ਸ਼ਹੀਦਾਂ ਦੇ ਸਨਮਾਨ ਨੂੰ ਨਜ਼ਰਅੰਦਾਜ਼ ਕਰ ਕੇ ਪਾਰਟੀ ਦੀ ਇੱਜ਼ਤ ਬਚਾ ਗਏ ਕਾਂਗਰਸੀ
Thursday, Dec 27, 2018 - 06:41 AM (IST)

ਜਲੰਧਰ, (ਚੋਪੜਾ)- ਬਾਦਲ ਸਰਕਾਰ ਦੇ ਰਾਜ ’ਚ ਸ਼ਹੀਦਾਂ ਦੀਆਂ ਯਾਦਗਾਰਾਂ ਦੀ ਬਦਇੰਤਜ਼ਾਮੀ ਤੇ ਸ਼ਹੀਦਾਂ ਪ੍ਰਤੀ ਸੋਚ ਬਦਲਣ ਦੀਅਾਂ ਅਧਿਕਾਰੀਆਂ ਨੂੰ ਚਿਤਾਵਨੀਆਂ ਦੇਣ ਵਾਲੇ ਕਾਂਗਰਸੀਆਂ ਦੀ ਅੱਜ ਉਸ ਸਮੇਂ ਬੇਹੱਦ ਕਿਰਕਰੀ ਹੋਈ, ਜਦੋਂ ਜ਼ਿਲਾ ਕਾਂਗਰਸ ਸ਼ਹਿਰੀ ਦੇ ਕਾਰਜਕਾਰੀ ਪ੍ਰਧਾਨ ਦਲਜੀਤ ਆਹਲੂਵਾਲੀਆ ਦੀ ਅਗਵਾਈ ’ਚ ਕਾਂਗਰਸੀ ਆਗੂ ਸ਼ਹੀਦ ਉੂਧਮ ਸਿੰਘ ਦੇ ਜਨਮ ਦਿਨ ਮੌਕੇ ਸਥਾਨਕ ਸ਼ਹੀਦ ਉਧਮ ਸਿੰਘ ਚੌਕ ਵਿਚ ਸਥਾਪਤ ਉਨ੍ਹਾਂ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ ਪਰ ਯਾਦਗਾਰ ’ਤੇ ਬਦਇੰਤਜ਼ਾਮੀ ਦੇ ਅਜਿਹੇ ਹਾਲਾਤ ਸਨ ਕਿ ਸ਼ਹੀਦ ਦੇ ਬੁੱਤ ਦੇ ਗਲੇ ਵਿਚ ਸੁੱਕੇ ਫੁੱਲਾਂ ਦੇ ਹਾਰ ਨਜ਼ਰ ਆ ਰਹੇ ਸਨ, ਯਾਦਗਾਰ ਦੀ ਸਫਾਈ ਨਹੀਂ ਹੋਈ ਸੀ ਤੇ ਹਰ ਥਾਂ ਗੰਦਗੀ ਫੈਲੀ ਹੋਈ ਸੀ।
ਅਜਿਹੇ ਹਾਲਾਤ ਵੇਖਣ ’ਤੇ ਵੀ ਆਹਲੂਵਾਲੀਆ ਸਣੇ ਹੋਰ ਕਾਂਗਰਸੀ ਆਗੂਆਂ ਨੇ ਸ਼ਹੀਦਾਂ ਦੇ ਆਦਰ-ਸਨਮਾਨ ਨੂੰ ਨਜ਼ਰਅੰਦਾਜ਼ ਕਰਦਿਆਂ ਚੁੱਪ ਧਾਰਨ ਵਿਚ ਹੀ ਬਿਹਤਰੀ ਸਮਝੀ ਤੇ ਪੌੜੀ ਆਉਣ ਦੀ ਚੁੱਪ-ਚਾਪ ਉਡੀਕ ਕਰਨ ਲੱਗੇ। ਸ਼ਾਇਦ ਮਜਬੂਰੀ ਸੀ ਕਿਉਂਕਿ ਹੁਣ ਸਿਆਸੀ ਸਮੀਕਰਣ ਬਦਲ ਚੁੱਕੇ ਹਨ ਤੇ ਪੰਜਾਬ ’ਚ ਕਾਂਗਰਸ ਸਰਕਾਰ ਹੈ ਤੇ ਨਿਗਮ ਵਿਚ ਵੀ ਕਾਂਗਰਸ ਦਾ ਕਬਜ਼ਾ ਹੈ। ਅਜਿਹੇ ਹਾਲਾਤ ’ਚ ਕਾਂਗਰਸ ਪ੍ਰਧਾਨ ਲਈ ਸ਼ਹੀਦਾਂ ਦੇ ਸਨਮਾਨ ਨਾਲੋਂ ਪਾਰਟੀ ਦੀ ਇੱਜ਼ਤ ਬਚਾਉਣੀ ਜ਼ਿਆਦਾ ਜ਼ਰੂਰੀ ਸੀ।
