ਮੁੱਖ ਮੰਤਰੀ ਨੇ ਵਿਧਾਇਕ ਚੀਮਾ ਨਾਲ ਵੀਡੀਓ ਕਾਨਫਰੰਸ ਰਾਹੀਂ ਮੌਜੂਦਾ ਹਾਲਾਤ ’ਤੇ ਕੀਤੀ ਚਰਚਾ

06/08/2020 1:01:07 AM

ਕਪੂਰਥਲਾ, (ਧੀਰ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਵਿਧਾਇਕਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ। ਇਸੇ ਤਹਿਤ ਮੁੱਖ ਮੰਤਰੀ ਵੱਲੋਂ ਵਿਧਾਇਕ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ ਨਾਲ ਵੀਡੀਓ ਕਾਨਫਰੰਸ ਰਾਹੀਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਨੇ ਜਿਥੇ ਕੋਵਿਡ-19 ਨੂੰ ਲੈ ਕੇ ਜਿਥੇ ਚੀਮਾ ਕੋਲੋਂ ਤਾਜ਼ਾ ਜਾਣਕਾਰੀ ਹਾਸਲ ਕੀਤੀ ਉਥੇ ਹਲਕੇ ਦੇ ਵਿਕਾਸ ਅਤੇ ਹੋਰਨਾਂ ਮੁੱਦਿਆਂ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ। ਮੁੱਖ ਮੰਤਰੀ ਨੇ ਚੀਮਾ ਨੂੰ ਕਿਹਾ ਕਿ ਹਾਲੇ ਕੋਰੋਨਾ ਮਹਾਂਮਾਰੀ ਦਾ ਖ਼ਤਰਾ ਟਲਿਆ ਨਹੀਂ ਹੈ, ਇਸ ਲਈ ਉਹ ਹਲਕੇ ਵਿਚ ਲੋਕਾਂ ਨੂੰ ਕੋਰੋਨਾ ਸਬੰਧੀ ਅਹਿਤਿਆਤ ਵਰਤਣ ਦੀ ਅਪੀਲ ਕਰਨ, ਤਾਂ ਜੋ ਪੰਜਾਬ, ਜਿਹਡ਼ਾ ਕਿ ਪੂਰੇ ਭਾਰਤ ਵਿਚ ਕੋਰੋਨਾ ਮਰੀਜ਼ਾਂ ਨੂੰ ਸਿਹਤਮੰਦ ਕਰਨ ਵਿਚ ਨੰਬਰ ਇਕ ’ਤੇ ਹੈ, ਦਾ ਦਰਜਾ ਬਰਕਰਾਰ ਰੱਖ ਕੇ ਸੂਬੇ ਦੇ ਲੋਕਾਂ ਨੂੰ ਇਸ ਮਹਾਮਾਰੀ ਤੋਂ ਨਿਜ਼ਾਤ ਦਿਵਾਈ ਜਾ ਸਕੇ।

