25 ਸਾਲਾਂ ਤੋਂ ਟ੍ਰੈਫਿਕ ਸਮੱਸਿਆ ਨਾਲ ਜੂਝ ਰਿਹਾ ਰਾਜਿਆਂ-ਮਹਾਰਾਜਿਆਂ ਦਾ ਸ਼ਹਿਰ ਕਪੂਰਥਲਾ!

01/05/2024 2:05:16 PM

ਕਪੂਰਥਲਾ (ਸੇਖੜੀ/ਹਨੀਸ਼)-ਰਾਜਿਆਂ-ਮਹਾਰਾਜਿਆਂ ਦਾ ਸ਼ਹਿਰ ਕਪੂਰਥਲਾ ਪਿਛਲੇ 25 ਸਾਲਾਂ ਤੋਂ ਟ੍ਰੈਫਿਕ ਸਮੱਸਿਆ ਜਾ ਜੂਝ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਪੂਰਥਲਾ ਦੀ ਅੰਮ੍ਰਿਤਸਰ ਰੋਡ ਖਾਲਸਾ ਸਕੂਲ ਵਾਲੇ ਚੌਂਕ ਤੋਂ ਸ਼ਾਲੀਮਾਰ ਬਾਗ ਚੌਂਕ, ਬਾਣੀਆ ਬਾਜ਼ਾਰ ਚੌਂਕ, ਕੋਤਵਾਲੀ ਚੌਂਕ, ਹਨੂਮਾਨ ਮੰਦਰ ਚੌਂਕ, ਸੱਤ ਨਾਰਾਇਣ ਚੌਂਕ, ਬੱਸ ਸਟੈਂਡ ਨੇੜੇ ਅਤੇ ਸ਼ਾਮ ਸਵੀਟਸ ਚੌਂਕ ਨੇੜੇ ਸਵੇਰੇ 8 ਤੋਂ ਰਾਤ 8 ਵਜੇ ਤੱਕ 12 ਘੰਟਿਆਂ ’ਚ ਘੱਟੋ-ਘੱਟ 36 ਵਾਰੀ ਇਨ੍ਹਾਂ ਸਾਰੇ ਚੌਰਸਤਿਆਂ ’ਤੇ ਟ੍ਰੈਫਿਕ ਜਾਮ ਹੀ ਰਹਿੰਦਾ ਹੈ, ਜਿਸ ਕਾਰਨ 5 ਮਿੰਟਾਂ ਦਾ ਇਹ ਰਸਤਾ ਅਕਸਰ 35 ਮਿੰਟਾਂ ’ਚ ਪੂਰਾ ਹੁੰਦਾ ਹੈ।

ਦੱਸ ਦੇਈਏ ਕਿ ਪਿਛਲੇ 25 ਸਾਲਾਂ ਦੌਰਾਨ ਕਾਂਗਰਸ, ਅਕਾਲੀ-ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਨੇਤਾ ਨੇ, ਸਿਵਲ ਅਫ਼ਸਰਾਂ ਅਤੇ ਪੁਲਸ ਅਫ਼ਸਰਾਂ ਨੂੰ ਸ਼ਹਿਰ ਦੀ ਇਸ ਪ੍ਰਮੁੱਖ ਟ੍ਰੈਫਿਕ ਸਮੱਸਿਆ ਦੇ ਢੁੱਕਵੇਂ ਇਲਾਜ ਵੱਲ ਪੂਰੀ ਸੰਜੀਦਗੀ ਨਾਲ ਧਿਆਨ ਹੀ ਨਹੀਂ ਦਿੱਤਾ, ਜਿਸ ਕਾਰਨ ਅੱਜ ਵੀ ਆਮ ਲੋਕਾਂ ਨੂੰ ਇਸ ਅੰਮ੍ਰਿਤਸਰ ਰੋਡ ’ਤੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲੇ ਲਈ ਏਰੀਅਰ ਬਣਿਆ ਪ੍ਰੇਸ਼ਾਨੀ ਦਾ ਸਬੱਬ, 9600 ਦਾ ਬਿੱਲ ਵੇਖ ਉੱਡੇ ਹੋਸ਼

