ਭਿਆਨਕ ਸੜਕ ਹਾਦਸੇ ’ਚ 2 ਵਿਅਕਤੀਆਂ ਦੀ ਮੌਤ

10/08/2019 11:41:59 PM

ਹੁਸ਼ਿਆਰਪੁਰ,(ਅਮਰਿੰਦਰ)- ਜਲੰਧਰ ਰੋਡ ’ਤੇ ਬੀਤੀ ਦੇਰ ਰਾਤ ਅਲਟੋ ਕਾਰ ਤੇ ਛੋਟਾ ਹਾਥੀ ਵਿਚ ਹੋਈ ਜ਼ਬਰਦਸਤ ਟੱਕਰ ’ਚ ਕਾਰ ਵਿਚ ਸਵਾਰ 5 ਲੋਕ ਗੰਭੀਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਨਿਜੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ, ਜਿੱਥੇ ਇਲਾਜ ਦੇ ਦੌਰਾਨ ਔਰਤ ਸਮੇਤ 2 ਲੋਕਾਂ ਦੀ ਮੌਤ ਹੋ ਗਈ। ਲਾਸ਼ਾਂ ਦੀ ਪਛਾਣ ਸਤਵਿੰਦਰ ਸਿੰਘ ਪੁੱਤਰ ਜੋਗਿੰਦਰ ਰਾਮ ਨਿਵਾਸੀ ਪਿੰਡ ਪੰਡੋਰੀ ਨਿੱਜਰਾਂ ਜ਼ਿਲਾ ਜਲੰਧਰ ਤੇ ਜੋਗਿੰਦਰ ਕੌਰ ਪਤਨੀ ਸੰਸਾਰ ਸਿੰਘ ਨਿਵਾਸੀ ਪਿੰਡ ਨਾਹਲ ਜ਼ਿਲਾ ਜਲੰਧਰ ਵਜੋਂ ਹੋਈ । ਜਾਣਕਾਰੀ ਅਨੁਸਾਰ ਅਲਟੋ ਕਾਰ ਸਵਾਰ ਸਾਰੇ ਲੋਕ ਨਸਰਾਲਾ ਸਥਿਤ ਇਕ ਮੈਰਿਜ ਪੈਲੇਸ ਵਿਚ ਵਿਆਹ ਸਮਾਰੋਹ ਵਿਚ ਭਾਗ ਲੈਣ ਆਏ ਸਨ।

ਸਿਵਲ ਹਸਪਤਾਲ ’ਚ ਮ੍ਰਿਤਕਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਜਲੰਧਰ ਜ਼ਿਲੇ ਦੇ ਆਦਮਪੁਰ ਕਸਬੇ ਦੇ ਨਾਲ ਲੱਗਦੇ ਪਿੰਡ ਪੰਡੋਰੀ ਨਿੱਜਰਾਂ ਤੋਂ ਸਾਰੇ ਲੋਕ ਨਸਰਾਲਾ ਵਿਚ ਵਿਆਹ ਸਮਾਰੋਹ ਵਿਚ ਭਾਗ ਲੈਣ ਆ ਰਹੇ ਸਨ। ਇਸ ਦੌਰਾਨ ਨਸਰਾਲਾ ਦੇ ਕੋਲ ਸਾਹਮਣੇ ਤੋਂ ਛੋਟੇ ਹਾਥੀ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖਚੇ ਉੱਡ ਗਏ। ਹਾਦਸੇ ਵਿਚ ਸਤਵਿੰਦਰ ਸਿੰਘ ਅਤੇ ਉਸਦੀ ਪਤਨੀ ਊਸ਼ਾ, ਜੋਗਿੰਦਰ ਕੌਰ ਦੇ ਇਲਾਵਾ 2 ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਹਾਲਤ ਹੁਣ ਵੀ ਗੰਭੀਰ ਬਣੀ ਹੋਈ ਹੈ ।

ਪੋਸਟਮਾਰਟਮ ਕਮਰੇ ਦੇ ਬਾਹਰ ਮ੍ਰਿਤਕਾਂ ਦੇ ਪਰਿਵਾਰਾਂ ਦੀ ਹਾਜ਼ਰੀ ਵਿਚ ਨਸਰਾਲਾ ਪੁਲਸ ਚੌਕੀ ਦੀ ਪੁਲਸ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਦੇ ਆਧਾਰ ’ਤੇ ਛੋਟਾ ਹਾਥੀ ਦੇ ਚਾਲਕ ਦੇ ਖ਼ਿਲਾਫ ਪੁਲਸ ਨੇ ਵੱਖ-ਵੱਖ ਧਾਰਾਵਾਂ ਦੇ ਅਧੀਨ ਕੇਸ ਦਰਜ ਕਰਕੇ ਪੋਸਟਮਾਰਟਮ ਦੇ ਬਾਅਦ ਲਾਸ਼ਾਂ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Bharat Thapa

Content Editor

Related News