ਨੋਟਬੰਦੀ, ਕਿਸਾਨ ਖੁਦਕੁਸ਼ੀਆਂ ਵਰਗੇ ਗੰਭੀਰ ਮਸਲਿਆਂ ''ਤੇ ਸੰਨੀ ਦਿਓਲ ਮੇਰੇ ਨਾਲ ਬਹਿਸ ਕਰਨ : ਜਾਖੜ
Saturday, Apr 27, 2019 - 06:33 PM (IST)
ਜਲੰਧਰ (ਧਵਨ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ 2002 ਤੋਂ 2017 ਤੱਕ 3 ਵਾਰ ਅਬੋਹਰ ਵਿਧਾਨ ਸਭਾ ਸੀਟ ਦੀ ਅਗਵਾਈ ਕਰਦੇ ਰਹੇ। 2012 ਤੋਂ 1017 ਤੱਕ ਉਹ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਹੇ, ਜਿਸ ਦੌਰਾਨ ਉਨ੍ਹਾਂ ਨੇ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਬੁਰੀ ਤਰ੍ਹਾਂ ਨਾਲ ਜਨ ਮਸਲਿਆਂ ਨੂੰ ਲੈ ਕੇ ਘੇਰਿਆ। 2017 'ਚ ਸੂਬਾ ਵਿਧਾਨ ਸਭਾ ਚੋਣਾਂ 'ਚ ਭਾਵੇਂ ਜਾਖੜ ਹਾਰ ਗਏ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੀ ਕਮਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਗੱਲ ਕਰਕੇ ਦਿਵਾਈ। ਉਸ ਦੇ ਬਾਅਦ ਫਿਲਮ ਅਦਾਕਾਰ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਗੁਰਦਾਸਪੁਰ ਲੋਕ ਸਭਾ ਸੀਟ ਖਾਲੀ ਹੋ ਗਈ। ਕਾਂਗਰਸ ਲੀਡਰਸ਼ਿੱਪ ਨੇ ਸੁਨੀਲ ਜਾਖੜ ਨੂੰ ਚੋਣ ਮੈਦਾਨ 'ਚ ਉਤਾਰਿਆ ਅਤੇ ਉਨ੍ਹਾਂ ਨੇ ਭਾਜਪਾ ਉਮੀਦਵਾਰ ਨੂੰ ਪੌਣੇ 2 ਲੱਖ ਤੋਂ ਵੀ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਹੁਣ ਉਨ੍ਹਾਂ ਦਾ ਮੁਕਾਬਲਾ ਚੋਣਾਂ 'ਚ ਫਿਲਮ ਅਦਾਕਾਰ ਅਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਨਾਲ ਹੈ। ਦੇਸ਼ ਦੀ ਸਿਆਸਤ ਅਤੇ ਗੁਰਦਾਸਪੁਰ ਦੇ ਮਸਲਿਆਂ ਨੂੰ ਲੈ ਕੇ ਜਾਖੜ ਨਾਲ ਵਿਸਤਾਰ ਨਾਲ ਗੱਲਬਾਤ ਹੋਈ, ਜਿਨ੍ਹਾਂ ਦੇ ਮੁੱਖ ਅੰਸ਼ ਹੇਠ ਲਿਖਤ ਹਨ :
ਸ. ਭਾਜਪਾ ਨੇ 'ਆਪ' ਦੇ ਮੁਕਾਬਲੇ ਫਿਲਮ ਅਦਾਕਾਰ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ। ਤੁਸੀਂ ਕੀ ਟਿੱਪਣੀ ਕਰਨਾ ਚਾਹੋਗੇ?
