ਸਰਕਾਰ ਤੇ ਵਿਭਾਗ ਦੀ ਅਣਗਹਿਲੀ ਕਾਰਨ ਬੰਦ ਪਿਆ ਪਸ਼ੂ ਹਸਪਤਾਲ ਬਣਿਆ ਖੰਡਰ
Saturday, Sep 03, 2022 - 01:33 PM (IST)

ਗੜ੍ਹਦੀਵਾਲਾ (ਮੁਨਿੰਦਰ)-ਪਸ਼ੂਆਂ ’ਚ ਤੇਜ਼ੀ ਨਾਲ ਫੈਲ ਰਹੀ ਲੰਪੀ ਸਕਿਨ ਬੀਮਾਰੀ ਨਾਲ ਜਿੱਥੇ ਪਸ਼ੂਪਾਲਕ ਪਰੇਸ਼ਾਨੀ ’ਚ ਹਨ, ਉਥੇ ਹੀ ਇਨ੍ਹਾਂ ਹਾਲਾਤ ’ਚ ਇਸ ਬੀਮਾਰੀ ਤੋਂ ਪਸ਼ੂਆਂ ਨੂੰ ਨਿਜਾਤ ਦਿਵਾਉਣ ਲਈ ਕਸਬੇ ’ਚ ਬਣਾਇਆ ਪਸ਼ੂ ਹਸਪਤਾਲ ਕਿਸੇ ਸ਼ਰਾਪ ਤੋਂ ਘੱਟ ਨਹੀਂ ਹੈ। ਵੱਖ-ਵੱਖ ਸਰਕਾਰਾਂ ਅਤੇ ਸਬੰਧਿਤ ਮਹਿਕਮੇ ਦੀ ਅਣਦੇਖੀ ਕਾਰਨ ਇਹ ਹਸਪਤਾਲ ਕਰੀਬ ਤਿੰਨ ਸਾਲਾਂ ਤੋਂ ਬੰਦ ਪਿਆ ਹੈ, ਜੋ ਇਕ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਾਬ ਦਾ ਠੇਕਾ ਖੋਲ੍ਹਣ 'ਤੇ ਪਿੰਡ ਦੀਆਂ ਔਰਤਾਂ ਨੇ ਬੋਲਿਆ ਹੱਲਾ, ਚੋਅ 'ਚ ਸੁੱਟਿਆ ਖੋਖਾ
ਇਸ ਇਲਾਕੇ ਦੇ ਸੈਂਕੜੇ ਪਿੰਡਾਂ ਦੇ ਪਸ਼ੂ ਪਾਲਕਾਂ ਨੂੰ ਸਹੂਲਤਾਂ ਦੇਣ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਬਣੇ ਇਸ ਹਸਪਤਾਲ ਦੀ ਇਮਾਰਤ ਘਾਹ-ਫੂਸ ਦੀਆਂ ਵੱਡੀਆਂ-ਵੱਡੀਆਂ ਝਾੜੀਆਂ ਕਾਰਨ ਜੰਗਲ ਦਾ ਰੂਪ ਧਾਰਨ ਕਰ ਚੁੱਕੀ ਹੈ। ਮੌਜੂਦਾ ਸਮੇਂ ਵਿਚ ਪਸ਼ੂਆਂ ਵਿਚ ਫੈਲੀ ਲੰਪੀ ਸਕਿਨ ਬੀਮਾਰੀ ਤੋਂ ਛੁਟਕਾਰਾ ਦਿਵਾਉਣ ਲਈ ਇਹ ਹਸਪਤਾਲ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋਣਾ ਚਾਹੀਦਾ ਸੀ, ਉਹ ਪਸ਼ੂ ਪਾਲਕਾਂ ਲਈ ਇਕ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਅਜਿਹੇ ਹਾਲਾਤ ਵਿਚ ਪਸ਼ੂਆਂ ’ਚ ਤੇਜ਼ੀ ਨਾਲ ਫੈਲ ਰਹੀ ਲੰਪੀ ਸਕਿਨ ਦੀ ਬੀਮਾਰੀ ਨੂੰ ਕਿਵੇਂ ਹਰਾਇਆ ਜਾਵੇਗਾ, ਇਹ ਇਕ ਵੱਡਾ ਸਵਾਲ ਲੋਕਾਂ ਦੀ ਜ਼ੁਬਾਨ ਅਤੇ ਸਰਕਾਰ ਅਤੇ ਸਬੰਧਤ ਵਿਭਾਗ ਦੀ ਕਾਰਗੁਜ਼ਾਰੀ ਨੂੰ ਲੈ ਕੇ ਉੱਠ ਰਿਹਾ ਹੈ।
ਲੋਕਾਂ ਵੱਲੋਂ ਇਸ ਹਸਪਤਾਲ ਨੂੰ ਪੱਕੇ ਤੌਰ ’ਤੇ ਖੋਲ੍ਹਣ ਲਈ ਸਰਕਾਰ ਨੂੰ ਅਪੀਲ
ਪਿਛਲੇ 3 ਸਾਲਾਂ ਤੋਂ ਬੰਦ ਪਏ ਇਸ ਹਸਪਤਾਲ ਨੂੰ ਖੋਲ੍ਹਣ ਲਈ ਪਸ਼ੂ ਪਾਲਕਾਂ ਨੇ ਸਰਕਾਰ ਨੂੰ ਫ਼ਰਿਆਦ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਲਾਕਾ ਵੱਡਾ ਹੋਣ ਕਾਰਨ ਇੱਥੇ ਪੱਕੇ ਤੌਰ ’ਤੇ ਡਾਕਟਰ ਤਾਇਨਾਤ ਕੀਤਾ ਜਾਵੇ। ਇਸ ਤੋਂ ਇਲਾਵਾ ਇਸ ਹਸਪਤਾਲ ਵਿਚ ਪਸ਼ੂਆਂ ਦੀਆਂ ਬੀਮਾਰੀਆਂ ਸਬੰਧੀ ਹਰੇਕ ਤਰ੍ਹਾਂ ਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਆਮ ਦਿਨਾਂ ਵਿਚ ਵੀ ਜੇਕਰ ਕਿਸੇ ਦਾ ਪਸ਼ੂ ਬੀਮਾਰ ਹੁੰਦਾ ਹੈ ਤਾਂ ਉਸ ਦੇ ਇਲਾਜ ਲਈ ਲੋਕਾਂ ਨੂੰ ਇਧਰ-ਉਧਰ ਭਟਕਣਾ ਨਾ ਪਵੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਵੱਲ ਤੁਰੰਤ ਧਿਆਨ ਦੇਵੇ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਆਇਆ ਨਵਾਂ ਮੋੜ, ਕਬੱਡੀ ਫੈੱਡਰੇਸ਼ਨਾਂ ਦੇ ਮਾਲਕ ਨਾਮਜ਼ਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