ਗਰਭਵਤੀ ਔਰਤਾਂ ਦੀ ਸਫਲ ਡਲਿਵਰੀ ਕਰਨ 'ਚ ਸਿਵਲ ਹਸਪਤਾਲ ਦਾ ਜੱਚਾ-ਬੱਚਾ ਵਾਰਡ ਸਭ ਤੋਂ ਮੋਹਰੀ

Monday, Aug 12, 2024 - 05:58 AM (IST)

ਗਰਭਵਤੀ ਔਰਤਾਂ ਦੀ ਸਫਲ ਡਲਿਵਰੀ ਕਰਨ 'ਚ ਸਿਵਲ ਹਸਪਤਾਲ ਦਾ ਜੱਚਾ-ਬੱਚਾ ਵਾਰਡ ਸਭ ਤੋਂ ਮੋਹਰੀ

ਜਲੰਧਰ (ਸ਼ੋਰੀ) : ਮਹਿੰਗਾਈ ਦੇ ਯੁੱਗ ਵਿਚ ਜਿੱਥੇ ਅੱਜ ਘਰ ਦੇ ਖ਼ਰਚੇ ਚਲਾਉਣੇ ਮੁਸ਼ਕਿਲ ਹੋ ਗਏ ਹਨ ਤੇ ਜੇਕਰ ਇਸ ਦੌਰਾਨ ਕਿਸੇ ਗਰੀਬ ਔਰਤ ਦਾ ਆਪ੍ਰੇਸ਼ਨ ਪ੍ਰਾਈਵੇਟ ਹਸਪਤਾਲ ਵਿਚ ਕਰਵਾਉਣਾ ਪੈ ਜਾਵੇ ਤਾਂ ਆਰਥਿਕ ਤੌਰ ’ਤੇ ਕਮਜ਼ੋਰ ਵਿਅਕਤੀ ’ਤੇ ਕੀ ਬੀਤੇਗੀ? ਜ਼ਿਕਰਯੋਗ ਹੈ ਕਿ ਨਾਰਮਲ ਡਲਿਵਰੀ ਜੇਕਰ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਕਰਵਾਉਣੀ ਹੋਵੇ ਤਾਂ ਘੱਟ ਤੋਂ ਘੱਟ 20 ਤੋਂ 25 ਹਜ਼ਾਰ ਦਾ ਖਰਚ ਆ ਜਾਂਦਾ ਹੈ, ਉਥੇ ਹੀ ਜੇਕਰ ਔਰਤ ਦੀ ਸਿਜ਼ੇਰੀਅਨ ਡਲਿਵਰੀ ਕਰਵਾਉਣੀ ਹੋਵੇ ਤਾਂ ਪ੍ਰਾਈਵੇਟ ਹਸਪਤਾਲ ਲਗਭਗ 30 ਤੋਂ 40 ਹਜ਼ਾਰ ਰੁਪਏ ਆਮ ਖਰਚ ਕਰਵਾ ਲੈਂਦਾ ਹੈ।

ਜੇਕਰ ਗੱਲ ਕੀਤੀ ਜਾਵੇ ਵੱਡੇ ਹਸਪਤਾਲਾਂ ਦੀ ਤਾਂ ਉਥੇ ਤਾਂ ਇਕ ਲੱਖ ਤਕ ਖਰਚਾ ਵੀ ਆ ਜਾਂਦਾ ਹੈ। ਹੁਣ ਗੱਲ ਕਰੀਏ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੀ ਤਾਂ ਜਿੱਥੇ ਗਰਭਵਤੀ ਔਰਤਾਂ ਨੂੰ ਸਿਹਤ ਨੂੰ ਲੈ ਕੇ ਸਰਕਾਰ ਚਿੰਤਿਤ ਹੈ, ਉੱਥੇ ਹੀ ਡਲਿਵਰੀ ਦੌਰਾਨ ਦਵਾਈਆਂ, ਔਰਤ ਦੀ ਖੁਰਾਕ ਤੇ ਬਾਅਦ ਵਿਚ ਉਸ ਦੇ ਚੈੱਕਅਪ ਰਾਹੀਂ ਸਰਕਾਰ ਖੁਰਾਕ ਲਈ ਪੈਸੇ ਵੀ ਦਿੰਦੀ ਹੈ।