ਜ. ਮੈਂ ਸੰਨੀ ਦਿਓਲ ਨੂੰ ਗੁਰਦਾਸਪੁਰ ਦੇ ਚੋਣ ਮੈਦਾਨ 'ਚ ਆਉਣ 'ਤੇ ਸਵਾਗਤ ਕਰਦਾ ਹਾਂ। ਜਿਸ ਤਰ੍ਹਾਂ ਲੋਕਾਂ ਨੇ ਉਨ੍ਹਾਂ ਦੀਆਂ ਫਿਲਮਾਂ ਦੇਖੀਆਂ ਹਨ, ਉਸੇ ਤਰ੍ਹਾਂ ਸਿਆਸਤ 'ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਵਾਲ ਜਨਤਾ ਨੂੰ ਦੇਣੇ ਪੈਣਗੇ।
ਸ. ਤੁਸੀਂ ਸੰਨੀ ਦਿਓਲ ਤੋਂ ਕਿਹੜੇ ਸਵਾਲ ਪੁੱਛਣਾ ਚਾਹੁੰਦੇ ਹੋ?
ਜ. ਮੈਂ ਨਹੀਂ ਸਗੋਂ ਦੇਸ਼ ਅਤੇ ਪੰਜਾਬ ਦੀ ਜਨਤਾ ਸੰਨੀ ਦਿਓਲ ਨੂੰ ਮੋਦੀ ਸਰਕਾਰ ਦੀ ਕਾਰਗੁਜ਼ਾਰੀ, ਉਸ ਦਾ ਪੰਜਾਬ ਪ੍ਰਤੀ ਰਵੱਈਆ ਅਤੇ ਸਰਹੱਦੀ ਖੇਤਰਾਂ ਦੀ ਅਣਦੇਖੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੁੱਛੇਗੀ।
ਸ. ਤੁਸੀਂ ਵਿਸਤਾਰ ਨਾਲ ਇਨ੍ਹਾਂ ਸਵਾਲਾਂ ਬਾਰੇ ਦੱਸੋਗੇ?
ਜ. ਸਭ ਤੋਂ ਪਹਿਲਾਂ ਮੋਦੀ ਸਰਕਾਰ ਨੇ ਦੇਸ਼ 'ਚ ਬਿਨਾਂ ਸੋਚੇ-ਸਮਝੇ ਨੋਟਬੰਦੀ ਅਤੇ ਜੀ. ਐੱਸ. ਟੀ. ਨੂੰ ਲਾਗੂ ਕਰ ਦਿੱਤਾ। ਨੋਟਬੰਦੀ ਕਾਰਨ ਦੇਸ਼ 'ਚ ਆਰਥਿਕ ਵਿਕਾਸ ਰੁਕ ਗਿਆ। ਛੋਟੇ ਕਾਰਖਾਨੇ ਅਤੇ ਦੁਕਾਨਦਾਰ ਬਰਬਾਦ ਹੋ ਗਏ। ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੀਆਂ ਕੀਮਤਾਂ ਨਹੀਂ ਮਿਲੀਆਂ। ਨੋਟਬੰਦੀ ਦੇ ਬਾਅਦ ਲੋਕਾਂ ਨੂੰ ਆਪਣਾ ਪੈਸਾ ਬੈਂਕਾਂ ਤੋਂ ਕਢਵਾਉਣ ਲਈ ਬੈਂਕਾਂ ਦੀਆਂ ਲਾਈਨਾਂ 'ਚ ਖੜ੍ਹਾ ਹੋਣਾ ਪਿਆ। ਇਨ੍ਹਾਂ ਸਵਾਲਾਂ ਦੇ ਜਵਾਬ ਜਨਤਾ ਸੰਨੀ ਦਿਓਲ ਨੂੰ ਪੁੱਛੇਗੀ। ਸੰਨੀ ਦਿਓਲ ਕੀ ਦੱਸਣਗੇ ਕਿ ਮੋਦੀ ਸਰਕਾਰ ਦੇ ਨੋਟਬੰਦੀ ਅਤੇ ਜੀ. ਐੱਸ. ਟੀ. ਦੇ ਫੈਸਲੇ ਪੰਜਾਬ ਅਤੇ ਦੇਸ਼ ਦੇ ਹਿੱਤ 'ਚ ਸਨ। ਇਸੇ ਤਰ੍ਹਾਂ ਕਿਸਾਨਾਂ ਨੇ ਪਿਛਲੇ ਸਮੇਂ 'ਚ ਖੁਦਕੁਸ਼ੀਆਂ ਕੀਤੀਆਂ ਪਰ ਮੋਦੀ ਸਰਕਾਰ ਨੇ ਉਨ੍ਹਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ।
ਸ. ਭਾਜਪਾ ਨੇ ਆਖਿਰ ਸੰਨੀ ਦਿਓਲ ਨੂੰ ਹੀ ਚੋਣਾਂ ਦੀ ਜੰਗ 'ਚ ਤੁਹਾਡੇ ਮੁਕਾਬਲੇ ਕਿਉਂ ਉਤਾਰਿਆ ਹੈ?