ਟ੍ਰੈਫਿਕ ਸਪੈਸ਼ਲਿਸਟ ਪੁਲਸ ਅਧਿਕਾਰੀ ਦੀ ਲੋੜ
ਕਪੂਰਥਲਾ ’ਚ ਇਕ ਅਜਿਹੇ ਟ੍ਰੈਫਿਕ ਪੁਲਸ ਵਿਭਾਗ ਦੇ ਉੱਚ ਅਫ਼ਸਰ ਦੀ ਲੋੜ ਹੈ, ਜੋ ਟ੍ਰੈਫਿਕ ਸਪੈਸ਼ਲਿਸਟ ਹੋਵੇ ਅਤੇ ਕਪੂਰਥਲਾ ਦੀ ਇਸ ਬਿਗੜੀ ਹੋਈ ਟ੍ਰੈਫਿਕ ਸਮੱਸਿਆ ਨੂੰ ਕਿਸੇ ਤਰ੍ਹਾਂ ਸੁਲਝਾ ਕੇ ਲੋਕਾਂ ਨੂੰ ਸੁੱਖ ਦਾ ਸਾਹ ਦਿਵਾ ਸਕੇ। ਇਸ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਇਕ ਅਜਿਹੀ ਨਵੀਂ ਬਾਈਪਾਸ ਰੋਡ ਦੀ ਲੋੜ ਹੈ, ਜੋ ਖ਼ਾਲਸਾ ਸਕੂਲ ਦੇ ਨੇੜੇ ਤੋਂ ਅੰਮ੍ਰਿਤਸਰ ਵੱਲੋਂ ਅਤੇ ਫੱਤੂਢੀਂਗਾ ਵੱਲੋਂ ਆਉਣ ਵਾਲੇ ਸਾਰੇ ਕਾਰਾਂ, ਟਰਾਲੀਆਂ ਅਤੇ ਛੋਟੇ ਹਾਥੀਆਂ ਵਾਲੇ ਸਾਰੇ ਟ੍ਰੈਫਿਕ ਨੂੰ ਬਾਹਰ ਕਾਂਜਲੀ ਰੋਡ ’ਤੇ ਲਿਜਾ ਕੇ ਉਸ ਨੂੰ ਜਲੰਧਰ, ਅੰਮ੍ਰਿਤਸਰ ਵੱਲ ਤੇ ਬਾਹਰੋਂ ਬਾਹਰ ਘੁੰਮਾ ਕੇ ਮੁੜ ਤੋਂ ਬੱਸ ਸਟੈਂਡ ਵੱਲੋਂ ਸ਼ਹਿਰ ’ਚ ਲਿਆ ਸਕੇ। ਇਸ ਤਰ੍ਹਾਂ ਖਾਲਸਾ ਸਕੂਲ ਤੋਂ ਸ਼ਾਮ ਸਵੀਟਸ ਤੱਕ ਰੋਜ਼ਾਨਾ ਅਨੇਕਾਂ ਵਾਰੀ ਆਹਮਣੇ ਸਾਹਮਣੇ ਤੋਂ ਅੰਮ੍ਰਿਤਸਰ ਰੋਡ ’ਤੇ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਪੱਕੇ ਤੌਰ ’ਤੇ ਛੁਟਕਾਰਾ ਮਿਲ ਸਕਦਾ ਹੈ।

PunjabKesari

ਅੰਮ੍ਰਿਤਸਰ ਰੋਡ ਦੀ ਟ੍ਰੈਫਿਕ ਸਮੱਸਿਆ ਤੋਂ ਪੱਕੇ ਛੁਟਕਾਰੇ ਲਈ ਬਰਸਾਤੀ ਨਾਲੇ ਦੇ ਨਾਲ ਕੱਢੀ ਜਾ ਸਕਦੀ ਚੌੜੀ ਸੜਕ
ਅੰਮ੍ਰਿਤਸਰ ਰੋਡ ’ਤੇ ਖਾਲਸਾ ਸਕੂਲ ਤੋਂ ਸ਼ਾਮ ਸਵੀਟਸ ਵਾਲੇ ਚੌਕ ਤੱਕ ਰਸਤੇ ਵਿਚ ਆਉਣ ਵਾਲੇ 6 ਚੌਰਸਤਿਆਂ ’ਤੇ ਰੋਜ਼ਾਨਾ ਦਿਨ ਵਿਚ ਦਰਜਨਾਂ ਵਾਰ ਲੱਗਣ ਵਾਲੇ ਟ੍ਰੈਫਿਕ ਜਾਮਾਂ ਤੋਂ ਪੱਕੇ ਛੁਟਕਾਰੇ ਲਈ ਇਕ ਨਵੀਂ ਬਾਈਪਾਸ ਰੋਡ ਬਣਾਏ ਜਾਣ ਦੀ ਤੁਰੰਤ ਲੋੜ ਹੈ। ‘ਜਗ ਬਾਣੀ’ ਦੀ ਟੀਮ ਨੇ ਖਾਲਸਾ ਸਕੂਲ ਤੋਂ ਸ਼ਿਵ ਮੰਦਰ ਬ੍ਰਹਮਕੁੰਡ ਤੱਕ ਤੇ ਮੰਦਰ ਤੋਂ ਬਰਸਾਤੀ ਨਾਲੇ ਤੇ ਪੁਲਸ ਲਾਈਨ ਦੀ ਬੌਂਡਰੀ ਵਾਲੀ ਕੰਧ ਦੇ ਨਾਲ-ਨਾਲ ਕਾਂਜਲੀ ਰੋਡ ਤੱਕ ਲਗਭਗ 2 ਕਿਲੋਮੀਟਰ ਲੰਬੇ ਕੱਚੇ ਰਸਤੇ ਦਾ ਦੌਰਾ ਕੀਤਾ ਗਿਆ। ਪਤਾ ਚੱਲਿਆ ਹੈ ਕਿ ਇਹ ਕੱਚਾ ਰੱਸਤਾ ਜੋ ਵੱਖ-ਵੱਖ ਥਾਵਾਂ ’ਤੇ 30 ਫੁੱਟ ਤੋਂ 50 ਫੁੱਟ ਤੱਕ ਚੌੜਾ ਹੈ।

ਕਪੂਰਥਲਾ ਦੇ ਡਿਪਟੀ ਕਮਿਸ਼ਨਰ ਤੇ ਪੀ. ਡਬਲਿਊ. ਡੀ. ਵਿਭਾਗ ਕੋਲੋਂ ਮੰਗ ਕੀਤੀ ਜਾਂਦੀ ਹੈ ਕਿ ਇਸ ਕੱਚੇ ਚੌੜੇ ਰਸਤੇ ਨੂੰ ਨਵਾਂ ਪੱਕਾ ਤੇ ਘੱਟੋ-ਘੱਟ ਤਿੰਨ ਲੇਨ (36 ਫੁੱਟ) ਚੌੜਾ ਬਾਈਪਾਸ ਬਣਵਾਉਣ ਲਈ ਸਰਵੇ ਕਰਵਾ ਕੇ ਇਸ ਨੇਕ ਕੰਮ ਦੀ ਸ਼ੁਰੂਆਤ ਜਲਦ ਤੋਂ ਜਲਦ ਕਰਵਾ ਦੇਣੀ ਚਾਹੀਦੀ ਹੈ ਤਾਂ ਜੋ ਹਜ਼ਾਰਾਂ ਇਲਾਕਾ ਨਿਵਾਸੀਆਂ ਨੂੰ ਅੰਮ੍ਰਿਤਸਰ ਰੋਡ ਦੀ 25 ਸਾਲ ਪੁਰਾਣੀ ਟ੍ਰੈਫਿਕ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾ ਸਕੇ।

ਇਹ ਵੀ ਪੜ੍ਹੋ :  ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੀ ਸੰਗਤ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਗੱਡੀ ਦੇ ਉੱਡੇ ਪਰਖੱਚੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News