ਜ਼ਿਕਰਯੋਗ ਹੈ ਕਿ 2015 ਵਿਚ ਜਦੋਂ ਰਾਜਿੰਦਰ ਬੇਰੀ ਜ਼ਿਲਾ ਕਾਂਗਰਸ ਸ਼ਹਿਰੀ ਤੇ ਜਗਬੀਰ ਬਰਾੜ ਦਿਹਾਤੀ ਦੇ ਪ੍ਰਧਾਨ ਸਨ, ਉਸ ਸਮੇਂ ਸ਼ਹੀਦ ਉਧਮ ਸਿੰਘ ਦੇ ਜਨਮ ਦਿਨ ਮੌਕੇ ਇਸੇ ਯਾਦਗਾਰ ’ਤੇ ਪੌੜੀ ਦਾ ਪ੍ਰਬੰਧ ਨਾ ਹੋਣ ਕਾਰਨ ਅਤੇ ਸਫਾਈ ਦਾ ਪ੍ਰਬੰਧ ਨਾ ਹੋਣ ਕਾਰਨ ਕਾਂਗਰਸੀ ਆਗੂਆਂ ਨੇ ਸੰਸਦ ਮੈਂਬਰ ਸੰਤੋਖ ਚੌਧਰੀ, ਬੇਰੀ ਤੇ ਬਰਾੜ ਦੀ ਅਗਵਾਈ ਵਿਚ ਨਿਗਮ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਾਫੀ ਹੰਗਾਮਾ ਕੀਤਾ ਸੀ। ਅੱਜ ਜੇਕਰ ਉਹ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਮਾੜੇ ਪ੍ਰਬੰਧਾਂ ਬਾਰੇ ਬੋਲਦੇ ਹਨ ਤਾਂ ਉਨ੍ਹਾਂ ਦੀ ਜੱਗ ਹਸਾਈ ਹੋਣੀ ਤੈਅ ਸੀ। ਆਖਿਰ ਕਾਫੀ ਸਮੇਂ ਬਾਅਦ ਪੌੜੀ ਦਾ ਪ੍ਰਬੰਧ ਹੋਣ ’ਤੇ ਕਾਂਗਰਸੀ ਆਗੂਆਂ ਨੇ ਸ਼ਹੀਦ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵਿਧਾਇਕ ਸੁਸ਼ੀਲ ਰਿੰਕੂ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਦੇ ਮਹਾਨ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦ ਹਵਾ ਵਿਚ ਸਾਹ ਲੈ ਰਹੇ ਹਾਂ । ਉਨ੍ਹਾਂ ਕਿਹਾ ਕਿ ਜਿਸ ਦੇਸ਼ ਦੇ ਨੌਜਵਾਨਾਂ ’ਚ ਦੇਸ਼ ਭਗਤੀ ਦੀ ਭਾਵਨਾ ਹੋਵੇ ਉਹ ਦੇਸ਼ ਹੀ ਅਸਲ ਵਿਚ ਤਰੱਕੀ ਕਰਦੇ ਹਨ। ਸੂਬਾ ਕਾਂਗਰਸ ਦੇ ਜਨਰਲ ਸਕੱਤਰ ਸਤਨਾਮ ਬਿੱਟਾ ਤੇ ਬਲਰਾਜ ਠਾਕੁਰ, ਸੂਬਾ ਕਾਂਗਰਸ ਦੇ ਸਕੱਤਰ ਯਸ਼ਪਾਲ ਧੀਮਾਨ ਤੇ ਮਨਜੀਤ ਸਿੰਘ ਸਰੋਆ, ਕੌਂਸਲਰ ਪੁੱਤਰ ਅਨਮੋਲ ਗਰੋਵਰ, ਧੀਰਜ ਘਈ, ਸਮੀਰ ਲੂੰਬਾ, ਡਾ. ਅਮਰਜੀਤ ਰਾਏ, ਸੰਜੂ ਅਰੋੜਾ ਤੇ ਹੋਰ ਵੀ ਮੌਜੂਦ ਸਨ।