ਜ. ਅਸਲ 'ਚ ਪਿਛਲੇ ਦੋ ਸਾਲਾਂ ਦੌਰਾਨ ਉਨ੍ਹਾਂ ਨੇ ਲੋਕ ਸਭਾ 'ਚ ਦੇਸ਼ ਦੀ ਸੁਰੱਖਿਆ, ਰੱਖਿਆ, ਕਿਸਾਨੀ ਮੁੱਦਿਆਂ, ਲੰਗਰ 'ਤੇ ਲਾਏ ਗਏ ਜੀ. ਐੱਸ. ਟੀ., ਨੋਟਬੰਦੀ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਸੰਸਦ 'ਚ ਪ੍ਰਦਰਸ਼ਨ ਕੀਤਾ। ਮੋਦੀ ਨੂੰ ਉਨ੍ਹਾਂ ਦੇ ਜਵਾਬ ਨਹੀਂ ਮਿਲੇ। ਪੰਜਾਬ ਦੇ ਚਾਰੇ ਕਾਂਗਰਸੀ ਸੰਸਦ ਮੈਂਬਰਾਂ ਨੇ ਮਿਲ ਕੇ ਮੋਦੀ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਿਆ, ਜਿਸ ਨਾਲ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਲੀਡਰਸ਼ਿੱਪ ਪ੍ਰੇਸ਼ਾਨ ਸੀ। ਇਸ ਲਈ ਉਨ੍ਹਾਂ ਨੇ ਫਿਲਮ ਅਦਾਕਾਰ ਸੰਨੀ ਦਿਓਲ ਨੂੰ ਚੋਣ ਮੈਦਾਨ 'ਚ ਉਤਾਰ ਕੇ ਸੁਨੀਲ ਜਾਖੜ ਦੀ ਆਵਾਜ਼ ਨੂੰ ਬੰਦ ਕਰਨ ਦੀ ਇਕ ਸਾਜ਼ਿਸ਼ ਰਚੀ ਹੈ ਪਰ ਇਹ ਸਾਜ਼ਿਸ਼ ਜਨਤਾ ਕਦੇ ਵੀ ਪੂਰੀ ਨਹੀਂ ਹੋਣ ਦੇਵੇਗੀ। ਜਨਤਾ ਜਾਗਰੂਕ ਹੈ। ਉਹ ਅਦਾਕਾਰ ਅਤੇ ਨੇਤਾ ਵਿਚਾਲੇ ਫਰਕ ਸਮਝਦੀ ਹੈ। ਮੇਰੀ ਸੰਸਦ ਮੈਂਬਰ ਦੇ ਤੌਰ 'ਤੇ ਪੂਰਾ ਰਿਕਾਰਡ ਗੁਰਦਾਸਪੁਰ ਦੀ ਜਨਤਾ ਦੇ ਸਾਹਮਣੇ ਹੈ।
ਸ. ਸੰਨੀ ਦਿਓਲ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ?
