ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂਘਰਾਂ ’ਚ ਜੁੜਿਆ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ
Monday, Dec 18, 2023 - 02:39 PM (IST)
ਜਲੰਧਰ (ਰਾਜੂ ਅਰੋੜਾ)-‘ਹਿੰਦ ਦੀ ਚਾਦਰ’, ਤਿਲਕ-ਜੰਝੂ ਨੂੰ ਬਚਾਉਣ ਲਈ ਆਪਣਾ ਸੀਸ ਨਿਛਾਵਰ ਕਰਨ ਵਾਲੇ, ਧਰਮ ਰੱਖਿਅਕ, ਨੌਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਐਤਵਾਰ ਵੱਖ-ਵੱਖ ਗੁਰਦੁਆਰਿਆਂ ਵਿਚ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਜੁੜਿਆ। ਪੰਥ ਪ੍ਰਸਿੱਧ ਰਾਗੀ ਜਥਿਆਂ, ਕਥਾਵਾਚਕਾਂ ਅਤੇ ਪ੍ਰਚਾਰਕਾਂ ਨੇ ਗੁਰੂ ਦਰਬਾਰਾਂ ਵਿਚ ਹਾਜ਼ਰੀਆਂ ਭਰੀਆਂ ਅਤ ਸੰਗਤਾਂ ਨੂੰ ਅੰਮ੍ਰਿਤਮਈ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਸਰਵਣ ਕਰਵਾਈਆਂ।
ਗੁ. ਨੌਵੀਂ ਪਾਤਸ਼ਾਹੀ: ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਸ਼ਹੀਦੀ ਦਿਹਾੜੇ ਸਬੰਧੀ 10 ਦਸੰਬਰ ਤੋਂ ਚੱਲ ਰਹੇ ਲੜੀਵਾਰ ਸਮਾਗਮਾਂ ਦੀ ਅੱਜ ਨਿਰਵਿਘਨਤਾ ਨਾਲ ਸਮਾਪਤੀ ਹੋ ਗਈ। ਸ਼ਹੀਦੀ ਦਿਹਾੜੇ ਵਾਲੇ ਦਿਨ ਸਵੇਰ ਅਤੇ ਸ਼ਾਮ ਦੋਵੇਂ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਭਾਈ ਸਤਬੀਰ ਸਿੰਘ ਹਜ਼ੂਰੀ ਰਾਗੀ, ਭਾਈ ਸਤਨਾਮ ਸਿੰਘ ਬੈਂਕਾ ਅਤੇ ਭਾਈ ਜਬਰਤੋੜ ਸਿੰਘ (ਦੋਵੇਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ), ਗਿਆਨੀ ਸਰਬਜੀਤ ਸਿੰਘ, ਭਾਈ ਸਤਬੀਰ ਸਿੰਘ ਹਜ਼ੂਰੀ ਰਾਗੀ, ਭਾਈ ਬਰਿੰਦਰ ਸਿੰਘ, ਬੀਬੀ ਜਸਜੀਤ ਕੌਰ ਐਡਵੋਕੇਟ, ਭਾਈ ਕਮਲਪ੍ਰੀਤ ਸਿੰਘ (ਤੰਤੀ ਸਾਜ਼ਾਂ ਵਾਲੇ), ਭਾਈ ਕੁਲਦੀਪ ਸਿੰਘ ਦਮਦਮੀ ਟਕਸਾਲ ਮਹਿਤਾ ਚੌਕ ਵਾਲੇ, ਭਾਈ ਸੁਖਵਿੰਦਰ ਸਿੰਘ ਹਜ਼ੂਰੀ ਰਾਗੀ, ਭਾਈ ਸਰਬਜੀਤ ਸਿੰਘ ਖਾਲਸਾ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਸੁਣਾ ਕੇ ਨਿਹਾਲ ਕੀਤਾ। ਸਮਾਗਮਾਂ ਦੌਰਾਨ ਸਟੇਜ ਸਕੱਤਰ ਦੀ ਸੇਵਾ ਮਨਪ੍ਰੀਤ ਸਿੰਘ ਗਾਬਾ ਨੇ ਨਿਭਾਈ। ਮੁੱਖ ਸੇਵਾਦਾਰ ਜਥੇਦਾਰ ਜਗਜੀਤ ਸਿੰਘ ਗਾਬਾ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰੂ ਤੇ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਕੀਤੀ। ਉਨ੍ਹਾਂ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਸਮਾਗਮਾਂ ਦੀ ਸਫ਼ਲਤਾ ਵਿਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਗੁ. ਨੌਵੀਂ ਪਾਤਸ਼ਾਹੀ ਦੀ ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਬੀਬੀ ਗੁਰਚਰਨ, ਬੀਬੀ ਪ੍ਰੀਤਮ ਕੌਰ ਸਕੱਤਰ, ਬੀਬੀ ਗੁਰਵਿੰਦਰ ਕੌਰ ਮੀਤ ਪ੍ਰਧਾਨ, ਬੀਬੀ ਰਜਿੰਦਰ ਕੌਰ, ਬੀਬੀ ਹਰਪਾਲ ਕੌਰ ਅਤੇ ਬੀਬੀ ਕੰਵਲਜੀਤ ਕੌਰ ਬਵੇਜਾ ਵੱਲੋਂ ਬਿਲਡਿੰਗ ਦੀ ਉਸਾਰੀ ਵਿਚ ਯੋਗਦਾਨ ਪਾਉਣ ਹਿੱਤ ਪ੍ਰਬੰਧਕ ਕਮੇਟੀ ਨੂੰ 6 ਰੁਪਏ ਦਿੱਤੇ ਗਏ, ਜਿਨ੍ਹਾਂ ਨੂੰ ਪ੍ਰਧਾਨ ਜਗਜੀਤ ਸਿੰਘ ਗਾਬਾ ਵੱਲੋਂ ਗੁਰੂਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮਾਂ ਵਿਚ ਜਗਜੀਤ ਸਿੰਘ ਗਾਬਾ, ਕੰਵਲਜੀਤ ਸਿੰਘ ਓਬਰਾਏ, ਮਨਜੀਤ ਸਿੰਘ ਠੁਕਰਾਲ, ਕੰਵਲਜੀਤ ਸਿੰਘ ਸੈਕਟਰੀ, ਗੁਰਵਿੰਦਰ ਸਿੰਘ (ਸੰਤ-ਮੋਟਰਜ਼), ਪਰਮਜੀਤ ਸਿੰਘ ਭਲਵਾਨ, ਜੋਗਿੰਦਰ ਸਿੰਘ ਲਾਇਲਪੁਰੀ, ਦਲਜੀਤ ਸਿੰਘ (ਲੈਂਡ-ਲਾਰਡ), ਸੁਰਜੀਤ ਸਿੰਘ ਸੇਤੀਆ, ਹਰਜਿੰਦਰ ਸਿੰਘ (ਲੈਂਡ-ਲਾਰਡ), ਦਲਜੀਤ ਸਿੰਘ ਗਾਬਾ, ਕੁਲਵਿੰਦਰ ਸਿੰਘ ਮੱਲ੍ਹੀ, ਸ਼ਹਿਰ ਦੀਆਂ ਸਿੰਘ ਸਭਾਵਾਂ ਦੇ ਨੁਮਾਇੰਦਿਆਂ, ਪਤਵੰਤਿਆਂ ਸਮੇਤ ਇਲਾਕੇ ਦੀਆਂ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ।
ਇਹ ਵੀ ਪੜ੍ਹੋ : ਟ੍ਰੈਵਲ ਏਜੰਟ ਦੀ ਗੱਡੀ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਹੁਣ 5 ਦੀ ਜਗ੍ਹਾ ਮੰਗੀ ਢਾਈ ਕਰੋੜ ਦੀ ਫਿਰੌਤੀ