ਉਦਾਹਰਣ ਦੇ ਤੌਰ ’ਤੇ ਸ਼ਹਿਰ ਵਿਚ ਰਹਿਣ ਵਾਲੀਆਂ ਔਰਤ ਨੂੰ 500 ਰੁਪਏ ਤੇ ਦਿਹਾਤੀ ਖੇਤਰ ਤੋਂ ਆ ਕੇ ਡਲਿਵਰੀ ਕਰਾਉਣ ਵਾਲੀ ਔਰਤ ਦੇ ਅਕਾਊਂਟ ਵਿਚ 700 ਰੁਪਏ ਪਾਏ ਜਾਂਦੇ ਹਨ। ਗਰਭਵਤੀ ਔਰਤਾਂ ਨੂੰ ਜਾਣਕਾਰੀ ਦੀ ਘਾਟ ਕਾਰਨ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਆਟੋ, ਮੋਟਰਸਾਈਕਲ ਰੇਹੜੀ ਆਦਿ ’ਤੇ ਸਿਵਲ ਹਸਪਤਾਲ ਲਿਆਉਂਦੇ ਹਨ। ਲੋਕਾਂ ਨੂੰ ਪਤਾ ਨਹੀਂ ਹੈ ਕਿ 108 ਐਂਬੂਲੈਂਸ ਨੂੰ ਕਾਲ ਕਰੋ ਤਾਂ ਐਂਬੂਲੈਂਸ ਤੁਹਾਡੇ ਘਰ ਦੇ ਬਾਹਰ ਹੀ ਆ ਜਾਂਦੀ ਹੈ ਤੇ ਗਰਭਵਤੀ ਔਰਤ ਨੂੰ ਨੇੜਲੇ ਸਰਕਾਰੀ ਹਸਪਤਾਲ ਪਹੁੰਚਾਉਣ ਦਾ ਕੰਮ ਕਰਦੀ ਹੈ। ਸਰਕਾਰ ਵੱਲੋਂ ਇਸ ਸਕੀਮ ਚਲਾਈ ਹੋਈ ਹੈ ਅਤੇ ਕੋਈ ਪੈਸਾ ਵੀ ਮਰੀਜ਼ ਨੂੰ ਨਹੀਂ ਖਰਚਣਾ ਪੈਂਦਾ।

PunjabKesari

ਗਾਇਨਾਕਾਲਜਿਸਟ ਡਾਕਟਰਾਂ ਵੱਲੋਂ ਨੌਕਰੀ ਛੱਡਣ ’ਤੇ ਖ਼ੁਦ ਆਪ੍ਰੇਸ਼ਨ ਕਰਦੀ ਰਹੀ ਡਾਕਟਰ ਵਰਿੰਦਰ ਕੌਰ
ਜੱਚਾ-ਬੱਚਾ ਵਾਰਡ ਦੀ ਇੰਚਾਰਜ ਡਾਕਟਰ ਵਰਿੰਦਰ ਕੌਰ, ਜੋ ਕਿ ਖੁਦ ਗਾਇਨਾਕਾਲਜਿਸਟ ਡਾਕਟਰ ਹੈ, ਲਗਭਗ 18 ਸਾਲ ਪਹਿਲਾਂ ਤੋਂ ਹੀ ਉਹ ਜੱਚਾ-ਬੱਚਾ ਹਸਪਤਾਲ ਵਿਚ ਆਪਣੀਆਂ ਸੇਵਾਵਾਂ ਲਈ ਜਾਣੀ ਜਾਂਦੀ ਹੈ। ਇਸ ਤੋਂ ਬਾਅਦ ਉਹ ਸੀਨੀਅਰ ਮੈਡੀਕਲ ਅਫਸਰ ਬਣੀ ਤੇ ਸਹਾਇਕ ਸਿਵਲ ਸਰਜਨ ਅਹੁਦੇ ’ਤੇ ਵੀ ਤਾਇਨਾਤ ਰਹੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਦੇ ਹੁਕਮ ਤੋਂ ਬਾਅਦ ਡਾਕਟਰ ਵਰਿੰਦਰ ਕੌਰ ਨੂੰ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਿਭਾਗ ਦਾ ਇੰਚਾਰਜ ਲਾਇਆ ਗਿਆ।

ਪੁਰਾਣੀ ਕਹਾਣੀ ’ਤੇ ਨਜ਼ਰ ਦੌੜਾਈ ਜਾਵੇ ਤਾਂ ਦੋ ਗਾਇਨਾਕਾਲਜਿਸਟ ਡਾਕਟਰ ਰਿੰਕੂ ਅਤੇ ਡਾਕਟਰ ਗੁਰਮੀਤ ਸ਼ਾਮਲ ਸਨ, ਦੋਵਾਂ ਵੱਲੋਂ ਕਿਸੇ ਕਾਰਨ ਨੌਕਰੀ ਛੱਡਣ ਤੋਂ ਬਾਅਦ ਚਰਚਾ ਬੱਚਾ ਵਿਭਾਗ ਵਿਚ ਸਿਰਫ ਗਾਇਨਾਕਾਲਜਿਸਟ ਡਾਕਟਰ ਵਰਿੰਦਰ ਕੌਰ ਹੀ ਰਹਿ ਗਈ ਸੀ। ਉਸ ਦੌਰਾਨ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਖੁਦ ਗਰੀਬ ਔਰਤਾਂ ਦੀ ਡਲਿਵਰੀ ਤਕ ਕੀਤੀ। ਡਾਕਟਰ ਵਰਿੰਦਰ ਕੌਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਹ ਧੰਨਵਾਦੀ ਹਨ ਡਾਇਰੈਕਟਰ ਹੈਲਥ ਅਤੇ ਸਿਵਲ ਸਰਜਨ ਦੇ, ਜਿਨ੍ਹਾਂ ਨੇ ਨਕੋਦਰ, ਪੀ.ਏ.ਪੀ. ਅਤੇ ਹੋਰ ਹਸਪਤਾਲਾਂ ਤੋਂ ਚਾਰ ਗਾਇਨਾਕਾਲਜਿਸਟ ਦੀ ਡਿਊਟੀ ਲਾਈ ਹੋਈ ਹੈ, ਇਸ ਤੋਂ ਇਲਾਵਾ ਖੁਸ਼ੀ ਦੀ ਗੱਲ ਇਹ ਹੈ ਕਿ ਦੋ ਨਵੀਆਂ ਗਾਇਨਾਕਾਲਜਿਸਟ ਵੀ ਸਿਵਲ ਹਸਪਤਾਲ ਵਿਚ ਮੌਜੂਦ ਹਨ।

ਗਰਭਵਤੀ ਔਰਤਾਂ ਦੀ ਕੇਅਰ ਕਰਨ ਲਈ ਆਸ਼ਾ ਵਰਕਰਾਂ ਦੀ ਵੀ ਲੱਗੀ ਡਿਊਟੀ
ਸਰਕਾਰ ਵੱਲੋਂ ਆਸ਼ਾ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਹਨ ਕਿ ਉਹ ਆਪਣੇ ਇਲਾਕੇ ਵਿਚ ਗਰਭਵਤੀ ਔਰਤਾਂ ਨਾਲ ਸੰਪਰਕ ਕਰ ਕੇ ਉਸ ਨੂੰ ਨੇੜਲੇ ਸਰਕਾਰੀ ਹਸਪਤਾਲ ਵਿਚ ਖੂਨ ਟੈਸਟ ਤੇ ਅਲਟਰਾ ਸਾਊਂਡ ਕਰਵਾਉਣ ਲਈ ਸਮੇਂ-ਸਮੇਂ ’ਤੇ ਲੈ ਕੇ ਆਉਣ। ਉਨ੍ਹਾਂ ਦੀ ਡਲਿਵਰੀ ਕਰਵਾਉਣ ਤਕ ਨਾਲ ਰਹਿੰਦੇ ਹਨ। ਦੱਸਿਆ ਜਾਂਦਾ ਹੈ ਕਿ ਹਰ ਕੇਸ ਵਿਚ ਆਸ਼ਾ ਵਰਕਰ ਨੂੰ ਲਗਭਗ 400 ਰੁਪਏ ਤਕ ਮਿਲਦੇ ਹਨ। ਇਸ ਤੋਂ ਇਲਾਵਾ ਪ੍ਰਤੀ ਮਹੀਨਾ ਆਸ਼ਾ ਵਰਕਰ ਨੂੰ ਸਰਕਾਰ 2500 ਰੁਪਏ ਵੀ ਦਿੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News