ਜ. ਸੰਨੀ ਦਿਓਲ ਸਬੰਧੀ ਉਹ ਇਹੋ ਕਹਿਣਗੇ ਕਿ ਉਹ ਦੇਸ਼ ਅਤੇ ਪੰਜਾਬ ਨਾਲ ਜੁੜੇ ਮਸਲਿਆਂ ਜਿਵੇਂ ਨੋਟਬੰਦੀ, ਜੀ. ਐੱਸ. ਟੀ., ਮੋਦੀ ਸਰਕਾਰ ਵੱਲੋਂ ਕੀਤੀ ਗਈ ਪੰਜਾਬ ਦੀ ਅਣਦੇਖੀ, ਸਰਹੱਦੀ ਖੇਤਰਾਂ ਨੂੰ ਕੋਈ ਉਦਯੋਗਿਕ ਪੈਕੇਜ ਨਾ ਦੇਣ ਆਦਿ ਦੇ ਮੁੱਦਿਆਂ ਨੂੰ ਲੈ ਕੇ ਜਨਤਕ ਤੌਰ 'ਤੇ ਬਹਿਸ ਕਰ ਲੈਣ। ਜਨਤਾ ਨੂੰ ਵੀ ਪਤਾ ਚੱਲਣਾ ਚਾਹੀਦਾ ਹੈ ਕਿ ਸੰਨੀ ਦਿਓਲ ਦੀ ਜਨਤਾ ਨਾਲ ਜੁੜੇ ਮਸਲਿਆਂ 'ਤੇ ਕੀ ਸਲਾਹ ਹੈ। ਉਹ ਸੰਨੀ ਦਿਓਲ ਨਾਲ ਖੁੱਲ੍ਹੀ ਬਹਿਸ ਕਰਨ ਲਈ ਤਿਆਰ ਹਨ।
ਸ. ਜੇਕਰ ਸੰਨੀ ਦਿਓਲ ਬਹਿਸ ਲਈ ਤਿਆਰ ਨਹੀਂ ਹੁੰਦੇ ਹਨ ਤਾਂ ਫਿਰ ਤੁਹਾਡੀ ਸਿਆਸਤ ਕੀ ਹੋਵੇਗੀ?
ਜ. ਮੇਰੀ ਰਣਨੀਤੀ ਨਹੀਂ ਸਗੋਂ ਅਜਿਹੀ ਸਥਿਤੀ 'ਚ ਜਨਤਾ ਖੁਦ ਹੀ ਸੰਨੀ ਦਿਓਲ ਨਾਲ ਪਿਛਲੇ 5 ਸਾਲਾਂ 'ਚ ਮੋਦੀ ਸਰਕਾਰ ਦੀਆਂ ਜਨਵਿਰੋਧੀ ਨੀਤੀਆਂ ਦਾ ਹਿਸਾਬ ਮੰਗਣਗੇ। ਜਨਤਾ ਨੂੰ ਹੁਣ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਹੈ। ਜਨਤਾ ਸਭ ਜਾਣਦੀ ਹੈ। ਮੋਦੀ ਸਰਕਾਰ ਦਾ ਫਿਲਮੀ ਸਿਤਾਰਿਆਂ ਨੂੰ ਚੋਣ ਮੈਦਾਨ 'ਚ ਉਤਾਰਨ ਦਾ ਦਾਅ ਉਲਟਾ ਪਵੇਗਾ।
ਸ. ਕੀ ਸੰਨੀ ਦਿਓਲ ਮੁੰਬਈ ਦੇ ਏ. ਸੀ. ਜੀਨ ਨੂੰ ਛੱਡ ਸਕਣਗੇ?
ਜ. ਮੁੰਬਈ ਦਾ ਏ. ਸੀ. ਕਮਰਿਆਂ 'ਚ ਰਹਿਣ ਦਾ ਜੀਵਨ ਬਹੁਤ ਆਰਾਮਦਾਇਕ ਹੈ ਜਦਕਿ ਸਿਆਸਤ 'ਚ ਆ ਕੇ ਪਿੰਡਾਂ ਅਤੇ ਸ਼ਹਿਰਾਂ 'ਚ ਲੋਕਾਂ ਵਿਚਾਲੇ ਗਰਮੀ 'ਚ ਜਾਣਾ ਪੈਂਦਾ ਹੈ। ਸੰਨੀ ਦਿਓਲ ਇਸ ਦੇ ਆਦੀ ਨਹੀਂ ਹਨ। ਉਨ੍ਹਾਂ ਨੂੰ ਵਾਰ-ਵਾਰ ਪਾਣੀ ਦੀ ਲੋੜ ਪਵੇਗੀ, ਜੋ ਕਾਂਗਰਸ ਉਨ੍ਹਾਂ ਨੂੰ ਮੁਹੱਈਆ ਕਰਵਾਉਣ ਲਈ ਤਿਆਰ ਹੈ। ਸੰਨੀ ਦੀ ਸਿਹਤ ਦਾ ਅਸੀਂ ਪੂਰਾ ਧਿਆਨ ਰੱਖਣਾ ਚਾਹਾਂਗੇ।
ਸ. ਗੁਰਦਾਸਪੁਰ 'ਚ ਰਾਸ਼ਟਰਵਾਦ ਦਾ ਮੁੱਦਾ ਕਿੰਨਾ ਹਾਵੀ ਰਹੇਗਾ?