ਗੁ. ਗੁਰੂ ਤੇਗ ਬਹਾਦਰ ਸੈਂਟਰਲ ਟਾਊਨ : ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਂਟਰਲ ਟਾਊਨ ਵਿਖੇ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਸਬੰਧੀ ਸੋਮਵਾਰ ਤੋਂ ਚੱਲ ਰਹੀ ਸਮਾਗਮਾਂ ਦੀ ਲੜੀ ਦੀ ਅੱਜ ਨਿਰਵਿਘਨਤਾ ਨਾਲ ਸੰਪੂਰਨਤਾ ਹੋ ਗਈ। ਸ਼ਹੀਦੀ ਦਿਹਾੜੇ ਸਬੰਧੀ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅੱਜ ਸਵੇਰ ਤੇ ਸ਼ਾਮ ਦੋਵੇਂ ਸਮੇਂ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਪੰਥ ਪ੍ਰਸਿੱਧ ਰਾਗੀ ਜਥਿਆਂ ਭਾਈ ਨਵਨੀਤ ਸਿੰਘ ਤੇ ਭਾਈ ਹਰਵਿੰਦਰ ਸਿੰਘ (ਦੋਵੇਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ), ਭਾਈ ਗੁਰਬਾਜ ਸਿੰਘ ਪਾਰਸ (ਹਜ਼ੂਰੀ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ), ਭਾਈ ਅਰਸ਼ਦੀਪ ਸਿਘ ਲੁਧਿਆਣਾ ਅਖੰਡ ਕੀਰਤਨੀ ਜਥਾ, ਭਾਈ ਸੁਖਵਿੰਦਰ ਸਿੰਘ ਸਹਿਜ, ਭਾਈ ਸ਼ਨਬੀਰ ਸਿੰਘ, ਭਾਈ ਜਗਦੇਵ ਸਿੰਘ ਦੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਦੀ ਹਾਜ਼ਰੀ ਲੁਆਈ। ਇਸ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ, ਗਿਆਨੀ ਜਗਜੀਤ ਸਿੰਘ, ਗਿਆਨੀ ਬਲਬੀਰ ਸਿੰਘ ਅਤੇ ਗਿਆਨੀ ਮਨਜੀਤ ਸਿੰਘ ਸੇਵਕ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰਇਤਿਹਾਸ ’ਤੇ ਵੀ ਚਾਨਣਾ ਪਾਇਆ। ਸਮਾਗਮਾਂ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਡਿੰਪੀ ਨੇ ਬਾਖੂਬੀ ਨਿਭਾਈ। ਪ੍ਰਧਾਨ ਚਰਨਜੀਤ ਸਿੰਘ (ਡੀ. ਸੀ. ਟਾਇਰ) ਨੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ।
