ਸਵਿਫਟ ਕਾਰ ਦੀ ਲਪੇਟ ’ਚ ਆਉਣ ’ਤੇ 6 ਸਾਲਾ ਕੁੜੀ ਦੀ ਮੌਤ

02/03/2021 3:28:06 PM

ਨੂਰਪੁਰਬੇਦੀ (ਭੰਡਾਰੀ): ਪਿੰਡ ਮਾਣਕੂਮਾਜਰਾ ਲਾਗੇ ਇਕ ਸਵਿਫਟ ਕਾਰ ਦੀ ਦੀ ਲਪੇਟ ’ਚ ਆਉਣ ਨਾਲ ਇਕ 6 ਸਾਲਾ ਕੁੜੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਕੁੜੀ ਦੇ ਪਿਤਾ ਦਿਲਬਾਗ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਪਿੰਡ ਗੱਦੀਵਾਲ, ਥਾਣਾ ਨੂਰਪੁਰਬੇਦੀ ਨੇ ਦੱਸਿਆ ਕਿ ਉਸਦੀ 6 ਸਾਲਾ ਕੁੜੀ ਹਰਲੀਨ ਕੌਰ ਨਾਲ ਨਜ਼ਦੀਕੀ ਸਰਕਾਰੀ ਪ੍ਰਾਇਮਰੀ ਸਕੂਲ ਮਾਣਕੂਮਾਜਰਾ ਵਿਖੇ ਸਡ਼ਕ ਹਾਦਸਾ ਵਾਪਰਿਆ ਸੀ।

ਉਸ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਦੇਖਿਆ ਕਿ ਦੁਰਘਟਨਾ ਵਾਲੇ ਸਥਾਨ ’ਤੇ ਚਿੱਟੇ ਰੰਗ ਦੀ ਸਵਿਫਟ ਕਾਰ ਖਡ਼੍ਹੀ ਸੀ ਤੇ ਜਿਸਦੇ ਪਾਸ ਹੀ ਹਾਦਸੇ ਦਾ ਕਥਿਤ ਦੋਸ਼ੀ ਕਾਰ ਦਾ ਡਰਾਇਵਰ ਵੀ ਮੌਜੂਦ ਸੀ। ਉਹ ਤੁਰੰਤ ਹਾਦਸੇ ’ਚ ਜਖਮੀਂ ਹੋਈ ਅਾਪਣੀ ਕੁੜੀ ਹਰਲੀਨ ਕੌਰ ਨੂੰ ਇਲਾਜ ਲਈ ਚੁੱਕ ਕੇ ਨਜ਼ਦੀਕੀ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਲੈ ਕੇ ਗਿਆ। ਮਗਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਏ.ਐੱਸ.ਆਈ. ਮੇਹਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਅਾ ਕਿ ਕੁੜੀ ਦੇ ਪਿਤਾ ਦਿਲਬਾਗ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਗੱਦੀਵਾਲ ਦੇ ਬਿਆਨਾਂ ’ਤੇ ਕਾਰ ਨੂੰ ਕਬਜ਼ੇ ’ਚ ਲੈ ਕੇ ਦੋਸ਼ੀ ਕਾਰ ਚਾਲਕ ਜਿਸਦੀ ਪਛਾਣ ਅਮਰੀਕ ਸਿੰਘ ਪੁੱਤਰ ਭਾਗ ਸਿੰਘ ਨਿਵਾਸੀ ਪਿੰਡ ਕਲਹੇਡ਼ੀ, ਥਾਣਾ ਸਦਰ ਮੋਰਿੰਡਾ, ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਆਈ.ਪੀ.ਸੀ. ਦੀ ਧਾਰਾ 279 ਅਤੇ 304-ਏ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।


Shyna

Content Editor

Related News