‘ਚਿੱਟਾ ਹਾਥੀ’ ਸਾਬਿਤ ਹੋ ਰਿਹੈ ਸਬ ਡਵੀਜ਼ਨ ਹਸਪਤਾਲ ਦਾ ਜਨਰੇਟਰ

06/17/2019 4:53:35 AM

ਭੁਲੱਥ, (ਰਜਿੰਦਰ)- ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਭੁਲੱਥ ਵਿਚ ਬਣਿਆ ਸਬ ਡਵੀਜ਼ਨ ਹਸਪਤਾਲ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਇਸ ਵਾਰ ਚਰਚਾ ਵਿਚ ਆਉਣ ਦਾ ਕਾਰਨ ਬਣ ਰਿਹਾ ਹੈ, ਇਥੇ ਪਾਵਰ ਕੱਟ ਲੱਗਣ ਦੌਰਾਨ ਬਿਜਲੀ ਸਪਲਾਈ ਦੇਣ ਲਈ ਰੱਖਿਆ ਗਿਆ ਜਨਰੇਟਰ।

ਦੱਸਣਯੋਗ ਹੈ ਕਿ ਮਹਿੰਗੇ ਮੁੱਲ ਦਾ ਹਸਪਤਾਲ ਵਿਚ ਪਿਆ ਇਹ ਜਨਰੇਟਰ ‘ਚਿੱਟਾ ਹਾਥੀ’ ਸਾਬਿਤ ਹੋ ਰਿਹਾ ਹੈ, ਕਿਉਂਕਿ ਕਦੇ ਤਾਂ ਇਹ ਚਲਾਇਆ ਜਾਂਦਾ ਹੈ ਤੇ ਕਦੇ ਇਸ ਦੇ ਨਾ ਚਲਾਏ ਜਾਣ ਕਾਰਨ ਇਥੇ ਐਮਰਜੈਂਸੀ ਵਿਭਾਗ ਵਿਚ ਦਾਖਲ ਮਰੀਜ਼ਾਂ ਤੇ ਮੌਜੂਦਾ ਡਿਊਟੀ ਸਟਾਫ ਨੂੰ ਵੀ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੀਤੇ ਕਲ ਸ਼ਨੀਵਾਰ ਵਾਲੇ ਦਿਨ ਵੀ ਇਥੇ ਕੁਝ ਅਜਿਹਾ ਹੀ ਹੋਇਆ।

ਸ਼ਨਵੀਰ ਨੂੰ ਦੁਪਹਿਰ ਬਾਅਦ ਤੋਂ ਮੌਸਮ ਅਚਨਚੇਤ ਖਰਾਬ ਹੋ ਗਿਆ ਤੇ ਤੇਜ਼ ਹਨੇਰੀ-ਤੂਫਾਨ ਸ਼ੁਰੂ ਹੋ ਗਿਆ। ਜਿਸ ਕਾਰਨ ਕਰੀਬ 3.55 ਵਜੇ ਸ਼ਹਿਰ ਵਿਚ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਤੇ ਇਸ ਤੋਂ ਬਾਅਦ ਇਹ ਪਾਵਰ ਕੱਟ ਘੰਟਿਆ ਬੱਧੀ ਲੱਗਾ ਰਿਹਾ। ਇਸੇ ਦਰਮਿਆਨ ਜਗ ਬਾਣੀ ਦੀ ਟੀਮ ਵਲੋਂ ਰਾਤ ਪੈਂਦਿਆਂ ਹੀ ਸਬ ਡਵੀਜ਼ਨ ਹਸਪਤਾਲ ਭੁਲੱਥ ਦਾ ਦੌਰਾ ਕੀਤਾ ਗਿਆ। ਜਿਸ ਦੌਰਾਨ ਵੇਖਿਆ ਗਿਆ ਕਿ ਹਸਪਤਾਲ ’ਚ ਬਿਜਲੀ ਹਨੇਰਾ ਛਾਇਆ ਪਿਆ ਸੀ ਤੇ ਲੋਕ ਮੋਬਾਈਲਾਂ ਦੀਆਂ ਟਾਰਚਾਂ ਜਗਾ ਕੇ ਹਸਪਤਾਲ ਕੰਪਲੈਕਸ ਵਿਚ ਖਡ਼੍ਹੇ ਸਨ, ਜੋ ਬੀਮਾਰ ਮਰੀਜ਼ ਸਨ, ਉਹ ਕੰਪਲੈਕਸ ਦੇ ਵਿਹਡ਼ੇ ਵਿਚ ਬੈਠੇ ਸਨ। ਮੌਕੇ ’ਤੇ ਐਮਰਜੈਂਸੀ ਮੈਡੀਕਲ ਅਫਸਰ ਆਪਣੇ ਦਫਤਰ ਵਿਚ ਹਨੇਰੇ ਵਿਚ ਹੀ ਬੈਠੇ ਹੋਏ ਸਨ।