ਜ. ਇਹ ਇਕ ਮਹੱਤਵਪੂਰਨ ਸਵਾਲ ਹੈ ਕਿਉਂਕਿ ਗੁਰਦਾਸਪੁਰ ਇਕ ਸਰਹੱਦੀ ਜ਼ਿਲਾ ਹੈ, ਜਿੱਥੇ ਰਹਿਣ ਵਾਲੇ ਲੋਕਾਂ ਨੂੰ ਹਮੇਸ਼ਾ ਪਾਕਿਸਤਾਨ ਦੀਆਂ ਜੰਗਾਂ ਜਾਂ ਅਸਿੱਧੇ ਯੁੱਧ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ 'ਤੇ ਸਮੇਂ-ਸਮੇਂ 'ਤੇ ਅੱਤਵਾਦੀ ਹਮਲੇ ਹੋਏ। ਪਠਾਨਕੋਟ ਹਵਾਈ ਫੌਜ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਪਰ ਮੋਦੀ ਸਰਕਾਰ ਨੇ ਆਈ. ਐੱਸ. ਆਈ. ਦੇ ਅਧਿਕਾਰੀਆਂ ਨੂੰ ਦੌਰਾ ਕਰਨ ਲਈ ਬੁਲਾ ਲਿਆ। ਇਸੇ ਤਰ੍ਹਾਂ ਜਦੋਂ ਵੀ ਜੰਗ ਦਾ ਮਾਹੌਲ ਪੈਦਾ ਹੁੰਦਾ ਹੈ ਤਾਂ ਗੁਰਦਾਸਪੁਰ ਤੇ ਆਸ-ਪਾਸ ਦੇ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ। ਪੰਜਾਬ ਦੇ ਗੁਰਦਾਸਪੁਰ ਜ਼ਿਲੇ ਨਾਲ ਸਬੰਧ ਰੱਖਦੇ ਕਈ ਜਵਾਨਾਂ ਨੇ ਜੰਮੂ-ਕਸ਼ਮੀਰ 'ਚ ਆਪਣੀਆਂ ਸ਼ਹੀਦੀਆਂ ਦਿੱਤੀਆਂ।
ਸ. ਪੰਜਾਬ 'ਚ ਕਿਹੜੇ ਚੋਣ ਮੁੱਦੇ ਹਾਵੀ ਰਹਿਣ ਵਾਲੇ ਹਨ?
ਜ. ਸਭ ਤੋਂ ਵੱਡਾ ਚੋਣ ਮੁੱਦਾ ਕੇਂਦਰ 'ਚ ਮੋਦੀ ਸਰਕਾਰ ਨੂੰ ਸੱਤਾ ਤੋਂ ਹਟਾਉਣਾ ਹੈ। ਮੋਦੀ ਸਰਕਾਰ ਦੇ ਕਾਰਜਕਾਲ 'ਚ ਦੇਸ਼ ਹਰ ਪੱਖ ਤੋਂ ਪੱਛੜ ਗਿਆ। ਪੰਜਾਬ ਕਾਂਗਰਸ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਿਸ਼ਨ-14 ਦੇ ਸੰਕਲਪ ਨੂੰ ਲੈ ਕੇ ਅੱਗੇ ਵੱਧ ਰਹੇ ਹਨ। ਮੈਨੂੰ ਉਮੀਦ ਹੈ ਕਿ ਪੰਜਾਬ ਦੀ ਜਨਤਾ ਕਾਂਗਰਸ ਨੂੰ ਮਜ਼ਬੂਤੀ ਦੇਵੇਗੀ ਅਤੇ ਕੇਂਦਰ 'ਚ ਮੋਦੀ ਸਰਕਾਰ ਨੂੰ ਹਟਾਉਣ 'ਚ ਮਦਦ ਕਰੇਗੀ।
ਸ. ਅਕਾਲੀ ਦਲ ਦੀ ਸਿਆਸੀ ਹਾਲਤ ਕਿਹੋ ਜਿਹੀ ਰਹਿਣ ਵਾਲੀ ਹੈ?