ਮੁੱਖ ਮੰਤਰੀ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਤੋਂ ਸੁਲਤਾਨਪੁਰ ਲੋਧੀ ਦੇ ਵਿਕਾਸ ਸਬੰਧੀ ਰਿਪੋਰਟ ਵੀ ਲਈ। ਇਸ ਸਬੰਧੀ ਚੀਮਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਿਹਡ਼ੇ ਕਰੋਡ਼ਾਂ ਰੁਪਏ ਦੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਸਨ, ਉਨਾਂ ਵਿਚੋਂ ਜ਼ਿਆਦਾਤਰ ਮੁਕੰਮਲ ਹੋ ਚੁੱਕੇ ਹਨ ਅਤੇ ਕੁਝ ਹੀ ਮੁਕੰਮਲ ਹੋਣੇ ਬਾਕੀ ਹਨ। ਮੁੱਖ ਮੰਤਰੀ ਨੇ ਚੀਮਾ ਨੂੰ ਲੰਬਿਤ ਪ੍ਰਾਜੈਕਟਾਂ ਦੀ ਵਿਸਥਾਰਤ ਰਿਪੋਰਟ ਲੈ ਕੇ ਜਲਦ ਹੀ ਉਨਾਂ ਨਾਲ ਮੀਟਿੰਗ ਕਰਨ ਲਈ ਕਿਹਾ। ਇਸ ਦੌਰਾਨ ਚੀਮਾ ਨੇ ਸਮਾਰਟ ਸਿਟੀ ਪ੍ਰਾਜੈਕਟ ਸਬੰਧੀ ਵੀ ਗੱਲਬਾਤ ਕੀਤੀ ਅਤੇ ਐਕਸਪ੍ਰੈੱਸ ਵੇਅ ਵਿਚ ਸੁਲਤਾਨਪੁਰ ਲੋਧੀ ਦੇ ਸ਼ਾਮਿਲ ਹੋਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਚੀਮਾ ਨੇ ਮੁੱਖ ਮੰਤਰੀ ਨਾਲ ਸੁਲਤਾਨਪੁਰ ਲੋਧੀ ਵਿਖੇ ਬਣਨ ਵਾਲੇ ‘ਪਿੰਡ ਬਾਬੇ ਨਾਨਕ ਦਾ’ ਦੇ ਪ੍ਰਾਜੈਕਟ ਬਾਰੇ ਵੀ ਚਰਚਾ ਕੀਤੀ।

ਮੁੱਖ ਮੰਤਰੀ ਨੇ ਇਸ ਦੌਰਾਨ ਆਉਣ ਵਾਲੇ ਮਾਨਸੂਨ ਸੀਜ਼ਨ ਬਾਰੇ ਵੀ ਗੱਲਬਾਤ ਕੀਤੀ ਅਤੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਅਤੇ ਹੋਰਨਾਂ ਇਲਾਕਿਆਂ ਵਿਚ ਜਿਥੇ ਕਿ ਪਿਛਲੇ ਮਾਨਸੂਨ ਸੀਜ਼ਨ ਦੌਰਾਨ ਹਡ਼ਾਂ ਨਾਲ ਕਾਫੀ ਨੁਕਸਾਨ ਹੋਇਆ ਸੀ, ਸਬੰਧੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਚੀਮਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਕਤ ਖੇਤਰ ਵਿਚ ਅਗਾਊਂ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਪਿਛਲੇ ਹਡ਼ਾਂ ਦੇ ਨੁਕਸਾਨ ਦੀ ਕਾਫੀ ਰਾਸ਼ੀ ਆ ਚੁੱਕੀ ਹੈ, ਪਰੰਤੂ ਅਜੇ ਕੁਝ ਬਕਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਕਾਇਆ ਰਾਸ਼ੀ ਵੀ ਜਲਦ ਹੀ ਰਿਲੀਜ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨਵਤੇਜ ਸਿੰਘ ਚੀਮਾ ਨੇ ਪਿੰਡਾਂ ਵਿਚ ਬਣ ਰਹੇ ਨੀਲੇ ਕਾਰਡਾਂ ਦੀ ਜਾਂਚ ਕਰਵਾ ਕੇ ਸਹੀ ਲਾਭਪਾਤਰੀਆਂ ਨੂੰ ਹੀ ਇਨਾਂ ਦੇ ਘੇਰੇ ਵਿਚ ਲਿਆਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨਾਂ ਲਾਕਡਾਊਨ ਦੌਰਾਨ ਮਜ਼ਦੂਰਾਂ ਦੀਆਂ ਸਮੱਸਿਆਵਾਂ ਸਬੰਧੀ ਵੀ ਚਰਚਾ ਕੀਤੀ।

ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੁਲਤਾਨਪੁਰ ਲੋਧੀ ਹਲਕੇ ਵਿਚ 300 ਤੋਂ ਵੱਧ ਪਿੰਡ ਹਨ। ਇਸ ਲਈ ਇਸ ਦਿਹਾਤੀ ਹਲਕੇ ਨੂੰ ਸਰਕਾਰ ਵੱਲੋਂ ਜੋ 24 ਕਰੋਡ਼ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ, ਉਸ ਵਿਚੋਂ ਕੁਝ ਰਾਸ਼ੀ ਹਾਲੇ ਬਕਾਇਆ ਹੈ। ਉਨਾਂ ਮੁੱਖ ਮੰਤਰੀ ਨੂੰ ਬਕਾਇਆ ਰਾਸ਼ੀ ਜਲਦ ਜਾਰੀ ਕਰਨ ਅਪੀਲ ਕੀਤੀ, ਤਾਂ ਜੋ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲੀ ਜਾ ਸਕਦੇ।ਇਸ ਦੇ ਨਾਲ ਹੀ ਚੀਮਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ 8 ਮਈ ਤੋਂ ਬਾਅਦ ਪੰਜਾਬ ਦੀਆਂ ਮੰਡੀਆਂ ਤੋਂ ਜਿਹਡ਼ੀ ਕਣਕ ਦੀ ਖ਼ਰੀਦ ਕੀਤੀ ਹੈ, ਉਸ ਉੱਤੇ ਤੈਅਸ਼ੁਦਾ ਰਾਸ਼ੀ 1925 ਰੁਪਏ ਵਿਚੋਂ 4.81 ਰੁਪਏ ਪ੍ਰਤੀ ਕੁਇੰਟਲ ਘੱਟ ਦਿੱਤੇ ਗਏ ਹਨ, ਜੋ ਕਿ ਪੰਜਾਬ ਦੇ ਕਿਸਾਨਾਂ ਨਾਲ ਅਨਿਆਂ ਹੈ। ਉਨਾਂ ਮੁੱਖ ਮੰਤਰੀ ਨੂੰ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ। ਇਸ ’ਤੇ ਮੁੱਖ ਮੰਤਰੀ ਨੇ ਤੁਰੰਤ ਆਪਣੇ ਦਫ਼ਤਰ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਵਾ ਕੇ ਜਲਦ ਰਿਪੋਰਟ ਦੇਣ ਲਈ ਕਿਹਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਮਾ ਦੇ ਸਾਰੇ ਸੁਝਾਵਾਂ ’ਤੇ ਅਹਿਮ ਨੋਟਿਸ ਲੈਂਦਿਆਂ ਆਪਣੇ ਦਫ਼ਤਰ ਦੇ ਅਧਿਕਾਰੀਆਂ ਨੂੰ ਉਸ ’ਤੇ ਜਲਦ ਕੰਮ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨਾਂ ਚੀਮਾ ਨੂੰ ਕਿਹਾ ਕਿ ਉਹ ਇਕ ਵਿਸਥਾਰਤ ਰਿਪੋਰਟ ਲੈ ਕੇ ਉਨਾਂ ਨਾਲ ਜਲਦ ਮੀਟਿੰਗ ਕਰਨ, ਤਾਂ ਜੋ ਖੇਤਰ ਵਿਚ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਪੂਰੀ ਤਰਾਂ ਨਾਲ ਕਾਰਜਸ਼ੀਲ ਕੀਤਾ ਜਾ ਸਕੇ। ਇਸ ਦੌਰਾਨ ਮੁੱਖ ਮੰਤਰੀ ਦਫ਼ਤਰ ਵੱਲੋਂ ਦੱਸਿਆ ਗਿਆ ਕਿ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਲਈ 21 ਕਰੋਡ਼ ਰੁਪਏ ਜਾਰੀ ਹੋ ਚੁੱਕੇ ਹਨ। ਇਸੇ ਤਰਾਂ ‘ਪਿੰਡ ਬਾਬੇ ਨਾਨਕ ਦਾ’ ਦੀ ਉਸਾਰੀ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।


Bharat Thapa

Content Editor

Related News