ਇਸੇ ਦਰਮਿਆਨ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਾਮ ਦਾ ਬਿਜਲੀ ਕੱਟ ਲੱਗਾ ਹੋਇਆ ਹੈ ਤੇ ਵਾਰਡ ਵਿਚ ਬਹੁਤ ਜ਼ਿਆਦਾ ਗਰਮੀ ਹੋਣ ਕਾਰਨ ਅਸੀਂ ਬਾਹਰ ਵਿਹਡ਼ੇ ਵਿਚ ਆ ਕੇ ਬੈਠ ਗਏ ਹਾਂ।

ਦੂਜੇ ਪਾਸੇ ਹਸਪਤਾਲ ਵਿਚ ਘੰਟਿਆਂ ਬੱਧੀ ਬਿਜਲੀ ਕੱਟ ਦੇ ਚਲਦਿਆਂ ਜਨਰੇਟਰ ਚਲਾਉਣ ਦੀ ਡਿਊਟੀ ਵਾਲਾ ਨੌਜਵਾਨ ਰਾਤ ਕਰੀਬ ਸਾਢੇ 8 ਵਜੇ ਇਥੇ ਪਹੁੰਚਿਆ ਤੇ ਉਸ ਨੇ ਜਨਰੇਟਰ ਚਲਾਇਆ। ਜਿਸ ਤੋਂ ਬਾਅਦ ਹਸਪਤਾਲ ਵਿਚ ਬਿਜਲੀ ਸਪਲਾਈ ਚਾਲੂ ਹੋਈ।

ਬਦਬੂ ਤੋਂ ਹਾਂ ਪ੍ਰੇਸ਼ਾਨ ਕਿਹਾ ਮਰੀਜ਼ਾਂ ਨੇ

ਮਰੀਜ਼ਾਂ ਨੇ ਇਹ ਵੀ ਦੱਸਿਆ ਕਿ ਹਸਪਤਾਲ ਦੇ ਐਮਰਜੈਂਸੀ ਵਿਚ ਮਰੀਜ਼ਾਂ ਲਈ ਬਣੇ ਬਾਥਰੂਮਾਂ ਵਿਚ ਪਾਣੀ ਸਪਲਾਈ ਵੀ ਸਹੀ ਤਰੀਕੇ ਨਾਲ ਨਹੀਂ ਮਿਲ ਰਹੀ। ਜਿਸ ਕਾਰਨ ਇਥੇ ਬਦਬੂ ਬਹੁਤ ਜ਼ਿਆਦਾ ਆ ਰਹੀ ਹੈ ਤੇ ਐਮਰਜੈਂਸੀ ਵਾਰਡ ਵਿਚ ਬੈਠਣਾ ਵੀ ਔਖਾ ਹੋਇਆ ਪਿਆ ਹੈ। ਸਾਡੀ ਹਸਪਤਾਲ ਪ੍ਰਸ਼ਾਸਨ ਤੋਂ ਮੰਗ ਹੈ ਕਿ ਐਮਰਜੈਂਸੀ ਦੇ ਬਾਥਰੂਮਾਂ ਵੱਲ ਧਿਆਨ ਦਿੱਤਾ ਜਾਵੇ ਤੇ ਇਥੇ ਪਾਣੀ ਦੀ ਨਿਰੰਤਰ ਸਪਲਾਈ ਮੁਹੱਈਆ ਕਰਵਾਈ ਜਾਵੇ।