ਜ. ਅਕਾਲੀ ਦਲ ਨੂੰ ਜਨਤਾ ਮੁਆਫ ਕਰਨ ਵਾਲੀ ਨਹੀਂ ਹੈ ਕਿਉਂਕਿ ਉਨ੍ਹਾਂ ਦੇ 10 ਸਾਲਾਂ ਦੇ ਸ਼ਾਸਨਕਾਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ, ਭਗਵਤ ਗੀਤਾ, ਕੁਰਾਨ ਸ਼ਰੀਫ ਆਦਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਪੰਜਾਬ ਦੇ ਲੋਕ ਹੁਣ ਅਕਾਲੀ ਦਲ ਦੀਆਂ ਸਮਾਜ ਨੂੰ ਵੰਡਣ ਦੀਆਂ ਨੀਤੀਆਂ ਨੂੰ ਸਵੀਕਾਰ ਨਹੀਂ ਕਰਨਗੇ।
ਸ. ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦੇ ਮੁੱਖ ਮੈਂਬਰ ਕੁੰਵਰ ਵਿਜੇ ਪ੍ਰਤਾਪ ਨੂੰ ਅਕਾਲੀ ਦਲ ਨੇ ਸ਼ਿਕਾਇਤ ਕਰਕੇ ਤਬਦੀਲ ਕਰਵਾ ਦਿੱਤਾ ਹੈ।
ਜ. ਕੁੰਵਰ ਵਿਜੇ ਪ੍ਰਤਾਪ ਦੇ ਮਾਮਲੇ 'ਚ ਚੋਣ ਕਮਿਸ਼ਨ ਦਾ ਫੈਸਲਾ ਪੱਖਪਾਤ ਵਾਲਾ ਸੀ। ਸਿੱਖ ਫਿਰਕੇ ਅੰਦਰ ਅਕਾਲੀ ਦਲ ਖਿਲਾਫ ਭਾਰੀ ਰੋਸ ਹੈ।
ਸ. ਸਰਹੱਦੀ ਖੇਤਰਾਂ ਜਿਵੇਂ ਗੁਰਦਾਸਪੁਰ ਲਈ ਮੋਦੀ ਸਰਕਾਰ ਦਾ ਕੀ ਰਵੱਈਆ ਰਿਹਾ?
ਜ. ਅਸਲ 'ਚ ਮੋਦੀ ਸਰਕਾਰ ਨੇ ਗੁਰਦਾਸਪੁਰ ਵਰਗੇ ਸਰਹੱਦੀ ਜ਼ਿਲਿਆਂ ਨੂੰ ਕੋਈ ਉਦਯੋਗਿਕ ਪੈਕੇਜ ਨਹੀਂ ਦਿੱਤਾ। ਪੰਜਾਬ ਦੇ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਆਦਿ ਨੂੰ ਤਾਂ ਵਿਸ਼ੇਸ਼ ਉਦਯੋਗਿਕ ਪੈਕੇਜ ਦਿੱਤੇ ਗਏ ਪਰ ਪੰਜਾਬ ਦੀ ਪੂਰੀ ਤਰ੍ਹਾਂ ਨਾਲ ਅਣਦੇਖੀ ਕਰ ਦਿੱਤੀ ਗਈ।