ਸਮਾਗਮਾਂ ਵਿਚ ਸਾਬਕਾ ਵਿਧਾਇਕ ਤੇ ਜ਼ਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਸੁਧੀਰ ਘੁੱਗੀ, ਭਾਜਪਾ ਆਗੂ ਅਮਰਜੀਤ ਸਿੰਘ ਅਮਰੀ, ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਕੁਲਵੰਤ ਸਿੰਘ ਮੰਨਣ, ਸਿੰਘ ਸਭਾਵਾਂ ਦੇ ਨੁਮਾਇੰਦੇ ਹਰਜੋਤ ਸਿੰਘ ਲੱਕੀ, ਕੁਲਜੀਤ ਸਿੰਘ ਚਾਵਲਾ, ਗੁਰਜੀਤ ਸਿੰਘ ਪੋਪਲੀ ਅਤੇ ਭੁਪਿੰਦਰਪਾਲ ਸਿੰਘ ਖਾਲਸਾ ਆਦਿ ਪਤਵੰਤੇ ਸੱਜਣਾਂ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਜਤਿੰਦਰ ਸਿੰਘ ਖਾਲਸਾ, ਗੁਰਚਰਨ ਸਿੰਘ ਬਾਗਾਂ ਵਾਲੇ, ਰਜਿੰਦਰ ਸਿੰਘ ਬੇਦੀ, ਬਲਜੀਤ ਸਿੰਘ ਸੇਠੀ, ਬਲਬੀਰ ਸਿੰਘ, ਰਵਿੰਦਰ ਸਿੰਘ ਰੀਹਲ, ਦਵਿੰਦਰ ਸਿੰਘ, ਸਰਦੂਲ ਸਿੰਘ, ਜਸਵਿੰਦਰ ਸਿੰਘ, ਸਰਬਜੀਤ ਸਿੰਘ, ਬਲਦੇਵ ਸਿੰਘ ਕੁੰਦੀ ਐਡਵੋਕੇਟ, ਸੁਖਦੇਵ ਸਿੰਘ ਸਹਿਗਲ, ਮਨਵਿੰਦਰ ਸਿੰਘ ਸਹਿਗਲ, ਹਰਜਿੰਦਰ ਸਿੰਘ, ਗੁਰਮਿੰਦਰ ਸਿੰਘ ਗੋਮਾ, ਗੁਰਜੀਤ ਸਿੰਘ ਪਰੀ ਮਹਿਲ, ਅਮਰਜੀਤ ਸਿੰਘ ਬੰਟੀ, ਹਰਵਿੰਦਰ ਸਿੰਘ ਸੱਗੂ ਅਤੇ ਚਰਨਜੀਤ ਸਿੰਘ ਮੱਕੜ ਆਦਿ ਹਾਜ਼ਰ ਸਨ।
ਗੁ. ਛੇਵੀਂ ਪਾਤਸ਼ਾਹੀ : ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸ਼ਹੀਦੀ ਦਿਹਾੜੇ ਸਬੰਧੀ ਅੰਮ੍ਰਿਤ ਵੇਲੇ ਤੋਂ ਮੁੱਖ ਦਰਬਾਰ ਹਾਲ ਵਿਖੇ ਸਜਾਏ ਗਏ ਦੀਵਾਨ ਵਿਚ ਭਾਰੀ ਗਿਣਤੀ ਸੰਗਤਾਂ ਨੇ ਗੁਰਅਸਥਾਨ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਪ੍ਰਤੀ ਆਪਣੀ ਅਕੀਦਤ ਦਾ ਪ੍ਰਗਟਾਵਾ ਕੀਤਾ। ਪੰਜ ਬਾਣੀਆਂ ਦੇ ਨਿੱਤਨੇਮ ਉਪਰੰਤ ਦੁਪਹਿਰ 12 ਵਜੇ ਤੱਕ ਕੀਰਤਨ ਅਤੇ ਕਥਾ ਦੇ ਪ੍ਰਵਾਹ ਦੌਰਾਨ ਚੱਲ ਰਹੀ ਲੜੀ ਤਹਿਤ ਸਹਿਜ ਪਾਠਾਂ ਦੀ ਸੰਪੂਰਨਤਾ ਹੋਈ ਅਤੇ ਅਗਲੇ ਸਹਿਜ ਪਾਠ ਦੀ ਆਰੰਭਤਾ ਗੁਰਚਰਨ ਸਿੰਘ ਚੰਨੀ ਦੇ ਪਰਿਵਾਰ ਵੱਲੋਂ ਹੋਈ। ਗੁਰਦੁਆਰਾ ਸਾਹਿਬ ਦੇ ਸਕੱਤਰ ਇੰਦਰਪਾਲ ਸਿੰਘ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਸਬੰਧੀ ਜਾਣੂ ਕਰਵਾਇਆ।
ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਬੈਂਕਾਂ ਦੇ ਜਥੇ ਨੇ ਵੈਰਾਗਮਈ ਕੀਰਤਨ ਜ਼ਰੀਏ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਨੂੰ ਇਨ੍ਹਾਂ ਸ਼ਹਾਦਤ ਵਾਲੇ ਦਿਹਾੜਿਆਂ ਦੌਰਾਨ ਕੋਈ ਵੀ ਖ਼ੁਸ਼ੀ ਦੇ ਕਾਰਜ ਕਰਨ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ ਅਤੇ ਗੁਰਦੁਆਰਾ ਸਾਹਿਬ ਵਿਖੇ ਸਾਦਾ ਲੰਗਰ ਪ੍ਰਸ਼ਾਦਿ ਵਰਤਾਉਣ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ, ਇਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਦੀਵਾਨ ਹਾਲ ਵਿਖੇ ਸ਼ਾਮਲ ਸੰਗਤਾਂ ਵਿਚ ਜ਼ਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਆਗੂ ਗੁਰਚਰਨ ਸਿੰਘ ਚੰਨੀ, ਗੁਰਦੁਆਰਾ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਗੁਰਕਿਰਪਾਲ ਸਿੰਘ, ਚੇਅਰਮੈਨ ਕੋਰ ਕਮੇਟੀ ਹਰਜੀਤ ਸਿੰਘ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਕੁਲਵੰਤਬੀਰ ਸਿੰਘ, ਸਤਿੰਦਰਪਾਲ ਸਿੰਘ ਛਾਬੜਾ, ਚਰਨਜੀਤ ਸਿੰਘ ਸਰਾਫ, ਬਲਵਿੰਦਰ ਸਿੰਘ ਹੇਅਰ, ਬਿਸ਼ਨ ਸਿੰਘ, ਅਕਾਲੀ ਰਛਪਾਲ ਸਿੰਘ, ਚਰਨਜੀਤ ਸਿੰਘ ਨਰੈਣ ਨਗਰ, ਇੰਦਰਪਾਲ ਸਿੰਘ, ਗੁਰਜੀਤ ਸਿੰਘ, ਗੁਰਦੀਪ ਸਿੰਘ, ਹਰਬੰਸ ਸਿੰਘ ਫੋਨ ਵਿਭਾਗ, ਬਲਵੰਤ ਸਿੰਘ ਬਿਜਲੀ ਬੋਰਡ, ਸੇਵਾ ਸਿੰਘ, ਕੁਲਦੀਪ ਸਿੰਘ (ਬੀ. ਐੱਸ. ਐੱਫ.) ਜਸਬੀਰ ਸਿੰਘ ਆਦਿ ਪਤਵੰਤੇ ਸੁਸ਼ੋਭਿਤ ਸਨ। ਦੀਵਾਨ ਦੀ ਸਮਾਪਤੀ ਉਪਰੰਤ ਸਮੂਹ ਸੰਗਤਾਂ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਗੁ. ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ: ਸ਼ਹੀਦੀ ਦਿਹਾੜੇ ਸਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਢਲ ਰੋਡ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਾਮ 6 ਤੋਂ ਰਾਤ 10 ਵਜੇ ਤਕ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਈ ਚਰਨਜੀਤ ਸਿੰਘ ਹਜ਼ੂਰੀ ਰਾਗੀ, ਭਾਈ ਰਣਜੀਤ ਸਿੰਘ ਕਥਾਵਾਚਕ ਅਤੇ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਵੈਰਾਗੀਮਈ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਵਾਈਆਂ। ਜਨਰਲ ਸਕੱਤਰ ਅਰਵਿੰਦਰ ਸਿੰਘ ਰੇਰੂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਲਾਸਾਨੀ ਸ਼ਹੀਦਾਂ ਦੀ ਯਾਦ ਵਿਚ ਕਰਵਾਏ ਗਏ ਗੁਰਮਤਿ ਸਮਾਗਮ ਵਿਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਸਮਾਗਮ ਵਿਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਜਨ ਸਿੰਘ ਨੰਦਰਾ, ਚੇਅਰਮੈਨ ਪਰਮਜੀਤ ਸਿੰਘ ਭਾਟੀਆ, ਮੀਤ ਸਕੱਤਰ ਸੁਰਿੰਦਰ ਸਿੰਘ ਗੁਲਾਟੀ, ਗੁਰਪ੍ਰੀਤ ਸਿੰਘ ਡਿਪਟੀ, ਜਗਜੀਤ ਸਿੰਘ ਜੇ. ਸੀ. ਬੀ, ਕੁਸ਼ਪਾਲ ਸਿੰਘ, ਜਸਵਿੰਦਰ ਸਿੰਘ ਚਾਵਲਾ, ਕੰਵਲਜੀਤ ਸਿੰਘ ਸੇਠੀ, ਹਰਮਿੰਦਰ ਸਿੰਘ, ਤਜਿੰਦਰ ਸਿੰਘ ਲੱਕੀ, ਤਜਿੰਦਰ ਸਿੰਘ ਸੀ. ਏ., ਗੁਨਜੀਤ ਸਿੰਘ, ਹਰਪ੍ਰੀਤ ਸਿੰਘ ਘਈ, ਦਲਬੀਰ ਸਿੰਘ, ਜਸਬੀਰ ਸਿੰਘ, ਕੰਵਲਜੀਤ ਸਿੰਘ ਗੁੱਲੂ, ਗੁਰਦੀਪ ਸਿੰਘ ਸੱਭਰਵਾਲ ਆਦਿ ਨੇ ਹਾਜ਼ਰੀ ਭਰੀ।
ਇਹ ਵੀ ਪੜ੍ਹੋ : ਦੇਸ਼ ਖਾਤਿਰ ਜਾਨਾਂ ਵਾਰਨ ਵਾਲੇ ਸ਼ਹੀਦਾਂ ਦਾ ਸਮੁੱਚਾ ਮੁਲਕ ਕਰਜ਼ਦਾਰ ਰਹੇਗਾ: ਭਗਵੰਤ ਮਾਨ
ਗੁ. ਡਿਫੈਂਸ ਕਾਲੋਨੀ : ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ (ਰਜਿ.) ਡਿਫੈਂਸ ਕਾਲੋਨੀ ਜਲੰਧਰ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧੀ ਸਵੇਰ ਤੇ ਸ਼ਾਮ ਦੋਵੇਂ ਸਮੇਂ ਦੀਵਾਨ ਸਜਾਏ ਗਏ। ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਮਨਦੀਪ ਸਿੰਘ ਹਜ਼ੂਰੀ ਰਾਗੀ, ਭਾਈ ਬਲਜੀਤ ਸਿੰਘ ਅਤੇ ਭਾਈ ਯਸ਼ਪਾਲ ਸਿੰਘ ਦੀਵਾਲੀ ਵਾਲਿਆਂ ਦੇ ਜਥਿਆਂ ਨੇ ਕੀਰਤਨ ਦੀ ਹਾਜ਼ਰੀ ਲੁਆਈ। ਭਾਈ ਗੁਰਦਿੱਤ ਸਿੰਘ ਨੇ ਗੁਰੂ ਮਹਾਰਾਜ ਜੀ ਦੇ ਜੀਵਨ ਸਬੰਧੀ ਵਿਸਥਾਰ ਸਹਿਤ ਸੰਗਤਾਂ ਨੂੰ ਜਾਣੂ ਕਰਵਾਇਆ। ਪ੍ਰਧਾਨ ਗੁਰਨਾਮ ਸਿੰਘ ਪੇਲੀਆ ਤੇ ਜਨਰਲ ਸਕੱਤਰ ਜਸਬੀਰ ਸਿੰਘ ਰੰਧਾਵਾ ਨੇ ਸਮਾਗਮ ਵਿਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਦੂਲ ਸਿੰਘ ਰੰਧਾਵਾ, ਅਵਤਾਰ ਸਿੰਘ ਵਾਲੀਆ, ਡਾ. ਤਰਲੋਕ ਸਿੰਘ ਰੰਧਾਵਾ, ਚਰਨਜੀਤ ਸਿੰਘ ਬੇਦੀ, ਜਗਵਿੰਦਰ ਸਿੰਘ, ਹਰਬਲਬੀਰ ਸਿੰਘ ਨਿੱਝਰ, ਬਲਬੀਰ ਸਿੰਘ ਸੰਧੂ, ਸਤਿੰਦਰਪਾਲ ਸਿੰਘ, ਇੰਦਰਮੋਹਨ ਸਿੰਘ, ਸੋਨੂੰ ਭਾਟੀਆ, ਬੀਬੀ ਪ੍ਰਕਾਸ਼ ਕੌਰ ਪੇਲੀਆ, ਬੀਬੀ ਕੁਲਜਿੰਦਰਜੀਤ ਕੌਰ ਰੰਧਾਵਾ, ਬੀਬੀ ਹਰਿੰਦਰ ਕੌਰ ਸੈਣੀ, ਬੀਬੀ ਹਰਜੀਤ ਕੌਰ ਬਾਹੀਆ, ਬੀਬੀ ਕੁਲਦੀਪ ਕੌਰ ਸੈਣੀ, ਬੀਬੀ ਕਰਮਜੀਤ ਕੌਰ ਸੋਹਲ, ਬੀਬੀ ਗੁਰਮੀਤ ਕੌਰ ਰੰਧਾਵਾ, ਬੀਬੀ ਅਮਰਜੀਤ ਕੌਰ, ਬੀਬੀ ਇਕਾਂਤਪਾਲ ਕੌਰ, ਬੀਬੀ ਚਰਨਜੀਤ ਕੌਰ ਆਦਿ ਨੇ ਹਾਜ਼ਰੀਆਂ ਭਰੀਆਂ।
ਇਹ ਵੀ ਪੜ੍ਹੋ : ਕਾਂਗਰਸ ਤੇ 'ਆਪ' ਦੇ ਗਠਜੋੜ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸੁਖਬੀਰ ਦੀ ਮੁਆਫ਼ੀ 'ਤੇ ਵੀ ਸੁਣੋ ਕੀ ਬੋਲੇ
ਗੁ. ਆਦਰਸ਼ ਨਗਰ: ਸ਼ਹੀਦੀ ਦਿਹਾੜੇ ਸਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ਵਿਖੇ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਉਪਰੰਤ ਵਿਸ਼ੇਸ਼ ਦੀਵਾਨ ਸਜਾਇਆ ਗਿਆ। ਇਸ ਮੌਕੇ ਹੋਰਨਾਂ ਰਾਗੀ ਜਥਿਆਂ ਤੇ ਪ੍ਰਚਾਰਕਾਂ ਤੋਂ ਇਲਾਵਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਬਰਤੋੜ ਸਿੰਘ ਨੇ ਸੰਗਤਾਂ ਨੂੰ ਸਵੇਰੇ 8.30 ਤੋਂ 9.30 ਵਜੇ ਤਕ ਅੰਮ੍ਰਿਤਮਈ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਥਿਆੜਾ ਨੇ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਉਪਰੰਤ ਗਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਦੀਵਾਨ ਵਿਚ ਜਨਰਲ ਸਕੱਤਰ ਗੁਰਮੀਤ ਸਿੰਘ ਬਸਰਾ, ਖਜ਼ਾਨਚੀ ਹਰਜਿੰਦਰ ਸਿੰਘ ਲਾਡਾ, ਪ੍ਰਭ ਸਿੰਘ, ਹਰਜਿੰਦਰ ਸਿੰਘ ਠੇਕੇਦਾਰ, ਅਮਰਜੀਤ ਸਿੰਘ ਬਸਰਾ, ਮਨਜੀਤ ਸਿੰਘ ਬਿੰਦਰਾ, ਬਰਿੰਦਰ ਸਿੰਘ ਸਾਹਨੀ, ਸਤਨਾਮ ਸਿੰਘ, ਸੁਖਵਿੰਦਰ ਸਿੰਘ ਸਲੋਪਲ, ਚਰਨਜੀਤ ਸਿੰਘ ਰਾਜਪਾਲ, ਸੁਰਿੰਦਰ ਕੌਰ ਨਰੂਲਾ, ਰਛਪਾਲ ਕੌਰ ਥਿਆੜਾ, ਗੁਰਿੰਦਰ ਕੌਰ ਗੁੰਬਰ, ਕਮਲਜੀਤ ਸਿੰਘ ਕੌਰ, ਲਖਵਿੰਦਰ ਕੌਰ, ਮਨਜੀਤ ਕੌਰ ਪਰੂਥੀ ਆਦਿ ਨੇ ਹਾਜ਼ਰੀ ਭਰੀ।
ਗੁ. ਗੁਰੂ ਨਾਨਕ ਮਿਸ਼ਨ : ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਗੁਰੂ ਨਾਨਕ ਚੌਕ ਵਿਖੇ ਧਰਮ ਰੱਖਿਅਕ, ਨੌਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ। ਇਸ ਸਬੰਧੀ ਅੰਮ੍ਰਿਤ ਵੇਲੇ ਪੰਜ ਬਾਣੀਆਂ ਦੇ ਨਿਤਨੇਮ ਉਪਰੰਤ ਸਜਾਏ ਗਏ ਦੀਵਾਨ ਵਿਚ ਹਜ਼ੂਰੀ ਰਾਗੀ ਭਾਈ ਰਾਜਵੀਰ ਸਿੰਘ ਖਾਲਸਾ ਤੇ ਸਾਥੀਆਂ ਨੇ ਸੰਗਤਾਂ ਨੂੰ ਇਲਾਹੀ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਉਪਰੰਤ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨਾਲ ਸਬੰਧਤ ਇਤਿਹਾਸ ਸਰਵਣ ਕਰਵਾਇਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਬਖਸ਼ ਸਿੰਘ ਜੁਨੇਜਾ ਨੇ ਹਾਜ਼ਰ ਸੰਗਤਾਂ ਨੂੰ ਗੁਰ-ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਬਿਤਾਉਣ ਤੇ ਨਾਮ-ਸਿਮਰਨ ਕਰਨ ਦੀ ਪ੍ਰੇਰਨਾ ਦਿੱਤੀ। ਦੀਵਾਨ ਵਿਚ ਸੁਖਦੇਵ ਸਿੰਘ ਗਾਂਧੀ, ਭਾਈ ਸੁਰਿੰਦਰ ਸਿੰਘ, ਭਾਈ ਕਰਮਜੀਤ ਸਿੰਘ, ਭਾਈ ਮੇਵਾ ਸਿੰਘ, ਨੌਜਵਾਨ ਸਭਾ ਦੇ ਚੇਅਰਮੈਨ ਚਰਨਜੀਵ ਸਿੰਘ ਲਾਲੀ ਅਤੇ ਹੋਰ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ : ਸੰਵਿਧਾਨ ’ਚ ਨਹੀਂ ਹੈ ਡਿਪਟੀ CM ਅਹੁਦੇ ਦਾ ਜ਼ਿਕਰ ਪਰ ਸਿਆਸੀ ਪਾਰਟੀਆਂ ਨੂੰ ਖੂਬ ‘ਸੂਟ’ ਕਰ ਰਿਹਾ ਹੈ ਇਹ ਅਹੁਦਾ