ਕੀ ਕਹਿਣੈ ਐਮਰਜੈਂਸੀ ਮੈਡੀਕਲ ਅਫਸਰ ਦਾ

ਇਸ ਸਬੰਧੀ ਜਦੋਂ ਹਸਪਤਾਲ ਵਿਚ ਮੌਕੇ ਦੇ ਐਮਰਜੈਂਸੀ ਮੈਡੀਕਲ ਅਫਸਰ ਡਾ. ਗੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਕੱਟ ਲੱਗਣ ਤੋਂ ਬਾਅਦ ਹਸਪਤਾਲ ਵਿਚ ਹਨੇਰਾ ਹੋਣ ਅਤੇ ਜਨਰੇਟਰ ਨਾ ਚੱਲਣ ਦਾ ਮਾਮਲਾ ਹਸਪਤਾਲ ਦੇ ਐੱਸ. ਐੱਮ. ਓ. ਡਾ. ਤਰਸੇਮ ਸਿੰਘ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ।

ਹੌਟ ਲਾਈਨ ਤੋਂ ਸੱਖਣਾ ਹੈ ਹਸਪਤਾਲ

ਭੁਲੱਥ ਸ਼ਹਿਰ ਵਿਚ ਕਰੋਡ਼ਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸਬ ਡਵੀਜ਼ਨ ਹਸਪਤਾਲ ਬਿਜਲੀ ਦੀ ਹੌਟ ਲਾਈਨ ਤੋਂ ਸੱਖਣਾ ਹੈ ਤੇ ਇਥੇ ਬਿਜਲੀ ਦੀ ਸਪਲਾਈ ਵਾਸਤੇ ਆਮ ਕੁਨੈਕਸ਼ਨ ਹੈ। ਜੋ ਸ਼ਹਿਰ ਦੀ ਬਿਜਲੀ ਸਪਲਾਈ ਨਾਲ ਜੁਡ਼ਿਆ ਹੋਇਆ ਹੈ। ਅਜਿਹੇ ਵਿਚ ਜਦੋਂ ਕਦੇ ਸ਼ਹਿਰ ਵਿਚ ਬਿਜਲੀ ਕੱਟ ਲੱਗਦਾ ਹੈ ਤਾਂ ਉਸ ਦੇ ਨਾਲ ਸਬ ਡਵੀਜ਼ਨ ਹਸਪਤਾਲ ਦੀ ਬਿਜਲੀ ਸਪਲਾਈ ਵੀ ਬੰਦ ਹੋ ਜਾਂਦੀ ਹੈ।

ਉੱਚ ਅਧਿਕਾਰੀਆਂ ਨੂੰ ਕੇਸ ਭੇਜਿਆ ਹੋਇਆ : ਐੱਸ. ਐੱਮ. ਓ.

ਇਸ ਸਬੰਧੀ ਜਦੋਂ ਸਬ ਡਵੀਜ਼ਨ ਹਸਪਤਾਲ ਭੁਲੱਥ ਦੇ ਐੱਸ. ਐੱਮ. ਓ. ਡਾ. ਤਰਸੇਮ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਸਿਆ ਕਿ ਹਸਪਤਾਲ ਵਿਚ ਬਿਜਲੀ ਦੀ ਨਿਰੰਤਰ ਸਪਲਾਈ ਚਲਦੀ ਰਹੇ। ਇਸ ਲਈ ਹੌਟ ਲਾਈਨ ਵਾਸਤੇ ਕੇਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ, ਜੋ ਹਾਲੇ ਤਕ ਮਨਜ਼ੂਰ ਹੋ ਕੇ ਨਹੀਂ ਆਇਆ।


Bharat Thapa

Content Editor

Related News