱਟੀ ਚੁਕਾਉਣ ਲਈ ਕਿਰਾਏ ਦੀਆਂ ਟਰਾਲੀਆਂ ਦੀ ਵਰਤੋਂ ਹੋ ਰਹੀ ਹੈ ਪਰ ਸ਼ਹਿਰ ਦੇ ਲੋਕਾਂ ਨੇ ਅੱਜ ਤਕ ਸਵੀਪਿੰਗ ਮਸ਼ੀਨਾਂ ਨੂੰ ਚਲਦੇ ਹੋਏ ਜਾਂ ਸਫਾਈ ਕਰਦੇ ਹੋਏ ਨਹੀਂ ਦੇਖਿਆ। ਜੇਕਰ ਕਿਤੇ ਇਹ ਚੱਲਦੀਆਂ ਵੀ ਹਨ ਤਾਂ ਉਨ੍ਹਾਂ ਦੇ ਨਾਲ ਇਕ ਟਰਾਲੀ ਚਲਾਉਣੀ ਪੈਂਦੀ ਹੈ, ਜੋ ਨਾਲ-ਨਾਲ ਗੰਦਗੀ ਅਤੇ ਮਿੱਟੀ ਚੁੱਕਦੀ ਜਾਂਦੀ ਹੈ।

ਇਹ ਵੀ ਪੜ੍ਹੋ- ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਕਪੂਰਥਲਾ ਦੇ ਮੁੰਡੇ ਦੀ ਅਮਰੀਕਾ 'ਚ ਮੌਤ, ਕੁਝ ਦਿਨ ਬਾਅਦ ਸੀ ਵਿਆਹ

ਹੁਣ ਤਿੰਨਾਂ ਸਵੀਪਿੰਗ ਮਸ਼ੀਨਾਂ ਨੂੰ ਚਲਾਉਣ ਦਾ ਸਿਸਟਮ ਬਦਲ ਜਾਵੇਗਾ
ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੀ ਐੱਨ-ਕੈਪ ਗ੍ਰਾਂਟ ਨਾਲ ਜਲੰਧਰ ਨਿਗਮ ਇਕ ਨਵੀਂ ਸਵੀਪਿੰਗ ਮਸ਼ੀਨ ਖ਼ਰੀਦਣ ਜਾ ਰਿਹਾ ਹੈ, ਜਿਸ ਨੂੰ ਚਲਾਉਣ ਦਾ ਕਾਂਟਰੈਕਟ ਵੀ ਨਾਲ ਹੀ ਕਰ ਦਿੱਤਾ ਜਾਵੇਗਾ। ਕਮਿਸ਼ਨਰ ਨੇ ਦੱਸਿਆ ਕਿ ਨਿਗਮ ਕੋਲ ਪਹਿਲਾਂ ਵੀ 2 ਸਵੀਪਿੰਗ ਮਸ਼ੀਨਾਂ ਹਨ। ਨਵੀਂ ਸਵੀਪਿੰਗ ਮਸ਼ੀਨ ਆਉਣ ਤੋਂ ਬਾਅਦ ਤਿੰਨੋਂ ਸਵੀਪਿੰਗ ਮਸ਼ੀਨਾਂ ਨੂੰ ਚਲਾਉਣ ਅਤੇ ਪੇਮੈਂਟ ਕਰਨ ਦਾ ਸਿਸਟਮ ਬਦਲ ਦਿੱਤਾ ਗਿਆ ਹੈ। ਇਕ ਮਸ਼ੀਨ ਜਿੰਨੇ ਕਿਲੋਮੀਟਰ ਸੜਕ ਦੀ ਸਫ਼ਾਈ ਕਰੇਗੀ, ਉਸਨੂੰ ਓਨੀ ਪੇਮੈਂਟ ਮਿਲਿਆ ਕਰੇਗੀ। ਕਮਿਸ਼ਨਰ ਨੇ ਦੱਸਿਆ ਕਿ ਦੋਵਾਂ ਪੁਰਾਣੀਆਂ ਮਸ਼ੀਨਾਂ ਨੂੰ ਚਲਾਉਣ ਦਾ ਕਾਂਟਰੈਕਟ ਜਲਦ ਖ਼ਤਮ ਹੋਣ ਜਾ ਰਿਹਾ ਹੈ, ਇਸ ਲਈ ਆਉਣ ਵਾਲੇ ਸਮੇਂ ਵਿਚ ਤਿੰਨੋਂ ਮਸ਼ੀਨਾਂ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਦੀ ਮੁਹਿੰਮ ਵਿਚ ਸਾਥ ਦੇਣਗੀਆਂ।

ਇਹ ਵੀ ਪੜ੍ਹੋ- ਨਸ਼ਾ ਵਿਕਰੀ ਨੂੰ ਲੈ ਕੇ ਪੰਜਾਬ ਪੁਲਸ ਸਖ਼ਤ, DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News